
ਕਿਸੇ ਨੂੰ ਵੀ ਇਹ ਇਜਾਜ਼ਤ ਨਹੀਂ ਮਿਲੇਗੀ ਜਿਸ ਨਾਲ ਪੰਜਾਬ 'ਚ ਮੁੜ ਕਾਲਾ ਦੌਰ ਦੇਖਣ ਨੂੰ ਮਿਲੇ - ਅਮਨ ਅਰੋੜਾ
ਕਿਹਾ, ਕੁਦਰਤੀ ਆਫ਼ਤ ਕਾਰਨ ਨੁਕਸਾਨ ਝੱਲਣ ਵਾਲੇ ਕਿਸਾਨਾਂ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ ਪੰਜਾਬ ਸਰਕਾਰ
ਮੋਹਾਲੀ : ਅੱਜ ਹੋਈ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਮਗਰੋਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਜਿਸ ਵਿਚ ਉਨ੍ਹਾਂ ਨੇ ਮੀਟਿੰਗ ਦੌਰਾਨ ਲਏ ਗਏ ਫੈਲਸ਼ਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਬੇਮੌਸਮੇ ਮੀਂਹ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ ਪਰ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਦਾ 100 ਫ਼ੀਸਦੀ ਨੁਕਸਾਨ ਹੋਇਆ ਹੈ ਉਨ੍ਹਾਂ ਨੂੰ 15 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ। ਇਸ ਤਰ੍ਹਾਂ ਹੀ 33 ਤੋਂ 75 ਫ਼ੀਸਦੀ ਨੁਕਸਾਨੀ ਫਸਲ ਲਈ6800 ਰੁਪਏ ਮੁਆਵਜ਼ਾ ਰਾਸ਼ੀ ਦਿੱਤੀ ਜਾਵੇਗੀ।
ਕੈਬਨਿਟ ਮੀਟਿੰਗ ਤੋਂ ਬਾਅਦ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਬਿਆਨ
-ਕਣਕ ਅਤੇ ਝੋਨੇ ਦੇ ਬਦਲ ਲਈ ਬਾਸਮਤੀ ਨੂੰ ਦਿੱਤੀ ਜਾਵੇਗੀ ਤਰਜੀਹ
-ਨਰਮੇ ਹੇਠ ਆਉਂਦੇ ਰਕਬੇ 'ਚ ਵੀ ਕੀਤਾ ਆਵੇਗਾ ਵਾਧਾ
-ਨਰਮੇ ਦੇ ਬੀਜਾਂ 'ਤੇ ਦਿੱਤੀ ਜਾਵੇਗੀ 33 ਫ਼ੀਸਦੀ ਸਬਸਿਡੀ
-ਨਕਲੀ ਦਵਾਈਆਂ ਬਣਾਉਣ ਵਾਲਿਆਂ ਨੂੰ ਭੇਜਿਆ ਜਾਵੇਗਾ ਜੇਲ੍ਹ
- ਦਵਾਈ ਬਣਾਉਣ ਵਾਲੀ ਕੰਪਨੀ ਨੂੰ ਕੀਤਾ ਜਾਵੇਗਾ ਬੰਦ
ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁਆਵਜ਼ਾ ਸਿਰਫ਼ ਕਣਕ ਲਈ ਨਹੀਂ ਸਗੋਂ ਮੀਂਹ ਕਾਰਨ ਨੁਕਸਾਨੀ ਸਬਜ਼ੀਆਂ ਆਦਿ ਦੀ ਫ਼ਸਲ ਲਈ ਵੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨਾਲ ਚੱਟਾਨ ਦੀ ਤਰ੍ਹਾਂ ਖੜ੍ਹੀ ਹੈ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਰਜਿਸਟਰੀਆਂ 'ਤੇ ਦਿੱਤੀ ਸਵਾ 2 ਫ਼ੀਸਦੀ ਦੀ ਛੋਟ ਅਜੇ ਇਸੇ ਤਰ੍ਹਾਂ ਜਾਰੀ ਰਹੇਗੀ। ਪੰਜਾਬ ਦੇ ਲੋਕ ਪੁਰਾਣੇ ਰੇਟ 'ਤੇ ਰਜਿਸਟਰੀਆਂ ਕਰਵਾ ਸਕਦੇ ਹਨ।ਉਨ੍ਹਾਂ ਦੱਸਿਆ ਕਿ 30 ਅਪ੍ਰੈਲ ਤੱਕ ਇਸ ਸਕੀਮ ਦਾ ਲਾਹਾ ਲਿਆ ਜਾ ਸਕਦਾ ਹੈ।
ਅੰਮ੍ਰਿਤਪਾਲ ਸਿੰਘ ਬਾਰੇ ਪੱਤਰਕਾਰਾਂ ਵਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਕਿਤੇ ਵੀ ਵੀਡੀਓ ਬਣਾ ਕੇ ਕਿਸੇ ਹੋਰ ਜਗ੍ਹਾ ਤੋਂ Live ਹੋਇਆ ਜਾ ਸਕਦਾ ਹੈ। ਅੰਮ੍ਰਿਤਪਾਲ ਸਿੰਘ ਕਿਤੇ ਵੀ ਬੈਠ ਕੇ ਲਾਈਵ ਹੋਰ ਰਿਹਾ ਜਾਂ ਆਡੀਓ/ਵੀਡੀਓ ਭੇਜ ਰਿਹਾ ਹੋਵੇ ਪਰ ਪੰਜਾਬ ਸਰਕਾਰ ਕਿਸੇ ਨੂੰ ਵੀ ਇਹ ਇਜਾਜ਼ਤ ਨਹੀਂ ਦੇਵੇਗੀ ਜਿਸ ਨਾਲ ਪੰਜਾਬ 'ਚ ਮੁੜ ਕਾਲਾ ਦੌਰ ਦੇਖਣ ਨੂੰ ਮਿਲੇ।