
ਸੰਯੁਕਤ ਕਿਸਾਨ ਮੋਰਚੇ ਨੇ ਮੋਦੀ ਸਰਕਾਰ ਵਿਰੁਧ ਮਨਾਇਆ ਵਿਸ਼ਵਾਸਘਾਤ ਦਿਵਸ
ਪੰਜਾਬ, ਹਰਿਆਣਾ ਤੇ ਹੋਰ ਕਈ ਰਾਜਾਂ ਵਿਚ ਹੋਏ ਰੋਸ ਮੁਜ਼ਾਹਰੇ
ਚੰਡੀਗੜ੍ਹ, 31 ਜਨਵਰੀ (ਭੁੱਲਰ): ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਦੇਸ ਭਰ ਵਿਚ ਕਿਸਾਨਾਂ ਨੇ 'ਵਿਸ਼ਵਾਸਘਾਤ ਦਿਵਸ' ਮਨਾਇਆ | ਪੰਜਾਬ ਤੇ ਹਰਿਆਣਾ ਤੋਂ ਇਲਾਵਾ ਦੇਸ਼ ਕਈ ਰਾਜਾਂ ਵਿਚ ਰੋਸ ਮੁਜ਼ਾਹਰੇ ਹੋਏ ਅਤੇ ਡੀ.ਸੀ., ਐਸਡੀਐਮਜ਼ ਅਤੇ ਏਡੀਐਮਜ਼ ਰਾਹੀਂ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਸੌਂਪੇ ਗਏ ਅਤੇ ਪੁਤਲੇ ਸਾੜੇ ਗਏ |
ਰਾਸ਼ਟਰਪਤੀ ਨੂੰ ਦਿਤੇ ਮੰਗ ਪੱਤਰ ਵਿਚ ਕਿਹਾ ਗਿਆ ਹੈ ਕਿ ਦੇਸ਼ ਦੇ ਮੁਖੀ ਹੋਣ ਦੇ ਨਾਤੇ ਦੇਸ਼ ਦੇ ਸੱਭ ਤੋਂ ਵੱਡੇ ਵਰਗ ਕਿਸਾਨਾਂ ਦੇ ਹਿਤਾਂ ਦੀ ਰਾਖੀ ਕਰਨਾ ਅਤੇ ਸਰਕਾਰ ਨੂੰ ਕਿਸਾਨਾਂ ਵਿਰੁਧ ਇਹ ਧੋਖਾਧੜੀ ਕਰਨ ਵਿਰੁਧ ਚੇਤਾਵਨੀ ਦੇਣਾ ਰਾਸ਼ਟਰਪਤੀ ਦਾ ਸੰਵਿਧਾਨਕ ਫ਼ਰਜ਼ ਹੈ | ਮੰਗ ਪੱਤਰ ਵਿਚ ਯਾਦ ਕਰਵਾਇਆ ਗਿਆ ਹੈ ਕਿ ਕਿਸਾਨਾਂ ਦੀ ਮਿਹਨਤ ਸਦਕਾ ਦੇਸ਼ ਅਨਾਜ ਦੇ ਮਾਮਲੇ ਵਿਚ ਆਤਮਨਿਰਭਰ ਹੋਇਆ ਹੈ | ਕਿਸਾਨਾਂ ਦੇ ਅਣਥੱਕ ਯਤਨਾਂ ਨਾਲ, ਲਾਕਡਾਊਨ ਅਤੇ ਆਰਥਕ ਮੰਦੀ ਦੇ ਬਾਵਜੂਦ, ਦੇਸ਼ ਦੇ ਖੇਤੀਬਾੜੀ ਉਤਪਾਦਨ ਵਿਚ ਲਗਾਤਾਰ ਵਾਧਾ ਹੋਇਆ ਹੈ |
ਕਿਸਾਨਾਂ ਨਾਲ ਧੋਖਾ ਕਰਨਾ ਘਾਤਕ ਹੋ ਸਕਦਾ ਹੈ | ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, ਪਛਮੀ ਬੰਗਾਲ, ਮਹਾਰਾਸਟਰ, ਕਰਨਾਟਕ, ਮੱਧ ਪ੍ਰਦੇਸ, ਆਂਧਰਾ ਪ੍ਰਦੇਸ, ਹਿਮਾਚਲ ਪ੍ਰਦੇਸ, ਤੇਲੰਗਾਨਾ, ਉੜੀਸਾ, ਤਾਮਿਲਨਾਡੂ, ਰਾਜਸਥਾਨ, ਗੁਜਰਾਤ, ਤਿ੍ਪੁਰਾ ਸਮੇਤ ਹੋਰ ਰਾਜਾਂ ਵਿਚ ਪ੍ਰਦਰਸ਼ਨਾਂ, ਮਾਰਚਾਂ ਅਤੇ ਪੁਤਲੇ ਫੂਕ ਕੇ 'ਵਿਸ਼ਵਾਸਘਾਤ ਦਿਵਸ' ਵਜੋਂ ਮਨਾਇਆ ਗਿਆ |
