
ਮੈਨੂੰ ਪਤਾ ਹੁੰਦਾ ਦੇਸ਼ ਤੋਂ ਪੁੱਤ ਵਾਰ ਕੇ ਬੁਢਾਪਾ ਰੁਲੂ ਤਾਂ ਉਸ ਨੂੰ ਕਦੇ ਫ਼ੌਜ 'ਚ ਭਰਤੀ ਨਾ ਹੋਣ ਦਿੰਦੀ : ਮਾਤਾ ਜਗੀਰ ਕੌਰ
ਝੁਨੀਰ, 30 ਜੁਲਾਈ (ਮਿੱਠੂ ਘੁਰਕਣੀ) : ਸਪੋਕਸਮੈਨ ਦੀ ਟੀਮ ਨੇ ਜ਼ਿਲ੍ਹੇ ਦੇ ਪਿੰਡ ਕੁਸਲਾ ਦੇ ਕਾਰਗਿਲ ਸ਼ਹੀਦ 15 ਸਿੱਖ ਲਾਈਟ ਇੰਨਫ਼ੈਂਟਰੀ ਦੇ ਨਾਇਕ ਨਿਰਮਲ ਸਿੰਘ ਦੇ ਘਰ ਚੱਕਰ ਮਾਰਿਆ ਜੋ ਸ਼ਹੀਦੀ ਤੋਂ ਬਾਅਦ ਅਪਣੀ ਪਤਨੀ ਤੇ ਪ੍ਰਵਾਰ ਨੂੰ ਛੱਡ ਕੇ ਚਲੇ ਗਏ ਸਨ। ਇਸ ਸਮੇਂ ਸ਼ਹੀਦ ਦੇ ਘਰ 83 ਸਾਲ ਦੀ ਬਜ਼ੁਰਗ ਮਾਤਾ ਜਗੀਰ ਕੌਰ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆ ਦਸਿਆਂ ਕੇ ਮੇਰੇ ਪੁੱਤਰ ਦੀ ਸ਼ਹੀਦੀ ਤੋਂ ਬਾਅਦ ਜੋ ਸਰਕਾਰ ਨੇ ਸਾਡੇ ਪ੍ਰਵਾਰ ਦੀ ਮਦਦ ਕੀਤੀ ਉਹ ਉਸ ਦੀ ਪਤਨੀ ਲੈ ਕੇ ਪੇਕੇ ਚਲੀ ਗਈ।
ਸ਼ਹੀਦ ਨਿਰਮਲ ਸਿੰਘ ਦੀ ਮਾਤਾ ਅਪਣੀ ਰਹਿੰਦੀ ਜ਼ਿੰਦਗੀ ਬੜੀ ਤਰਸਯੋਗ ਹਾਲਤ ਵਿਚ ਗੁਜ਼ਾਰ ਰਹੀ ਹੈ। ਉਨ੍ਹਾਂ ਨੂੰ ਇਸ ਬੁਢਾਪੇ ਵਿਚ ਮਨਰੇਗਾ ਤਹਿਤ ਦਿਹਾੜੀ ਕਰ ਕੇ ਅਪਣਾ ਪੇਟ ਪਾਲਣਾ ਪੈ ਰਿਹਾ ਹੈ। ਸ਼ਹੀਦ ਦੀ ਮਾਤਾ ਨੇ ਦਸਿਆ ਕਿ ਉਸ ਨੂੰ ਇਕ ਖਸਤਾਹਾਲ ਮਕਾਨ ਵਿਚ ਅਪਣਾ ਜੀਵਨ ਬਸਰ ਕਰਨਾ ਪੈ ਰਿਹਾ ਹੈ ਜੋ ਬਰਸਾਤੀ ਦਿਨਾਂ ਵਿਚ ਪਾਣੀ ਨਾਲ ਭਰ ਜਾਦਾ ਹੈ। ਇਸ ਸਮੇਂ ਉਨ੍ਹਾਂ ਦੀ ਜ਼ਿੰਦਗੀ ਨਰਕ ਤੋਂ ਘੱਟ ਨਹੀ। ਉਨ੍ਹਾਂ ਕਿਹਾ ਕਿ ਸਾਨੂੰ ਪਤਾ ਹੁੰਦਾ ਕਿ ਦੇਸ਼ ਉਪਰੋਂ ਜਾਨ ਵਾਰਨ ਵਾਲਿਆਂ ਦੇ ਬਜ਼ੁਰਗ ਮਾਪੇ ਬੁਢਾਪੇ ਵਿਚ ਰੁਲਣਗੇ ਤਾਂ ਮੈਂ ਕਦੇ ਅਪਣੇ ਪੁੱਤ ਨੂੰ ਫ਼ੌਜ ਵਿਚ ਭਰਤੀ ਨਾ ਹੋਣ ਦਿੰਦੀ।
