
ਕੁਲਤਾਰ ਸਿੰਘ ਸੰਧਵਾਂ ਦੇ ਤੂਫ਼ਾਨੀ ਦੌਰਿਆਂ ਦੌਰਾਨ ਸੈਂਕੜੇ ਪ੍ਰਵਾਰਾਂ ਦੀ 'ਆਪ' ਵਿਚ ਸ਼ਮੂਲੀਅਤ
ਕੋਟਕਪੂਰਾ, 30 ਜਨਵਰੀ (ਗੁਰਮੀਤ ਸਿੰਘ ਮੀਤਾ) : ਆਮ ਆਦਮੀ ਪਾਰਟੀ ਕਿਸਾਨ ਵਿੰਗ ਪੰਜਾਬ ਦੇ ਸੂਬਾਈ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਉਮੀਦਵਾਰ ਕੁਲਤਾਰ ਸਿੰਘ ਸੰਧਵਾਂ ਦੇ ਤੂਫਾਨੀ ਦੌਰਿਆਂ ਦੌਰਾਨ ਵੱਖ ਵੱਖ ਪਿੰਡਾਂ ਵਿੱਚ ਲੱਡੂਆਂ ਨਾਲ ਤੋਲ ਕੇ ਹਰ ਤਰਾਂ ਦੇ ਸਮਰਥਨ ਦਾ ਲੋਕਾਂ ਨੇ ਭਰੋਸਾ ਦਿਵਾਇਆ |
ਪਾਰਟੀ ਦੇ ਮੀਡੀਆ ਇੰਚਾਰਜ ਬੱਬੂ ਸਿੰਘ ਸਿੱਖਾਂਵਾਲਾ ਅਤੇ ਜਿਲਾ ਪ੍ਰਧਾਨ ਸੁਖਜੀਤ ਸਿੰਘ ਢਿੱਲਵਾਂ ਮੁਤਾਬਿਕ ਪਿੰਡ ਸੰਧਵਾਂ ਅਤੇ ਸ਼ੇਰੇ-ਏ-ਪੰਜਾਬ ਨਗਰ, ਕੋਟਕਪੂਰਾ ਦੇ ਵਸਨੀਕਾਂ ਨੇ ਕੁਲਤਾਰ ਸਿੰਘ ਸੰਧਵਾਂ ਨੂੰ ਲੱਡੂਆਂ ਨਾਲ ਤੋਲਿਆ ਜਦਕਿ ਤੂਫਾਨੀ ਦੌਰਿਆਂ ਦੌਰਾਨ ਪਿੰਡ ਸੰਧਵਾਂ ਅਤੇ ਸ਼ੇਰੇ ਏ ਪੰਜਾਬ ਨਗਰ ਕੋਟਕਪੂਰਾ ਸਮੇਤ ਕੋਠੇ ਵੜਿੰਗ, ਭੈਰੋਂਭੱਟੀ, ਵਾੜਾਦਰਾਕਾ, ਨਵਾਂ ਨੱਥੇਵਾਲਾ ਆਦਿਕ ਦਰਜਨ ਦੇ ਕਰੀਬ ਪਿੰਡਾਂ ਵਿੱਚ ਵੱਖ ਵੱਖ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰਦਿਆਂ ਸੈਂਕੜੇ ਪਰਿਵਾਰਾਂ ਨੇ ਮੰਨਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਰਵਾਇਤੀ ਪਾਰਟੀਆਂ ਦੇ ਜਿਹੜੇ ਜਿਹੜੇ ਉਮੀਦਵਾਰ ਦੀ ਚੋਣ ਕਰਦੇ ਰਹੇ ਹਨ ਅਤੇ ਜੋ ਜੋ ਸਰਕਾਰਾਂ ਹੋਂਦ ਵਿੱਚ ਆਉਂਦੀਆਂ ਰਹੀਆਂ ਹਨ, ਉਨਾ ਨੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ | ਕਿਉਂਕਿ ਸਾਡਾ ਅਣਖੀਲਾ ਗੱਭਰੂ ਨਸ਼ਿਆਂ ਵਿੱਚ ਗ੍ਰਸਤ ਹੋ ਕੇ ਆਪਣੀ ਜਮੀਰ ਮਾਰ ਚੁੱਕਾ ਹੈ, ਨੋਜਵਾਨ ਵਿਦੇਸ਼ਾਂ ਵਿੱਚ ਭੱਜ ਰਹੇ ਹਨ, ਬੇਰੁਜਗਾਰ ਨੌਜਵਾਨ ਲੜਕੇ-ਲੜਕੀਆਂ ਨੂੰ ਨੌਕਰੀ ਮੰਗਣ ਬਦਲੇ ਛੱਲੀਆਂ ਵਾਂਗ ਕੁੱਟਿਆ ਜਾ ਰਿਹਾ ਹੈ, ਗੁੰਡਾਗਰਦੀ ਅਤੇ ਬਦਮਾਸ਼ੀ ਦਾ ਆਲਮ ਇਹ ਹੈ ਕਿ ਪੰਜਾਬ ਦਾ ਕੋਈ ਵੀ ਨਾਗਰਿਕ ਆਪਣੇ ਘਰ ਜਾਂ ਦੁਕਾਨ 'ਤੇ ਸੁਰੱਖਿਅਤ ਨਹੀਂ | ਕੁਲਤਾਰ ਸਿੰਘ ਸੰਧਵਾਂ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਜਿੱਥੇ ਉਨਾਂ ਦਾ ਪਾਰਟੀ ਵਿੱਚ ਮਾਣ-ਸਨਮਾਨ ਬਰਕਰਾਰ ਰਹੇਗਾ, ਉੱਥੇ ਉਹ ਜਿੰਦਗੀ ਭਰ ਉਕਤਾਨ ਦਾ ਭਰੋਸਾ ਨਹੀਂ ਟੁੱਟਣ ਦੇਵੇਗਾ |