
ਬੰਬੀਹਾ ਗਰੁੱਪ ਨੇ ਕਿਹਾ ਕਿ ਮੂਸੇਵਾਲਾ ਸਾਡਾ ਬੰਦਾ ਨਹੀਂ ਸੀ ਪਰ ਉਸ ਦਾ ਨਾਂ ਸਾਡੇ ਨਾਲ ਜੋੜਿਆ ਜਾ ਰਿਹਾ ਹੈ। ਇਸ ਲਈ ਅਸੀਂ ਜਲਦੀ ਤੋਂ ਜਲਦੀ ਉਸ ਦੀ ਮੌਤ ਦਾ ਬਦਲਾ ਲਵਾਂਗੇ
ਮਾਨਸਾ - ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੇ ਪੂਰੀ ਦੁਨੀਆਂ ਵਿਚ ਸੰਨਾਟਾ ਪਸਾਰ ਦਿੱਤਾ ਹੈ ਤੇ ਉਸ ਦੀ ਮੌਤ ਨੂੰ ਲੈ ਕੇ ਵਿਦੇਸ਼ਾਂ ਵਿਚ ਲੋਕ ਗਮ ਵਿਚ ਹਨ। ਮੂਸੇਵਾਲਾ ਦੇ ਕਤਲ ਨੂੰ ਲੈ ਕੇ ਕਈ ਅਹਿਮ ਖੁਲਾਸੇ ਵੀ ਹੋਏ ਹਨ ਤੇ ਕਈ ਬਿਆਨ ਵੀ ਸਾਹਮਣੇ ਆਏ ਹਨ।
Sidhu Moose Wala
- ਸਭ ਤੋਂ ਪਹਿਲਾਂ ਮੁੱਢਲੀ ਜਾਂਚ ਤੋਂ ਬਾਅਦ ਪੰਜਾਬ ਪੁਲਿਸ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਪੰਜਾਬ ਦੇ ਗੈਂਗਸਟਰਾਂ ਦੀ ਦੁਸ਼ਮਣੀ ਦਾ ਸ਼ਿਕਾਰ ਹੋਇਆ ਹੈ।
- ਇਸ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਗੋਲਡੀ ਬਰਾੜ ਨੇ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਉਹਨਾਂ ਦੇ ਵਿਰੋਧੀ ਬੰਬੀਹਾ ਗਰੁੱਪ ਨੂੰ ਸਪੋਰਟ ਕਰਦਾ ਸੀ। ਗੋਲਡੀ ਬਰਾੜ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੈ।
- ਬੰਬੀਹਾ ਗਰੁੱਪ ਨੇ ਕਿਹਾ ਹੈ ਕਿ ਮੂਸੇਵਾਲਾ ਸਾਡਾ ਬੰਦਾ ਨਹੀਂ ਸੀ ਪਰ ਉਸ ਦਾ ਨਾਂ ਸਾਡੇ ਨਾਲ ਜੋੜਿਆ ਜਾ ਰਿਹਾ ਹੈ। ਇਸ ਲਈ ਅਸੀਂ ਜਲਦੀ ਤੋਂ ਜਲਦੀ ਉਸ ਦੀ ਮੌਤ ਦਾ ਬਦਲਾ ਲਵਾਂਗੇ।
goldy brar, lawrence bishnoi
ਇਹ ਤਿੰਨੇ ਬਿਆਨ ਪੰਜਾਬ ਦੇ ਗੈਂਗ ਕਲਚਰ ਦੀ ਨਿਸ਼ਾਨਦੇਹੀ ਕਰਦੇ ਹਨ। 2006 ਵਿਚ ਚੰਡੀਗੜ੍ਹ ਵਿਚ ਗੈਂਗਸਟਰ ਪ੍ਰਭਜਿੰਦਰ ਸਿੰਘ ਡਿੰਪੀ ਨੂੰ ਗੋਲੀ ਮਾਰਨ ਤੋਂ ਲੈ ਕੇ ਐਤਵਾਰ ਨੂੰ ਗਾਇਕ ਸਿੱਧੂ ਮੂਸੇਵਾਲਾ ਦੇ ਬੇਰਹਿਮੀ ਨਾਲ ਕਤਲ ਤੱਕ। ਪੰਜਾਬ ਦੇ ਗੈਂਗਸ ਨੇ ਪਿਛਲੇ ਦੋ ਦਹਾਕਿਆਂ ਵਿਚ ਇੱਕ ਲੰਮਾ ਸਫ਼ਰ ਤੈਅ ਕੀਤਾ ਹੈ। ਇਸ ਸਮੇਂ ਪੰਜਾਬ ਵਿਚ 70 ਦੇ ਕਰੀਬ ਗੈਂਗ ਸਰਗਰਮ ਹਨ, ਜਿਨ੍ਹਾਂ ਦੀਆਂ ਜੜ੍ਹਾਂ ਪੰਜਾਬ ਦੇ ਮਾਲਵਾ, ਦੁਆਬਾ ਅਤੇ ਮਾਝਾ ਖੇਤਰਾਂ ਵਿਚ ਫੈਲੀਆਂ ਹੋਈਆਂ ਹਨ।
ਪੰਜਾਬ ਵਿਚ ਜ਼ਿਆਦਾਤਰ ਗੈਂਗ ਸੰਗਠਿਤ ਅਤੇ ਤਕਨੀਕ ਨਾਲ ਜੁੜੇ ਹੋਏ ਹਨ।
