
ਨੇਤਾਵਾਂ ਦੀਆਂ ਨਹੀਂ, ਭਗਤ ਸਿੰਘ ਅਤੇ ਬਾਬਾ ਅੰਬੇਡਕਰ ਦੀਆਂ ਫ਼ੋਟੋਆਂ ਸਰਕਾਰੀ ਦਫ਼ਤਰਾਂ 'ਚ ਲੱਗਣਗੀਆਂ : ਕੇਜਰੀਵਾਲ
ਮੈਨੂੰ ਬਹੁਤ ਦੁੱਖ ਹੁੰਦਾ ਹੈ ਜਦੋਂ ਕੋਈ ਬਜ਼ੁਰਗ ਸਾਨੂੰ ਕਹਿੰਦਾ ਹੈ ਕਿ ਅੱਜ ਦੇ ਨੇਤਾਵਾਂ ਨਾਲੋਂ ਅੰਗਰੇਜ਼ ਚੰਗੇ ਸੀ : ਭਗਵੰਤ ਮਾਨ
ਅੰਮਿ੍ਤਸਰ, 30 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ): ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿਚ 'ਆਪ' ਦੀ ਸਰਕਾਰ ਬਣਦੀ ਹੈ ਤਾਂ ਸਾਰੇ ਸਰਕਾਰੀ ਦਫ਼ਤਰਾਂ ਵਿਚ ਮੁੱਖ ਮੰਤਰੀ ਅਤੇ ਨੇਤਾਵਾਂ ਦੀ ਥਾਂ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਅਤੇ ਭਗਤ ਸਿੰਘ ਦੀ ਤਸਵੀਰ ਲਗਾਈ ਜਾਵੇਗੀ |
'ਆਪ' ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨਾਲ ਪ੍ਰੈੱਸ ਕਾਨਫ਼ਰੰਸ ਵਿਚ ਕੇਜਰੀਵਾਲ ਨੇ ਇਹ ਐਲਾਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਾਬਾ ਸਾਹਿਬ ਅੰਬੇਡਕਰ ਅਤੇ ਸ਼ਹੀਦ ਭਗਤ ਸਿੰਘ ਦੇ ਸਿਧਾਂਤਾਂ ਅਤੇ ਆਦਰਸ਼ਾਂ 'ਤੇ ਚਲ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰੇਗੀ | ਕੇਜਰੀਵਾਲ ਨੇ ਕਿਹਾ,Tਲੰਮੇ ਸੰਘਰਸ਼ ਅਤੇ ਮਹਾਨ ਕੁਰਬਾਨੀਆਂ ਤੋਂ ਬਾਅਦ ਦੇਸ਼ ਨੂੰ ਆਜ਼ਾਦੀ ਮਿਲੀ ਹੈ | ਸਾਡੇ ਮਹਾਨ ਆਜ਼ਾਦੀ ਘੁਲਾਟੀਆਂ ਨੇ ਅਪਣੀਆਂ ਜਾਨਾਂ ਕੁਰਬਾਨ ਕਰ ਕੇ ਦੇਸ਼ ਨੂੰ ਆਜ਼ਾਦ ਕਰਵਾਇਆ | ਪਰ ਅੱਜ ਅਸੀਂ ਉਨ੍ਹਾਂ ਦੇ ਮਨੋਰਥਾਂ ਅਤੇ ਕੁਰਬਾਨੀਆਂ ਨੂੰ ਭੁੱਲਦੇ ਜਾ ਰਹੇ ਹਾਂ | ਉਨ੍ਹਾਂ ਦੇ ਆਦਰਸ਼ਾਂ ਅਤੇ ਸਿਧਾਂਤਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ |'' ਕੇਜਰੀਵਾਲ ਨੇ ਕਿਹਾ,''ਮੈਂ ਬਾਬਾ ਸਾਹਿਬ ਦਾ ਬਹੁਤ ਵੱਡਾ ਸ਼ਰਧਾਲੂ ਹਾਂ | ਉਨ੍ਹਾਂ ਦੀ ਹਰ ਰੋਜ਼ ਪੂਜਾ ਕਰਦਾ ਹਾਂ | ਉਨ੍ਹਾਂ ਦੇ ਜੀਵਨ ਤੋਂ ਸਾਨੂੰ ਬਹੁਤ ਪ੍ਰੇਰਨਾ ਮਿਲਦੀ ਹੈ |
ਇਕ ਗ਼ਰੀਬ ਪ੍ਰਵਾਰ ਵਿਚ ਪੈਦਾ ਹੋਣ ਦੇ ਬਾਵਜੂਦ, ਉਨ੍ਹਾਂ ਨੇ ਅਮਰੀਕਾ ਤੋਂ ਦੋ-ਦੋ ਪੀਐਚਡੀ ਡਿਗਰੀਆਂ ਹਾਸਲ ਕੀਤੀਆਂ | ਹਰ ਕਿਸੇ ਨੂੰ ਚੰਗੀ ਸਿਖਿਆ ਮਿਲੇ, ਚੰਗੀ ਡਾਕਟਰੀ ਸਹੂਲਤਾਂ ਮਿਲਣ ਅਤੇ ਦੇਸ਼ ਤਰੱਕੀ ਕਰੇ | ਦੋਹਾਂ ਦੀ ਇੱਛਾ ਸੀ ਕਿ ਸਮਾਜ ਵਿਚ ਸਾਰਿਆਂ ਨੂੰ ਬਰਾਬਰ ਦਾ ਹੱਕ ਮਿਲੇ ਅਤੇ ਜਾਤ-ਪਾਤ ਅਤੇ ਧਰਮ ਦੇ ਆਧਾਰ 'ਤੇ ਵਿਤਕਰਾ ਖ਼ਤਮ ਹੋਵੇ ਜਿਸ ਤਰ੍ਹਾਂ ਬਾਬਾ ਸਾਹਿਬ ਨੇ ਗ਼ਰੀਬਾਂ ਅਤੇ
ਦਬੇ-ਕੁਚਲੇ ਲੋਕਾਂ ਲਈ ਸਾਰੀ ਉਮਰ ਸੰਘਰਸ਼ ਕੀਤਾ |''
'ਆਪ' ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਕਿ ਅੱਜ ਦਾ ਐਲਾਨ ਇਤਿਹਾਸਕ ਹੈ | ਇਸ ਨਾਲ ਨੌਜਵਾਨਾਂ ਅਤੇ ਸਰਕਾਰੀ ਮੁਲਾਜ਼ਮਾਂ ਨੂੰ ਦੇਸ਼ ਅਤੇ ਸੂਬੇ ਦਾ ਭਲਾ ਕਰਨ ਲਈ ਪ੍ਰੇਰਣਾ ਮਿਲੇਗੀ | ਭਗਵੰਤ ਮਾਨ ਨੇ ਕਿਹਾ ਕਿ ਮੈਨੂੰ ਬਹੁਤ ਦੁੱਖ ਹੁੰਦਾ ਹੈ ਜਦੋਂ ਕੋਈ ਬਜ਼ੁਰਗ ਸਾਨੂੰ ਕਹਿੰਦਾ ਹੈ ਕਿ ਅੱਜ ਦੇ ਨੇਤਾਵਾਂ ਨਾਲੋਂ ਅੰਗਰੇਜ਼ ਚੰਗੇ ਸੀ | ਭਿ੍ਸ਼ਟ ਅਤੇ ਸੁਆਰਥੀ ਨੇਤਾਵਾਂ ਨੇ ਦੇਸ਼ ਦੇ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਵਿਅਰਥ ਕਰ ਦਿਤਾ ਹੈ | ਜਿਸ ਤਰ੍ਹਾਂ ਅੱਜ ਸੱਤਾਧਾਰੀ ਨੇਤਾ ਦੇਸ਼ ਨੂੰ ਲੁੱਟ ਰਹੇ ਹਨ, ਇਨ੍ਹਾਂ ਦੀ ਲੁੱਟ-ਖਸੁੱਟ ਅਤੇ ਭਿ੍ਸ਼ਟਾਚਾਰ ਦੇਖ ਕੇ ਅੰਗਰੇਜ਼ ਵੀ ਸ਼ਰਮਸਾਰ ਹੋ ਜਾਵੇਗਾ |