
ਕਿਹਾ, ਪ੍ਰਵਾਸੀ ਪੰਜਾਬ ’ਚ ਆ ਕੇ ਕੋਠੀਆਂ ਪਾਈ ਜਾਂਦੇ ਐ, ਪੰਜਾਬੀ ਆਪਣੇ ਆਪ ਨੂੰ ਭੰਡੀ ਜਾਂਦੇ ਨੇ ਪੰਜਾਬ ’ਚ ਕੁਝ ਨਹੀਂ ਪਿਆ
ਅਸੀਂ ਜਾਣਦੇ ਹਾਂ ਕਿ ਜਦੋਂ ਤੋਂ ਅਮਰੀਕਾ ਸਰਕਾਰ ਦੀ ਵਾਂਗਡੋਰ ਟਰੰਪ ਨੇ ਸੰਭਾਲੀ ਹੈ ਤਾਂ ਅਮਰੀਕਾ ’ਚ ਗ਼ੈਰਕਾਨੂੰਨੀ ਢੰਗ ਨਾਲ ਰਹਿ ਰਹੇ ਪੰਜਾਬੀਆਂ ’ਤੇ ਡੀਪੋਰਟ ਦਾ ਖ਼ਤਰਾ ਮੰਡਰਾ ਰਿਹਾ ਹੈ। ਪੰਜਾਬ ਦੇ ਜਿਹੜੇ ਪੰਜਾਬੀ ਨੌਜਵਾਨਾਂ ਨੂੰ ਆਪਣੀ ਜ਼ਮੀਨਾਂ ਵੇਚ ਕੇ, ਕਰਜ਼ਾ ਚਕ ਕੇ ਜਾਂ ਫਿਰ ਆਪਣਾ ਘਰ ਬਾਰ ਵੀ ਵੇਚ ਕੇ ਉਨ੍ਹਾਂ ਦੇ ਮਾਪਿਆਂ ਨੇ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਵਿਦੇਸ਼ ਭੇਜਿਆ ਸੀ ਉਨ੍ਹਾਂ ਦੇ ਦਿਲਾਂ ’ਤੇ ਕੀ ਬੀਤ ਰਹੀ ਹੋਵੇਗੀ, ਇਹ ਉਹ ਹੀ ਜਾਣਦੇ ਹਨ।
ਹੁਣ ਤੁਸੀਂ ਉਨ੍ਹਾਂ ਮਾਪਿਆਂ ਦੇ ਮੱਥੇ ’ਤੇ ਤਿਉੜੀਆਂ ਦੇਖ ਸਕਦੇ ਹੋ ਜਿਨ੍ਹਾਂ ਨੇ ਆਪਣੇ ਧੀ-ਪੁੱਤਾਂ ਨੂੰ 35, 40 ਜਾਂ ਫਿਰ 75 ਲੱਖ ਲਗਾ ਕੇ ਅਮਰੀਕਾ ਜਾਂ ਫਿਰ ਹੋਰ ਦੇਸ਼ਾਂ ਵਿਚ ਭੇਜਿਆ ਹੈ। ਅੱਜ ਅਮਰੀਕਾ ਤੋਂ ਖ਼ਤਰੇ ਘੰਟੀ ਆ ਰਹੀ ਹੈ ਜਿੱਥੇ ਦੀ ਇਕ ਏਜੰਸੀ ਨੇ ਅੰਕੜੇ ਕੱਢੇ ਹਨ ਕਿ ਅਮਰੀਕਾ ਵਿਚ 7 ਲੱਖ ਦੇ ਕਰੀਬ ਗ਼ੈਰਕਾਨੂੰਨੀ ਢੰਗ ਨਾਲ ਜਾਂ ਫਿਰ ਡੰਕੀ ਲੱਗਾ ਕੇ ਆ ਕੇ ਰਹਿ ਰਹੇ ਹਨ। ਟਰੰਪ ਨੇ ਅਮਰੀਕਾ ਦਾ ਰਾਸ਼ਟਰਪਤੀ ਬਣਦੇ ਹੀ ਆਪਣਾ ਪਹਿਲਾ ਬਿਆਨ ਇਹ ਦਿਤਾ ਸੀ ਕਿ ਜਿਹੜੇ ਲੋਕ ਅਮਰੀਕਾ ਵਿਚ ਗ਼ੈਰਕਾਨੂੰਨੀ ਢੰਗ ਨਾਲ ਰਹਿ ਰਹੇ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਿਆ ਜਾਵੇਗਾ।