ਉਹ ਫਿਰੌਤੀ ਅਤੇ ਧਮਕੀਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ਵੀ ਕਰਦੇ ਹਨ। ਪੰਜਾਬ ਦੀਆਂ ਜੇਲ੍ਹਾਂ ਵਿਚੋਂ ਵੀ ਇਨ੍ਹਾਂ ਗਰੋਹਾਂ ਵੱਲੋਂ ਆਪਣਾ ਨੈੱਟਵਰਕ ਚਲਾਉਣ ਦੀਆਂ ਖ਼ਬਰਾਂ ਹਨ। ਇਨ੍ਹਾਂ ਗਰੋਹਾਂ ਦੀ ਆਮਦਨ ਦਾ ਮੁੱਖ ਸਰੋਤ ਨਸ਼ਾ ਤਸਕਰੀ, ਕੰਟਰੈਕਟ ਕਿਲਿੰਗ, ਲੁੱਟ ਅਤੇ ਫਿਰੌਤੀ ਹਨ। 2015 ਵਿਚ ਕੇਂਦਰ ਸਰਕਾਰ ਨੇ ਪੰਜਾਬ ਓਪੀਔਡ ਨਿਰਭਰਤਾ ਸਰਵੇਖਣ ਕਰਵਾਇਆ ਸੀ। ਇਸ ਸਰਵੇ ਅਨੁਸਾਰ ਪੰਜਾਬ ਦੇ 2.32 ਲੱਖ ਲੋਕ ਨਸ਼ਿਆਂ 'ਤੇ ਨਿਰਭਰ ਹਨ। ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਦੀ 2019 ਦੀ ਰਿਪੋਰਟ ਅਨੁਸਾਰ ਪੰਜਾਬ ਦੀ 2.1% ਆਬਾਦੀ ਅਫੀਮ ਜਾਂ ਇਸ ਤੋਂ ਬਣੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਦੀ ਹੈ। ਇਹ ਗਰੋਹ ਨਸ਼ਾ ਤਸਕਰੀ ਰਾਹੀਂ ਮੋਟੀ ਕਮਾਈ ਕਰਦੇ ਹਨ।
Mankirat Aulakh
ਇਸ ਸਮੇਂ ਪੰਜਾਬੀ ਸੰਗੀਤ ਇੰਡਸਟੀ ਭਾਰਤ ਦੀ ਸਭ ਤੋਂ ਪ੍ਰਸਿੱਧ ਸੰਗੀਤ ਇੰਡਸਟਰੀ ਬਣ ਰਹੀ ਹੈ। ਪੰਜਾਬੀ ਗਾਇਕਾਂ ਨੂੰ ਪੈਸਾ ਅਤੇ ਪ੍ਰਸਿੱਧੀ ਆਸਾਨੀ ਨਾਲ ਮਿਲ ਜਾਂਦੀ ਹੈ। ਗੈਂਗਸਟਰ ਉਨ੍ਹਾਂ ਨੂੰ ਫਿਰੌਤੀ ਲਈ ਨਿਸ਼ਾਨਾ ਬਣਾਉਂਦੇ ਹਨ। ਇਸ ਤੋਂ ਇਲਾਵਾ ਗਾਇਕਾਂ ਦੀਆਂ ਧਮਕੀਆਂ ਨਾਲ ਨਾਮ ਜੋੜ ਕੇ ਗੈਂਗਸਟਰਾਂ ਦਾ ਨਾਂ ਵੀ ਵੱਡਾ ਹੋ ਜਾਂਦਾ ਹੈ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਗਾਇਕ ਮਨਕੀਰਤ ਔਲਖ ਅਤੇ ਪਰਮੀਸ਼ ਵਰਮਾ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ।
ਇਸ ਸਮੇਂ ਪੰਜਾਬ ਵਿਚ ਸਰਗਰਮ 70 ਗਰੋਹਾਂ ਵਿਚ 500 ਦੇ ਕਰੀਬ ਮੈਂਬਰ ਹਨ। ਇਨ੍ਹਾਂ ਵਿਚੋਂ 300 ਦੇ ਕਰੀਬ ਜੇਲ੍ਹ ਵਿਚ ਹਨ। ਪੰਜਾਬ ਦੀ ਨਵੀਂ ਭਗਵੰਤ ਮਾਨ ਸਰਕਾਰ ਨੇ ਗੈਂਗਸਟਰਾਂ 'ਤੇ ਲਗਾਮ ਲਗਾਉਣ ਲਈ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਹੈ। ਇਸ ਦੀ ਅਗਵਾਈ ਵਧੀਕ ਡਾਇਰੈਕਟਰ ਜਨਰਲ ਰੈਂਕ ਦਾ ਅਧਿਕਾਰੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਪੰਜਾਬ ਪੁਲਿਸ ਦੀ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਵੀ ਬਣਾਈ ਸੀ।