
ਅਪਣੀ ਜਾਨ ਵਾਰ ਕੇ ਹੋਰਾਂ ਦੀ ਜਾਨ ਬਚਾਉਣ ਵਾਲੇ ਤਪਤੇਜਦੀਪ ਸਿੰਘ ਦਾ ਵੈਰਾਗਮਈ ਸ਼ੁਕਰਾਨਾ
ਔਰਤ ਦੇ ਗਲ 'ਚ ਲਟਕਦੀ ਤਖ਼ਤੀ ਦੇਖ ਉੱਚੀ-ਉੱਚੀ ਭੁੱਬਾਂ ਮਾਰ-ਮਾਰ ਰੋਏ ਮੁਲਾਜ਼ਮ
ਕੋਟਕਪੂਰਾ, 30 ਮਈ (ਗੁਰਿੰਦਰ ਸਿੰਘ) : ਬੀਤੇ ਦਿਨੀ ਕੈਲੇਫ਼ੋਰਨੀਆ ਪ੍ਰਾਂਤ ਦੇ ਸੈਨਹੋਜ਼ੇ ਸ਼ਹਿਰ 'ਚ ਹੋਈ ਗੋਲੀਬਾਰੀ ਦੀ ਜਿਸ ਹਿਰਦੇ ਵੇਧਕ ਘਟਨਾ 'ਚ ਵੈਲੀ ਟ੍ਰਾਂਸਪੋਰਟ ਅਥਾਰਟੀ (ਵੀ.ਟੀ.ਏ) ਦੇ 9 ਮੁਲਾਜ਼ਮ ਮਾਰੇ ਗਏ ਸਨ, ਉਨ੍ਹਾਂ ਦੀ ਯਾਦ 'ਚ ਕਲ ਸ਼ਾਮ ਆਯੋਜਤ 'ਕੈਂਡਲ ਵਿਜ਼ਲ' ਮੌਕੇ ਬਹੁਤ ਸਾਰੇ ਮੁਲਾਜ਼ਮ ਇਕੱਤਰ ਹੋਏ | ਇਕ ਸਿਰਫਿਰੇ ਦਰਿੰਦੇ ਦੀ ਵਜ੍ਹਾ ਕਾਰਨ ਮੌਤ ਦੇ ਮੂੰਹ ਜਾ ਪਏ ਇਨ੍ਹਾਂ ਅਭਾਗਿਆਂ 'ਚ ਇਕ ਪੰਜਾਬੀ ਪ੍ਰਵਾਸੀ ਸਿੱਖ ਗੱਭਰੂ ਤਪਤੇਜਦੀਪ ਸਿੰਘ ਗਿੱਲ ਵੀ ਸ਼ਾਮਲ ਸੀ, ਜਿਸ ਨੇ ਅਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਬੰਦੂਕ ਚੁੱਕੀ ਆਏ ਹਤਿਆਰੇ ਤੋਂ ਬਚਾਅ ਕਰਨ ਲਈ ਦਫ਼ਤਰ ਦੇ ਮੁਲਾਜ਼ਮਾਂ ਨੂੰ ਰੌਲਾ ਪਾ ਕੇ ਸਾਵਧਾਨ ਕੀਤਾ | ਇਸੇ ਕਾਰਨ ਹਤਿਆਰੇ ਨੇ ਉਸ ਨੂੰ ਵੀ ਨਿਸ਼ਾਨਾ ਬਣਾਇਆ |
ਮੌਕੇ ਦੇ ਗਵਾਹਾਂ ਮੁਤਾਬਕ ਜੇ ਉਹ ਉਸ ਵੇਲੇ ਅਜਿਹਾ ਨਾ ਕਰਦਾ ਤਾਂ ਖ਼ੂਨੀ ਕਾਰਾ ਹੋਰ ਵੀ ਭਿਆਨਕ ਹੋ ਸਕਦਾ ਸੀ | ਵੀਟੀਏ ਦੇ ਇਕ ਪ੍ਰਵਾਸੀ ਪੰਜਾਬੀ ਕਰਮਚਾਰੀ ਹਰਮਿੰਦਰ ਸਿੰਘ ਨੇ ਇਸ ਪੱਤਰਕਾਰ ਨੂੰ ਫ਼ੋਨ 'ਤੇ ਜਾਣਕਾਰੀ ਦਿੰਦਿਆਂ ਦਸਿਆ ਕਿ ਤਪਤੇਜਦੀਪ ਸਿੰਘ ਦੇ ਉਪਰਾਲੇ ਕਾਰਨ ਅਪਣੀ ਜਾਨ ਬਚਾਉਣ ਵਾਲਿਆਂ 'ਚ ਸ਼ਾਮਲ ਵੀਟੀਏ ਦੀ ਮੁਲਾਜ਼ਮ ਇਕ ਮੈਡਮ ਤਪਤੇਜਦੀਪ ਦੀ ਯਾਦ 'ਚ ਆਯੋਜਤ ਸੋਗਮਈ ਮੋਮਬੱਤੀ ਵਿਜ਼ਲ ਮੌਕੇ ਅਪਣੇ ਗਲ 'ਚ ਇਕ ਤਖ਼ਤੀ ਲਟਕਾ ਕੇ ਆਈ ਹੋਈ ਸੀ ਜਿਸ 'ਤੇ ਉਸ ਨੇ ਮਿਸਟਰ ਸਿੰਘ ਦਾ ਉਸ ਦੀ ਜ਼ਿੰਦਗੀ ਬਚਾਉਣ ਲਈ ਧਨਵਾਦ ਦੇ ਸ਼ਬਦ ਲਿਖੇ ਹੋਏ ਸਨ |
ਇਸ ਮੈਡਮ ਦੇ ਗਲ 'ਚ ਲਟਕਦੀ ਇਹ ਤਖ਼ਤੀ ਦੇਖ ਕੇ ਸਾਰੇ ਮੁਲਾਜ਼ਮ ਉੱਚੀ-ਉੱਚੀ ਰੋ ਰਹੇ ਸਨ | ਅਮਰੀਕੀ ਮੀਡੀਏ 'ਚ ਜਾਨ ਦੀ ਪ੍ਰਵਾਹ ਨਾ ਕਰਦਿਆਂ ਅਪਣੇ ਕਈ ਸਾਥੀਆਂ ਦੀ ਜ਼ਿੰਦਗੀ ਬਚਾ ਗਏ ਇਸ ਸਿੱਖ ਨੌਜਵਾਨ ਦਾ ਬਹੁਤ ਭਾਵਪੂਰਨ ਸ਼ਬਦਾਂ 'ਚ ਜ਼ਿਕਰ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ-ਨਾਲ ਸਿੱਖ ਕੌਮ ਦੇ ਪਰਉਪਕਾਰੀ ਕਿਰਦਾਰ ਬਾਰੇ ਲਿਖਿਆ ਜਾ ਰਿਹਾ ਹੈ |
imageਤਪਤੇਜਦੀਪ ਸਿੰਘ ਦੇ ਨਾਂ ਦੀ ਤਖ਼ਤੀ ਗਲ ਵਿਚ ਪਾ ਕੇ ਸ਼ੁਕਰਾਨਾ ਕਰਦੀ ਹੋਈ ਇਕ ਮੁਲਾਜ਼ਮ |