
ਡਾਕਟਰਾਂ ਨੂੰ 24 ਗੋਲੀਆਂ ਦੇ ਨਿਸ਼ਾਨ ਮਿਲੇ ਹਨ।
ਮਾਨਸਾ - ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ ਅੱਜ ਹੋਵੇਗਾ। ਇਸ ਦਾ ਸਮਾਂ ਦੁਪਹਿਰ 12 ਵਜੇ ਦੇ ਕਰੀਬ ਤੈਅ ਕੀਤਾ ਗਿਆ ਹੈ। ਕੱਲ੍ਹ 5 ਡਾਕਟਰਾਂ ਦੇ ਬੋਰਡ ਵੱਲੋਂ ਮੂਸੇਵਾਲਾ ਦਾ ਪੋਸਟਮਾਰਟਮ ਕੀਤਾ ਗਿਆ। ਜਿਸ ਵਿਚ ਉਸ ਦਾ ਸਿਰ, ਲੱਤਾਂ, ਛਾਤੀ ਅਤੇ ਪੇਟ ਗੋਲੀਆਂ ਨਾਲ ਬੁਰੀ ਤਰ੍ਹਾਂ ਛਲਨੀ ਕੀਤਾ ਗਿਆ ਸੀ। ਡਾਕਟਰਾਂ ਨੂੰ 24 ਗੋਲੀਆਂ ਦੇ ਨਿਸ਼ਾਨ ਮਿਲੇ ਹਨ।
Sidhu Moose Wala
ਮੂਸੇਵਾਲਾ ਦੇ ਖੱਬੇ ਫੇਫੜੇ ਅਤੇ ਜਿਗਰ ਵਿਚ ਵੀ ਗੋਲੀ ਲੱਗੀ ਹੋਈ ਸੀ। ਇਸ ਕਾਰਨ ਮੌਕੇ 'ਤੇ ਹੀ ਮੌਤ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਜ਼ਿਆਦਾ ਖੂਨ ਵਹਿਣਾ ਵੀ ਮੂਸੇਵਾਲਾ ਦੀ ਮੌਤ ਦਾ ਕਾਰਨ ਬਣਿਆ। ਮੂਸੇਵਾਲਾ ਦੀ ਐਤਵਾਰ ਸ਼ਾਮ ਜਵਾਹਰਕੇ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਵੱਡੀ ਗਿਣਤੀ 'ਚ ਪਿੰਡ ਮੂਸੇਵਾਲਾ ਪਹੁੰਚ ਰਹੇ ਹਨ। ਇਸ ਦੇ ਮੱਦੇਨਜ਼ਰ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
Sidhu Moose Wala
ਬਠਿੰਡਾ ਰੇਂਜ ਦੇ ਆਈਜੀ ਪੀਕੇ ਯਾਦਵ ਅਤੇ ਬਠਿੰਡਾ ਦੇ ਐਸਐਸਪੀ ਜੇ. ਏਲਚੇਜ਼ੀਅਨ ਨੇ ਮਾਨਸਾ ਦੇ ਐਸਐਸਪੀ ਗੌਰਵ ਤੂਰਾ ਦੇ ਨਾਲ ਮਾਨਸਾ ਵਿਚ ਡੇਰਾ ਲਾਇਆ ਹੋਇਆ ਹੈ। ਸੁਰੱਖਿਆ ਦੇ ਮੱਦੇਨਜ਼ਰ ਮੂਸੇਵਾਲਾ ਦੀ ਦੇਹ ਨੂੰ ਰਾਤ ਭਰ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ। ਅੱਜ ਸਵੇਰੇ 8.30 ਵਜੇ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ। ਹੁਣ ਮੂਸੇਵਾਲਾ ਕਤਲ ਕੇਸ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ ਕਰਨਗੇ। ਪੰਜਾਬ ਦੇ ਗ੍ਰਹਿ ਸਕੱਤਰ ਅਨੁਰਾਗ ਵਰਮਾ ਨੇ ਰਜਿਸਟਰਾਰ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਪੱਤਰ ਲਿਖਿਆ ਹੈ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਹ ਮੰਗ ਕੀਤੀ ਸੀ।