ਹੁਣ ਇਹ ਦੇਖਣਾ ਹੋਵੇਗਾ ਕਿ ਜਿਹੜੇ ਗ਼ਰੀਬ ਲੋਕਾਂ ਨੇ ਆਪਣੇ ਬੱਚੇ ਕਰਜ਼ੇ ਚੁੱਕ ਕੇ, ਜ਼ਮੀਨਾਂ ਤੇ ਘਰ-ਬਾਰ ਵੇਚ ਕੇ ਵਿਦੇਸ਼ਾਂ ਵਿਚ ਭੇਜੇ ਹਨ ਉਹ ਇਹ ਘਾਟਾ ਕਿੰਦਾਂ ਪੂਰਾ ਕਰਨਗੇ। ਇਸ ਮੁੱਦੇ ’ਤੇ ਰੋਜ਼ਾਨਾ ਸਪੋਕਸਮੈਨ ਨਾਲ ਇੰਟਰਵਿਊ ਕਰਦੇ ਹੋਏ ਅਮਰਦੀਪ ਸਿੰਘ ਨੇ ਕਿਹਾ ਕਿ ਇਹ ਬੜਾ ਗੰਭੀਰ ਮੁੱਦਾ ਹੈ ਜਿਸ ’ਤੇ ਦੋ ਦਹਾਕੇ ਪਹਿਲਾਂ ਹੀ ਗੱਲ ਹੋਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਜੇ ਅੰਕੜੇ ਦੀ ਗੱਲ ਕਰੀਏ ਤਾਂ ਪੰਜਾਬ ਜਾਂ ਫਿਰ ਪੂਰੇ ਦੇਸ਼ ਵਿਚੋਂ 101 ਮੁੱਲਕਾਂ ਵਿਚ 17 ਲੱਖ ਵਿਦਿਆਰਥੀ ਵਿਦੇਸ਼ਾਂ ਵਿਚ ਪੜ੍ਹਨ ਗਏ ਹਨ। ਜਿਸ ਵਿਚ ਜ਼ਿਆਦਾਤਰ ਪੰਜਾਬ, ਹਰਿਆਣਾ ਜਾਂ ਇਨ੍ਹਾਂ ਦੇ ਨੇੜਲੇ ਇਲਾਕਿਆਂ ਦੇ ਜ਼ਿਆਦਾ ਵਿਦਿਆਰਥੀ ਗਏ ਹਨ।
ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦਾ ਅੰਕੜਾ ਕਹਿ ਰਿਹਾ ਹੈ ਕਿ ਬੀਤੇ ਸਾਲ ਸਾਡੇ ਨੌਜਵਾਨ ਸਾਢੇ ਪੰਜ ਲੱਖ ਕਰੋੜ ਦੀਆਂ ਫ਼ੀਸਾਂ ਵਿਦੇਸ਼ਾਂ ਵਿਚ ਭਰ ਚੁੱਕੇ ਹਨ। ਉਨ੍ਹਾਂ ਕਿਹਾ ਕਿ 3 ਲੱਖ ਦੇ ਕਰੀਬ ਪੰਜਾਬ ਦੇ ਨੌਜਵਾਨ ਉਤਰੀ ਅਮਰੀਕਾ ਵਿਚ ਹਨ। ਉਨ੍ਹਾਂ ਕਿਹਾ ਕਿ ਬਾਹਰਲੇ ਮੁਲਕਾਂ ਵਿਚ ਜਾਣ ਦੀ ਇਕ ਹਵਾ ਚੱਲ ਪਈ ਹੈ ਕਿਉਂਕਿ ਸਾਡੇ ਨੌਜਵਾਨਾਂ ਦੇ ਦਿਲਾਂ ਵਿਚ ਇਹ ਗੱਲ ਬੈਠ ਗਈ ਹੈ ਕਿ ਮੇਰੇ ਮਾਮੇ ਦਾ ਮੁੰਡਾ, ਚਾਚੇ ਦਾ ਮੁੰਡਾ ਜਾਂ ਫਿਰ ਕੋਈ ਹੋਰ ਰਿਸ਼ਤੇਦਾਰ ਵਿਦੇਸ਼ ਚਲਿਆ ਗਿਆ ਹੈ ਤੇ ਮੈਂ ਵੀ ਵਿਦੇਸ਼ ਜਾਣਾ ਹੈ।