ਅਪਣਾ ਹੀਰਾ ਪੁੱਤ ਦੇਸ਼ ਤੋਂ ਵਾਰਨ 'ਤੇ ਅੱਜ ਉਸ ਦੀ ਮਾਂ ਕਿਸ ਹਾਲਤ ਵਿਚ ਰਹਿ ਰਹੀ ਹੈ, ਇਸ ਬਾਰੇ ਸ਼ਾਇਦ ਸਮੇਂ ਦੀਆਂ ਸਰਕਾਰਾਂ ਅਤੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਦੀ ਸੂਹ ਵੀ ਨਾ ਹੋਵੇ। ਇਸ ਤਰ੍ਹਾਂ ਦੇਸ਼ ਤੋਂ ਜਾਨ ਵਾਰਨ ਵਾਲੇ ਜੋਧਿਆਂ ਦੇ ਮਾਪੇ ਬੁਢਾਪੇ ਵਿਚ ਇਕ ਨਰਕ ਭਰੀ ਜ਼ਿੰਦਗੀ ਹੰਢਾਉਣ, ਇਹ ਪੂਰੇ ਸਮਾਜ ਲਈ ਸ਼ਰਮਨਾਕ ਗੱਲ ਹੈ। ਪਿੰਡ ਦੇ ਸਰਪੰਚ ਮਨਜੀਤ ਸਿੰਘ ਨੇ ਦਸਿਆਂ ਸ਼ਹੀਦ ਨਾਇਕ ਨਿਰਮਲ ਸਿੰਘ ਦੀ ਕੋਈ ਯਾਦਗਾਰ ਸਰਕਾਰ ਵਲੋਂ ਨਹੀਂ ਬਣਾਈ ਗਈ। ਪਿੰਡ ਵਿਚ ਸ਼ਹੀਦ ਦਾ ਬੁੱਤ ਹੀ ਲਗਿਆ ਹੋਇਆ ਹੈ।
ਪਿੰਡ ਦੇ ਸਰਕਾਰੀ ਸਕੂਲ ਦਾ ਨਾਂ ਸ਼ਹੀਦ ਦੇ ਨਾਂ 'ਤੇ ਰਖਣਾ ਹਾਲੇ ਫ਼ਾਇਲਾਂ ਤਕ ਸੀਮਤ ਹੈ। ਕਿਸਾਨ ਯੂਨੀਅਨ ਦੇ ਪ੍ਰਧਾਨ ਮਲੂਕ ਸਿੰਘ ਹੀਰਕੇ ਨੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਸ਼ਹੀਦ ਨਿਰਮਲ ਸਿੰਘ ਕੁਸ਼ਲਾ ਦੀ ਬਜ਼ੁਰਗ ਮਾਤਾ ਨੂੰ ਵਿੱਤੀ ਸਹਾਇਤਾ ਦੇ ਕੇ ਉਨ੍ਹਾਂ ਦੇ ਰਹਿਣ ਲਈ ਦੋ ਕਮਰੇ ਸਮੇਤ ਘਰ ਬਣਾ ਕੇ ਦੇਵੇ। ਸਮਾਜ ਲਈ ਬੜੀ ਸ਼ਰਮਨਾਕ ਗੱਲ ਹੈ, ਜੇਕਰ ਅੱਜ ਉਨ੍ਹਾਂ ਦਾ ਪੁੱਤਰ ਜਿਊਂਦਾ ਹੁੰਦਾ ਤਾਂ ਸ਼ਾਇਦ ਅੱਜ ਉਸ ਦੀ ਮਾਤਾ ਜਗੀਰ ਕੌਰ ਦਾ ਬੁਢਾਪਾ ਨਾ ਰੁਲਦਾ।