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵਲੋਂ ਪੰਜਾਬ ਦੇ 16 ਜ਼ਿਲਿ੍ਹਆਂ ਵਿਚ 12 ਡੀ ਸੀ ਅਤੇ 10 ਐਸ ਡੀ ਐਮ ਦਫ਼ਤਰਾਂ ਅੱਗੇ ਵਿਸ਼ਾਲ ਰੋਸ ਪ੍ਰਦਰਸ਼ਨ ਕਰ ਕੇ ਕੇਂਦਰੀ ਭਾਜਪਾ ਹਕੂਮਤ ਦੇ ਪੁਤਲੇ ਫੂਕੇ ਗਏ | ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦਸਿਆ ਕਿ ਇਨ੍ਹਾਂ ਰੋਸ ਪ੍ਰਦਰਸ਼ਨਾਂ ਵਿਚ ਵੱਡੀ ਗਿਣਤੀ ਵਿਚ ਔਰਤਾਂ, ਨੌਜਵਾਨਾਂ ਤੇ ਕਿਸਾਨਾਂ ਮਜ਼ਦੂਰਾਂ ਤੋਂ ਇਲਾਵਾ ਹਮਾਇਤ ਵਜੋਂ ਮੁਲਾਜ਼ਮ, ਠੇਕਾ ਕਾਮੇ, ਵਿਦਿਆਰਥੀ ਤੇ ਹੋਰ ਛੋਟੇ ਕਾਰੋਬਾਰੀ ਵੀ ਸ਼ਾਮਲ ਹੋਏ | ਕਿਸਾਨ ਆਗੂ ਦਰਸ਼ਪਾਲ ਨੇ ਕਿਹਾ ਕਿ ਦਿੱਲੀ ਦੀਆਂ ਬਰੂਹਾਂ 'ਤੇ ਮੋਰਚਾ
ਸਮਾਪਤ ਕਰਨ ਵੇਲੇ ਕੇਂਦਰ ਸਰਕਾਰ ਵਲੋਂ ਕਿਸਾਨਾਂ ਨਾਲ ਲਿਖਤੀ ਵਾਅਦਾ ਕੀਤਾ ਗਿਆ ਸੀ ਕਿ ਐਮਐਸਪੀ ਸਬੰਧੀ ਕਮੇਟੀ ਬਣਾਈ ਜਾਵੇਗੀ | ਇਸ ਨਾਲ ਹੀ ਅੰਦੋਲਨ ਦੌਰਾਨ ਕਿਸਾਨਾਂ ਉਪਰ ਕੀਤੇ ਗਏ ਵੱਖ ਵੱਖ ਸੂਬਿਆਂ ਅੰਦਰ ਸਾਰੇ ਕੇਸ ਵਾਪਸ ਲਏ ਜਾਣਗੇ ਅਤੇ ਸ਼ਹੀਦ ਕਿਸਾਨਾਂ ਦੇ ਪ੍ਰਵਾਰਾਂ ਨੂੰ ਮੁਆਵਜ਼ਾ ਦਿਤਾ ਜਾਵੇਗਾ ਪਰ ਅੰਦੋਲਨ ਸਮਾਪਤੀ ਤੋਂ ਦੋ ਮਹੀਨੇ ਦੇ ਕਰੀਬ ਸਮਾਂ ਬੀਤਣ ਦੇ ਬਾਵਜੂਦ ਵੀ ਕਿਸਾਨਾਂ ਨਾਲ ਕੀਤਾ ਵਾਅਦਾ ਪੂਰਾ ਨਹੀਂ ਕੀਤਾ ਗਿਆ | ਇਸ ਨਾਲ ਹੀ ਲਖੀਮਪੁਰ ਮਾਮਲੇ ਵਿਚ ਸਿੱਟ ਦੀ ਰਿਪੋਰਟ ਆਉਣ ਦੇ ਬਾਵਜੂਦ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਨੂੰ ਬਰਖ਼ਾਸਤ ਨਹੀਂ ਕੀਤਾ ਗਿਆ ਅਤੇ ਸਰਕਾਰ ਉਲਟਾ ਮੰਤਰੀ ਨੂੰ ਬਚਾ ਕੇ ਕਿਸਾਨਾਂ ਨੂੰ ਗਿ੍ਫ਼ਤਾਰ ਕਰ ਕੇ ਜੇਲਾਂ ਵਿਚ ਬੰਦ ਕਰ ਰਹੀ ਹੈ |