ਉਨ੍ਹਾਂ ਕਿਹਾ ਕਿ ਜਦੋਂ 10-15 ਪਹਿਲਾਂ ਸਾਡੇ ਨੌਜਵਾਨਾਂ ਨੇ ਵਿਦੇਸ਼ ਜਾਣ ਲਈ ਜ਼ੋਰ ਫੜਿਆ ਸੀ ਉਦੋਂ ਹੀ ਸਰਕਾਰਾਂ ਵਲੋਂ ਇਨ੍ਹਾਂ ’ਤੇ ਠੱਲ੍ਹ ਪਾਉਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਸਾਡੀਆਂ ਸਰਕਾਰਾਂ ਨੂੰ ਜਾਣਨਾ ਚਾਹੀਦਾ ਸੀ ਕਿ ਸਾਡੇ ਨੌਜਵਾਨ ਕਿਹੜੀ ਗੱਲੋਂ ਵਿਦੇਸ਼ਾਂ ਵੱਲ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੀ ਐਜੂਕੇਸ਼ਨ ਵਿਦੇਸ਼ਾਂ ਨਾਲੋਂ ਵਧੀਆ ਸੀ ਤੇ ਹੈ। ਉਨ੍ਹਾਂ ਕਿਹਾ ਕਿ ਸਾਡੇ ਪੰਜਾਬੀ ਲੋਕ ਐਵੇਂ ਨਿੰਦੀ ਜਾਂਦੇ ਹਨ ਕਿ ਸਾਡੀਆਂ ਜ਼ਮੀਨਾਂ ਵਧੀਆ ਨਹੀਂ ਰਹੀਆਂ, ਇੱਥੇ ਪੜ੍ਹਈ ਚੰਗੀ ਨਹੀਂ ਹੈ, ਸਾਡੇ ਰੁਜ਼ਗਾਰ ਇੱਥੇ ਵਧੀਆ ਨਹੀਂ ਚੱਲਦੇ ਆਦਿ।
ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਜਾਂ ਪੰਜਾਬ ਦੇ ਨੌਜਵਾਨ ਬਾਹਰਲੇ ਮੁਲਕਾਂ ਵਲ ਇਸ ਲਈ ਵੀ ਭੱਜ ਰਹੇ ਹਨ ਕਿਉਂਕਿ ਸਰਕਾਰਾਂ ਉਨ੍ਹਾਂ ਨੂੰ ਨੌਕਰੀਆਂ ਨਹੀਂ ਦਿੰਦੀਆਂ ਬੇਰੋਜ਼ਗਾਰੀ ਵਧ ਗਈ, ਫ਼ੌਜ ਵਿਚ ਭਰਤੀ ਨਾਂ ਦੇ ਬਰਾਬਰ ਆਦਿ ਹਨ। ਉਨ੍ਹਾਂ ਕਿਹਾ ਕਿ ਬਾਹਰੋਂ ਪ੍ਰਵਾਸੀ ਆ ਕੇ ਪੰਜਾਬ ਵਿਚ ਕੋਠੀਆਂ ਪਾਈ ਜਾ ਰਹੇ ਹਨ ਤੇ ਤੁਸੀਂ ਕਹਿੰਦੇ ਇੱਥੇ ਕੁੱਝ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਆਪਣੀ ਜਗ੍ਹਾ ਛੱਡ ਕੇ ਬਾਹਰਲੇ ਮੁੱਲਕ ਭੱਜ ਜਾਵੋਗੇ ਤਾਂ ਉਸ ਜਗ੍ਹਾ ਨੂੰ ਕੌਣ ਭਰੇਗਾ।
ਉਨ੍ਹਾਂ ਕਿਹਾ ਕਿ ਫ਼ੌਜ ਵਿਚ 9700 ਤੋਂ ਵਧ ਸੀਟਾਂ ਖ਼ਾਲੀ ਹਨ ਜਿਸ ਦਾ ਕਾਰਨ ਸਾਡੀਆਂ ਸਰਕਾਰਾਂ ਵਲੋਂ ਨੌਕਰੀਆਂ ਨਾ ਕੱਢਣਾ ਜਾਂ ਫਿਰ ਜੇ ਸਰਕਾਰ ਨੌਕਰੀਆਂ ਕੱਢਦੀ ਵੀ ਹੈ ਤਾਂ ਸਾਡੇ ਨੌਜਵਾਨ ਪੇਪਰ ਦੇਣ ਨਹੀਂ ਜਾਂਦੇ। ਉਨ੍ਹਾਂ ਕਿਹਾ ਕਿ ਸਾਡੇ ਨੌਜਵਾਨਾਂ ਵਿਚ ਬਸ ਇਕ ਰਿਵਾਜ ਚੱਲ ਪਿਆ ਕਿ ਮੈਂ ਤਾਂ ਬਾਹਰ ਜਾਣਾ। ਉਨ੍ਹਾਂ ਕਿਹਾ ਕਿ ਫ਼ੌਜ ਵਿਚ ਪੰਜਾਬ ਦੇ ਨੌਜਵਾਨ ਮੋਹਰੀ ਹੁੰਦੇ ਸੀ ਪਰ ਹੁਣ ਦੇਖ ਲਵੋ ਫ਼ੌਜ ਵਿਚ ਕਿੰਨੇ ਪੰਜਾਬ ਦੇ ਨੌਜਵਾਨ ਹਨ। ਉਨ੍ਹਾਂ ਕਿਹਾ ਕਿ ਸਾਡੇ ਜ਼ਿਆਦਾਤਰ ਨੌਜਵਾਨ ਨਸ਼ੇ ਨੇ ਖਾ ਲਏ ਤੇ ਰਹਿੰਦੇ ਵਿਦੇਸ਼ਾਂ ਨੇ।
ਉਨ੍ਹਾਂ ਕਿਹਾ ਕਿ ਸਾਡੇ ਨੌਜਵਾਨਾਂ ਦਾ ਵਿਦੇਸ਼ ਫ਼ਾਇਦਾ ਚੁੱਕ ਰਹੇ ਹਨ। ਇਕ ਤਾਂ ਉਨ੍ਹਾਂ ਨੂੰ ਪਲਿਆ ਪਲਾਇਆ ਬੱਚਾ ਮਿਲ ਗਿਆ, ਦੂਜਾ ਨੌਜਵਾਨ ਹੋਣ ਕਾਰਨ ਉਹ ਵੱਧ ਕੰਮ ਕਰੇਗਾ, ਤੀਜਾ ਉਹ ਪੈਸੇ ਲੈ ਕੇ ਵਿਦੇਸ਼ ਗਿਆ। ਉਨ੍ਹਾਂ ਕਿਹਾ ਕਿ ਜਦੋਂ ਸਾਡੇ ਨੌਜਵਾਨਾਂ ਵਿਚ ਬਾਹਰ ਜਾਣ ਦਾ ਕਰੇਜ ਵਧਿਆ ਉਦੋਂ ਸਾਡੀਆਂ ਸਰਕਾਰਾਂ ਨੇ ਕਿਉਂ ਕੋਈ ਕਦਮ ਨਹੀਂ ਚੁੱਕਿਆ, ਕਿਉਂ ਨਹੀਂ ਸੋਚਿਆ ਕਿ ਸਾਡੇ ਦੇਸ਼ ਦੇ ਨੌਜਵਾਨ ਕਿਸ ਵਜ੍ਹਾ ਨਾਲ ਵਿਦੇਸ਼ਾਂ ਵੱਲ ਭੱਜ ਰਹੇ ਹਨ।
ਉਨ੍ਹਾਂ ਕਿਹਾ ਕਿ ਇਹ ਤਾਂ ਸਾਡੀਆਂ ਸਰਕਾਰਾਂ ਨੇ ਸੋਚਣਾ ਸੀ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਪ੍ਰਵਾਸੀ ਇੰਨੇ ਵਧ ਗਏ ਹਨ ਕਿ ਉਥੋਂ ਦੇ ਲੋਕਾਂ ਨੂੰ ਰੁਜ਼ਗਾਰ ਮਿਲਣਾ ਔਖਾ ਹੋਇਆ ਪਿਆ ਹੈ ਫਿਰ ਉਹ ਕੀ ਕਰਨਗੇ ਉਥੋਂ ਕੱਢਣਗੇ ਹੀ ਹੋਰ ਕੀ ਕਰਨਗੇ।