ਲਗਾਤਾਰ ਧਮਕੀਆਂ ਮਿਲਣ ਕਾਰਨ ਸੁਰੱਖਿਆ ਏਜੰਸੀਆਂ ਚੌਕਸ
Jalandhar School Bomb Threat: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਤੋਂ ਇੱਕ ਦਿਨ ਪਹਿਲਾਂ ਅੱਜ ਜਲੰਧਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸੂਚਨਾ ਮਿਲਣ 'ਤੇ, ਪੁਲਿਸ ਅਤੇ ਸੁਰੱਖਿਆ ਏਜੰਸੀਆਂ ਹਰਕਤ ਵਿੱਚ ਆ ਗਈਆਂ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।
ਇਹ ਧਮਕੀ ਈਮੇਲ ਰਾਹੀਂ ਭੇਜੀ ਗਈ ਸੀ। ਹਾਲਾਂਕਿ, ਗੁਰੂ ਰਵਿਦਾਸ ਮਹਾਰਾਜ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੱਢੇ ਜਾਣ ਵਾਲੇ ਨਗਰ ਕੀਰਤਨ ਕਾਰਨ ਜਲੰਧਰ ਦੇ ਸਕੂਲ ਅੱਜ ਬੰਦ ਹਨ। ਈਮੇਲ ਵਿੱਚ ਕਿਹਾ ਗਿਆ ਸੀ ਕਿ ਮੋਦੀ ਦੀ ਫੇਰੀ ਦੌਰਾਨ ਇੱਕ ਬੰਬ ਧਮਾਕਾ ਹੋਵੇਗਾ। ਈਮੇਲ "ਬਿੱਲੀ ਹਾਲ" ਦੇ ਨਾਮ ਹੇਠ ਭੇਜੀ ਗਈ ਸੀ। ਈਮੇਲ ਅੰਦਰ ਲਿਖਿਆ ਕਿ, "ਅੱਜ, 3-4 ਸਕੂਲਾਂ ਵਿੱਚ ਬੰਬ ਫਟਣਗੇ। ਅਸੀਂ ਗੁਰੂ ਰਵਿਦਾਸ ਜੀ ਦਾ ਪੂਰਾ ਸਤਿਕਾਰ ਕਰਦੇ ਹਾਂ ਪਰ ਮੋਦੀ ਖਾਲਿਸਤਾਨ ਦਾ ਦੁਸ਼ਮਣ ਹੈ।"
ਪ੍ਰਧਾਨ ਮੰਤਰੀ ਮੋਦੀ ਦੀਆਂ ਸੁਰੱਖਿਆ ਚਿੰਤਾਵਾਂ ਦੇ ਕਾਰਨ, ਪੁਲਿਸ ਨੇ ਪੂਰਾ ਸ਼ਡਿਊਲ ਜਾਰੀ ਨਹੀਂ ਕੀਤਾ ਹੈ। ਭਾਜਪਾ ਨੇਤਾਵਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਜਲੰਧਰ ਦੇ ਡੇਰਾ ਬੱਲਾ ਵਿਖੇ ਲਗਭਗ 40 ਮਿੰਟ ਬਿਤਾਉਣ ਦੀ ਯੋਜਨਾ ਬਣਾ ਰਹੇ ਹਨ। ਇਸ ਵਿੱਚ 15 ਮਿੰਟ ਦਾ ਭਾਸ਼ਣ ਵੀ ਸ਼ਾਮਲ ਹੈ। ਪ੍ਰਧਾਨ ਮੰਤਰੀ ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਣ ਦਾਸ ਨਾਲ ਵੀ 10 ਮਿੰਟ ਮੁਲਾਕਾਤ ਕਰਨਗੇ। ਉਨ੍ਹਾਂ ਦੀ ਪੰਜਾਬ ਲੀਡਰਸ਼ਿਪ ਨਾਲ ਵੀ 10 ਮਿੰਟ ਦੀ ਮੁਲਾਕਾਤ ਹੋਵੇਗੀ। ਇਸ ਤੋਂ ਬਾਅਦ, ਪ੍ਰਧਾਨ ਮੰਤਰੀ ਦਿੱਲੀ ਵਾਪਸ ਆ ਜਾਣਗੇ।
