
72 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਜਸਵਿੰਦਰ ਕੌਰ ਖ਼ੁਦਕੁਸ਼ੀ ਦਾ ਮਾਮਲਾ ਹੱਲ ਨਹੀਂ ਹੋ ਸਕਿਆ ਜਿਸ ਕਾਰਨ ਸਬ ਡਵੀਜ਼ਨ ਸਰਦੂਲਗੜ੍ਹ ਪ੍ਰਸ਼ਾਸਨ ਨੂੰ ਕਾਫ਼ੀ ਮੁਸ਼ਕਤ ਕਰਨੀ ਪੈ ਰਹੀ ਹੈ
ਸਰਦੂਲਗੜ੍ਹ, 1 ਅਗੱਸਤ (ਵਿਨੋਦ ਜੈਨ): 72 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਜਸਵਿੰਦਰ ਕੌਰ ਖ਼ੁਦਕੁਸ਼ੀ ਦਾ ਮਾਮਲਾ ਹੱਲ ਨਹੀਂ ਹੋ ਸਕਿਆ ਜਿਸ ਕਾਰਨ ਸਬ ਡਵੀਜ਼ਨ ਸਰਦੂਲਗੜ੍ਹ ਪ੍ਰਸ਼ਾਸਨ ਨੂੰ ਕਾਫ਼ੀ ਮੁਸ਼ਕਤ ਕਰਨੀ ਪੈ ਰਹੀ ਹੈ।
ਮ੍ਰਿਤਕ ਦੇ ਪਰਵਾਰ ਵਲੋਂ ਤੀਜਾ ਦਿਨ ਬੀਤ ਜਾਣ ਦੇ ਬਾਵਜੂਦ ਵੀ ਲਾਸ਼ ਦਾ ਸਸਕਾਰ ਨਹੀਂ ਕੀਤਾ ਗਿਆ। ਅੱਜ ਦੁਪਹਿਰ 2 ਵਜੇ ਭਾਰੀ ਬਾਰਸ਼ ਵਿਚ ਹੀ ਪਰਵਾਰ ਵਲੋਂ ਲਾਸ਼ ਨੂੰ ਘੱਗਰ ਦਰਿਆ ਦੇ ਪੁਲ ਉਪਰ ਰੱਖ ਕੇ ਪਠਾਨਕੋਟ-ਦਿੱਲੀ ਹਾਈਵੇ 'ਤੇ ਜਾਮ ਲਗਾ ਦਿਤਾ। ਇਸ ਧਰਨੇ ਵਿਚ ਬੈਠੇ ਪਰਵਾਰ ਵਾਲੇ ਮੰਗ ਕਰ ਰਹੇ ਹਨ ਕਿ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤਕ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉਨੀ ਦੇਰ ਤਕ ਧਰਨਾ ਜਾਰੀ ਰਹੇਗਾ। ਇਸ ਧਰਨੇ ਨੂੰ ਸੰਬੋਧਿਨ ਕਰਦਿਆਂ ਹਰਦੀਪ ਸਿੰਘ ਮਹਿਰਾਜ ਜ਼ਿਲ੍ਹਾ ਪ੍ਰਧਾਨ ਦਲ ਖ਼ਾਲਸਾ ਧਾਰਮਕ ਵਿੰਗ ਬਠਿੰਡਾ ਅਤੇ ਭਾਈ ਸੁਖਵਿੰਦਰ ਸਿੰਘ ਪ੍ਰਧਾਨ ਸ੍ਰੀ ਗੁਰੂ ਗ੍ਰਥ ਸਾਹਿਬ ਸਤਿਕਾਰ ਸਭਾ ਹਰਿਆਣਾ ਨੇ ਕਿਹਾ ਕਿ ਪ੍ਰਸ਼ਾਸਨ ਦੀ ਢਿੱਲ ਕਾਰਨ ਹੀ ਸਾਨੂੰ ਇਹ ਕਦਮ ਚੁਕਣਾ ਪਿਆ।
ਧਰਨੇ ਕਾਰਨ ਆਵਾਜਾਈ ਠੱਪ ਹੋ ਗਈ ਅਤੇ ਭਾਰੀ ਬਾਰਸ਼ ਵਿਚ ਹੀ ਲੋਕਾਂ ਨੂੰ ਇਕ ਕਿਲੋਮੀਟਰ ਦਾ ਪੈਦਲ ਰਸਤਾ ਤੈਅ ਕਰਨਾ ਪਿਆ ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। 3 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਸਬ ਡਵੀਜ਼ਨ ਦਾ ਕੋਈ ਵੀ ਅਧਿਕਾਰੀ ਧਰਨੇ ਵਾਲੀ ਥਾਂ ਨਹੀਂ ਪੁਜਿਆ ਅਤੇ ਨਾ ਹੀ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਆਉਣ ਜਾਣ ਲਈ ਕੋਈ ਬਦਲਵਾਂ ਪ੍ਰਬੰਧ ਕੀਤਾ ਗਿਆ ਜਿਸ ਕਾਰਨ ਲੋਕ ਕਈ ਕਈ ਘੰਟੇ ਜਾਮ ਵਿਚ ਹੀ ਖੜੇ ਰਹੇ। ਜਦ ਇਸ ਸਬੰਧ ਵਿਚ ਥਾਣਾ ਮੁਖੀ ਸਰਦੂਲਗੜ੍ਹ ਗੁਰਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਪੁਰਾਣੀ ਰੰਜਸ਼ ਚਲਦੀ ਆ ਰਹੀ ਹੈ। ਪੁਲਿਸ ਸਾਰੇ ਤੱਥਾਂ ਦੀ ਤਫ਼ਤੀਸ਼ ਕਰ ਰਹੀ ਹੈ ਅਤੇ ਖ਼ੁਦਕੁਸ਼ੀ ਨੋਟ ਦੀ ਵੀ ਜਾਂਚ ਕਰਵਾਈ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤਕ ਭਾਰੀ ਬਾਰਸ਼ ਵਿਚ ਵੀ ਧਰਨਾ ਜਾਰੀ ਸੀ।