
ਭਾਜਪਾ ’ਚ ਪਰਵਾਰਵਾਦ ਲਈ ਕੋਈ ਥਾਂ ਨਹੀਂ :
ਅੰਮ੍ਰਿਤਸਰ, 31 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੁ) : ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਇੱਥੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸਪੱਸ਼ਟ ਕੀਤਾ ਕਿ ਭਾਰਤੀ ਜਨਤਾ ਪਾਰਟੀ ’ਚ ਪਰਿਵਾਰਵਾਦ ਦੀ ਕੋਈ ਥਾਂ ਨਹੀਂ। ਭਾਜਪਾ ’ਚ ਟਿਕਟ ਤੇ ਅਹੁਦੇ ਮੈਰਿਟ ’ਤੇ ਦਿਤੇ ਜਾਂਦੇ ਹਨ।
ਉਨ੍ਹਾਂ ਅਕਾਲੀਆਂ, ਕਾਂਗਰਸੀਆਂ ਅਤੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਪੰਜਾਬ ’ਚ ਹੋਏ ਵਿਕਾਸ ਦਾ ਸਿਹਰਾ ਪ੍ਰਧਾਨ ਮੰਤਰੀ ਸਿਰ ਹੈ, ਜਿਨ੍ਹਾਂ ਕੇਂਦਰੀ ਸਕੀਮਾਂ ਹੇਠ ਖਰਬਾਂ ਰੁਪੈ ਦੇ ਪ੍ਰਾਜੈਕਟ ਇੱਥੇ ਲਿਆਂਦੇ, ਜਿਸ ਬਾਰੇ ਵਿਸਥਾਰ ’ਚ ਲਿਖ਼ਤੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਮੁਤਾਬਕ ਬਾਦਲ ਵਾਲੇ ਪੰਜਾਬ ’ਚ ਹੋਏ ਕੰਮਾਂ ਦਾ ਕ੍ਰੈਡਿਟ ਲੈ ਰਹੇ ਹਨ, ਪਰ ਇਹ ਗਲਤ ਹੈ। ਉਨ੍ਹਾਂ ਸਿੱਖਾਂ ਬਾਰੇ ਦੱਸਿਆ ਕਿ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਬਾਅਦ ਸਿੱਖ ਕਤਲ-ਏ-ਆਮ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਦਾ ਮੁੱਢ ਬੱਝਾ। ਸਿੱਖਾਂ ਦੀ ਕਾਲੀ ਸੂਚੀ ਪ੍ਰਧਾਨ ਮੰਤਰੀ ਨੇ ਖ਼ਤਮ ਕੀਤੀ। ਕੌਮ ਦੀ ਲੰਬੇ ਸਮੇਂ ਤੋਂ ਮੰਗ ਕਰਤਾਰਪੁਰ ਸਾਹਿਬ ਲਾਂਘੇ ਨੂੰ ਮੁਕੰਮਲ ਕਰਵਾਇਆ। ਸ੍ਰੀ ਗੁਰੂ ਰਾਮਦਾਸ ਲੰਗਰ ਘਰ ਤੋਂ ਟੈਕਸ ’ਚ ਰਾਹਤ ਦਵਾਈ।
ਉਨ੍ਹਾਂ ਖੇਤੀ ਕਾਨੂੰਨਾਂ ਦੀ ਵਕਾਲਤ ਕਰਦਿਆਂ ਕਿਹਾ ਕਿ ਜਦ ਕਿਸਾਨਾਂ ਵਿਰੋਧਤਾ ਕੀਤੀ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਤਿੰਨੇ ਖੇਤੀ ਕਾਨੂੰਨ ਵਾਪਸ ਲੈ ਲਏ। ਐਮ. ਐਸ. ਪੀ. ਤੇ ਮੰਡੀਆਂ ਖ਼ਤਮ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਅਫ਼ਸੋਸ ਪ੍ਰਗਟਾਇਆ ਕਿ ਸਾਡੇ ਭਾਈਵਾਲਾਂ ਗ਼ਲਤ ਪ੍ਰਚਾਰ ਕੀਤਾ। ਪੁਰੀ ਨੇ ਮੁੱਖ ਮੰਤਰੀ ਦੇ ਚਿਹਰਿਆਂ ਬਾਰੇ ਵੀ ਵੀ ਸਵਾਲ ਚੁੱਕੇ। ਪੰਜਾਬ ਸਰਹੱਦੀ ਸਟੇਟ ਹੈ, ਜਿਥੇ ਸਥਿਰਤਾ ਤੇ ਸੂਝਬੂਝ ਵਾਲੀ ਕੌਮੀ ਸੋਚ ਵਾਲੀ ਸਖ਼ਸ਼ੀਅਤ ਦੀ ਲੋੜ ਹੈ, ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਹਨ। ਪਰ ਪਾਕਿ ਜਰਨੈਲ ਨਾਲ ਜੱਫ਼ੀ ਪਾਉਣ ਵਾਲੇ ਇਮਰਾਨ ਖਾਂ ਪਾਕਿਸਤਾਨ ਪ੍ਰਧਾਨ ਮੰਤਰੀ ਵਲੋਂ ਬੱਸ ’ਚ ਕਹਿਣਾ ਕਿ ਸਾਡਾ ਸਿੱਧੂ ਕਿੱਥੇ ਹੈ? ਇਹ ਬੜ੍ਹੀ ਕੱਚ ਘਰੜ ਸੋਚ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਮੇਡੀ ਸ਼ੋ ’ਤੇ ਸਰਕਾਰ ਚਲਾਉਣ ’ਚ ਬੜਾ ਫ਼ਰਕ ਹੈ। ਬਾਦਲ ਦਲ ਬਾਰੇ ਕਿਹਾ ਕਿ ਉਹ ਭਾਜਪਾ ਗਠਜੋੜ ਖ਼ੁਦ ਛੱਡ ਕੇ ਗਏ ਹਨ।
ਕੈਪਸ਼ਨ- ਏ ਐਸ ਆਰ ਬਹੋੜੂ---31-6- ਹਰਦੀਪ ਸਿੰਘ ਪੁਰੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ।