
ਅਫ਼ਗ਼ਾਨਿਸਤਾਨ 'ਚ ਲੋਕ ਭੋਜਨ ਲਈ ਅਪਣੇ ਬੱਚੇ ਅਤੇ ਸਰੀਰਕ ਅੰਗ ਵੇਚਣ ਲਈ ਮਜਬੂਰ
ਡੇਵਿਡ ਬੀਸਲੇ ਨੇ ਦੁਨੀਆਂ ਭਰ ਦੇ ਅਮੀਰ ਲੋਕਾਂ ਨੂੰ ਅਫ਼ਗ਼ਾਨਾਂ ਦੀ ਮਦਦ ਕਰਨ ਦੀ ਅਪੀਲ ਕੀਤੀ
ਕਾਬੁਲ, 30 ਜਨਵਰੀ : ਤਾਲਿਬਾਨੀ ਸ਼ਾਸਨ ਵਿਚ ਅਫ਼ਗ਼ਾਨਿਸਤਾਨ ਵਿਚ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ | ਸੰਯੁਕਤ ਰਾਸ਼ਟਰ ਵਿਸ਼ਵ ਖ਼ੁਰਾਕ ਪ੍ਰੋਗਰਾਮ (ਡਬਲਯੂ.ਐਫ਼.ਪੀ.) ਦੇ ਮੁਖੀ ਡੇਵਿਡ ਬੀਸਲੇ ਨੇ ਅਫ਼ਗ਼ਾਨਿਸਤਾਨ ਵਿਚ ਮਨੁੱਖੀ ਸੰਕਟ 'ਤੇ ਅਪਣੀ ਚਿੰਤਾ ਨੂੰ ਦੁਹਰਾਉਂਦੇ ਹੋਏ ਕਿਹਾ ਹੈ ਕਿ ਅਫ਼ਗ਼ਾਨ ਲੋਕ ਅਪਣੇ ਬੱਚੇ ਅਤੇ ਇਥੋਂ ਤਕ ਕਿ ਅਪਣੇ ਗੁਰਦੇ ਵੀ ਵੇਚਣ ਲਈ ਮਜਬੂਰ ਹਨ | ਅਫ਼ਗ਼ਾਨਿਸਤਾਨ ਸੋਕੇ, ਮਹਾਂਮਾਰੀ, ਆਰਥਕ ਤੰਗੀ ਅਤੇ ਸਾਲਾਂ ਤੋਂ ਜਾਰੀ ਲੜਾਈ ਦੇ ਪ੍ਰਭਾਵਾਂ ਨਾਲ ਜੂਝ ਰਿਹਾ ਹੈ | ਕਰੀਬ 2.3 ਕਰੋੜ ਲੋਕ ਅਨਾਜ ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਹਨ |
ਖਦਸ਼ਾ ਹੈ ਕਿ ਇਸ ਸਾਲ ਦੇਸ਼ ਦੀ 97 ਫ਼ੀ ਸਦੀ ਆਬਾਦੀ ਗ਼ਰੀਬੀ ਰੇਖਾ ਤੋਂ ਹੇਠਾਂ ਆ ਸਕਦੀ ਹੈ | ਬੀਸਲੇ ਨੇ ਜਰਮਨ ਪ੍ਰਸਾਰਕ ਡਾਈਚੇ ਵੇਲੇ (ਡੀਡਬਲਯੂ) ਨੂੰ ਦਸਿਆ ਕਿ ਘੱਟੋ-ਘੱਟ 20 ਸਾਲਾਂ ਤੋਂ ਤਾਲਿਬਾਨ ਨਾਲ ਸੰਘਰਸ਼ ਕਰ ਰਿਹਾ ਅਫ਼ਗ਼ਾਨਿਸਤਾਨ ਪਹਿਲਾਂ ਹੀ ਦੁਨੀਆਂ ਦੇ ਸੱਭ ਤੋਂ ਗ਼ਰੀਬ ਦੇਸ਼ਾਂ ਵਿਚੋਂ ਇਕ ਸੀ | ਜੋ ਅਸੀਂ ਹੁਣ ਦੇਖ ਰਹੇ ਹਾਂ ਉਹ ਵਿਨਾਸ਼ਕਾਰੀ ਹੈ | ਦੇਸ਼ ਦੇ ਕਰੀਬ ਚਾਰ ਕਰੋੜ ਲੋਕਾਂ ਵਿਚੋਂ 23 ਕਰੋੜ ਲੋਕ ਭੁੱਖਮਰੀ ਦੀ ਕਗਾਰ 'ਤੇ ਹਨ | ਅਫ਼ਗ਼ਾਨਿਸਤਾਨ ਦੀ ਇਕ ਘਟਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਕ ਔਰਤ ਨੇ ਦਸਿਆ ਕਿ ਉਸ ਨੂੰ ਅਪਣੀ ਧੀ ਕਿਸੇ ਹੋਰ ਪ੍ਰਵਾਰ ਨੂੰ ਵੇਚਣੀ ਪਈ ਤਾਂ ਜੋ ਮਾਸੂਮ ਨੂੰ ਚੰਗਾ ਭੋਜਨ ਨਸੀਬ ਹੋ ਸਕੇ |
ਡੇਵਿਡ ਬੀਸਲੇ ਨੇ ਦੁਨੀਆਂ ਦੇ ਅਮੀਰ ਲੋਕਾਂ ਨੂੰ ਅਫ਼ਗ਼ਾਨਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਕੋਵਿਡ ਦੀ ਇਸ ਮਹਾਂਮਾਰੀ ਵਿਚਕਾਰ, ਦੁਨੀਆਂ ਭਰ ਦੇ
ਅਰਬਪਤੀਆਂ ਨੇ ਬੇਮਿਸਾਲ ਕਮਾਈ ਕੀਤੀ ਹੈ | ਪ੍ਰਤੀ ਦਿਨ 5.2 ਬਿਲੀਅਨ ਡਾਲਰ ਦੀ ਜਾਇਦਾਦ ਵਿਚ ਵਾਧਾ ਹੋਇਆ ਹੈ | ਇਸ ਥੋੜ੍ਹੇ ਸਮੇਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਾਨੂੰ ਉਨ੍ਹਾਂ ਤੋਂ ਸਿਰਫ਼ ਇਕ ਦਿਨ ਦੀ ਕਮਾਈ ਚਾਹੀਦੀ ਹੈ | ਟੋਲੋ ਨਿਊਜ਼ ਨੇ ਅਪਣੀ ਰਿਪੋਰਟ ਵਿਚ ਦਸਿਆ ਹੈ ਕਿ ਹੇਰਾਤ ਸੂਬੇ ਦੇ ਇਕ ਵਿਅਕਤੀ
ਨੂੰ ਅਪਣਾ ਗੁਰਦਾ ਵੇਚਣਾ ਪਿਆ |
ਬਿ੍ਟੇਨ ਦੀ ਵਿਦੇਸ਼ ਸਕੱਤਰ ਲਿਜ਼ ਟਰਸ ਨੇ ਕਿਹਾ ਕਿ ਅਸੀਂ ਅਫ਼ਗ਼ਾਨੀਆਂ ਨੂੰ ਮਨੁੱਖੀ ਸੰਕਟ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਉਨ੍ਹਾਂ ਲਈ ਵਾਧੂ ਮਦਦ ਵੀ ਭੇਜ ਰਹੇ ਹਾਂ | ਗੁਰਦੇ ਦੀ ਵਿਕਰੀ ਦੀ ਰਿਪੋਰਟ 'ਤੇ ਉਨ੍ਹਾਂ ਕਿਹਾ ਕਿ ਆਰਥਕ ਪਾਬੰਦੀਆਂ ਨੂੰ ਖ਼ਤਮ ਕਰੋ ਅਤੇ ਉਨ੍ਹਾਂ ਦੇ ਰੋਕੇ ਗਏ ਅਰਬਾਂ ਡਾਲਰ ਜਾਰੀ ਕਰਨ ਨਾਲ ਅਫ਼ਗ਼ਾਨਿਸਤਾਨ ਨੂੰ ਇਸ ਸੰਕਟ ਨਾਲ ਨਜਿੱਠਣ ਵਿਚ ਮਦਦ ਮਿਲੇਗੀ | (ਏਜੰਸੀ)