
ਪਿੰਡ ਭਲਾਈਪੁਰ ਪੁਰਬਾਂ ਵਿਖੇ 10ਵੀਂ ਜਮਾਤ ਵਿਚ ਪੜ੍ਹਦੇ ਬੱਚੇ ਨੇ ਬੱਚੇ ਨੇ ਅਪਣੇ ਤੇਜ਼ ਦਿਮਾਗ ਦੀ ਵਰਤੋਂ ਕਰ ਕੇ ਗੱਤਿਆਂ ਦਾ ਟਰੈਕਟਰ ਅਤੇ ਕੰਬਾਇਨ ਤਿਆਰ ਕੀਤੀ ਹੈ
ਚੰਡੀਗੜ੍ਹ: ਬਾਬਾ ਬਕਾਲਾ ਦੇ ਪਿੰਡ ਭਲਾਈਪੁਰ ਪੁਰਬਾਂ ਵਿਖੇ 10ਵੀਂ ਜਮਾਤ ਵਿਚ ਪੜ੍ਹਦੇ ਬੱਚੇ ਨੇ ਬੱਚੇ ਨੇ ਅਪਣੇ ਤੇਜ਼ ਦਿਮਾਗ ਦੀ ਵਰਤੋਂ ਕਰ ਕੇ ਗੱਤਿਆਂ ਦਾ ਟਰੈਕਟਰ ਅਤੇ ਕੰਬਾਇਨ ਤਿਆਰ ਕੀਤੀ ਹੈ। ਸਿਮਰਨਜੀਤ ਦੇ ਘਰ ਵਿਚ ਕੁਝ ਫਾਲਤੂ ਗੱਤੇ ਪਏ ਸਨ, ਜਿਨ੍ਹਾਂ ਨੂੰ ਦੇਖ ਕੇ ਉਸ ਨੇ ਸੋਚਿਆ ਕਿਉਂ ਨਾ ਇਹਨਾਂ ਦੀ ਵਰਤੋਂ ਕਰਕੇ ਕੋਈ ਵੱਖਰੀ ਚੀਜ਼ ਬਣਾਈ ਜਾਵੇ। ਜਦੋਂ ਉਸ ਨੇ ਅਪਣਾ ਦਿਮਾਗ ਲਾਇਆ ਤਾਂ ਉਸ ਦੇ ਮਨ ਵਿਚ ਟਰੈਕਟਰ ਅਤੇ ਕੰਬਾਇਨ ਬਣਾਉਣ ਦਾ ਵਿਚਾਰ ਆਇਆ।
Simranjit Singh
ਕੰਬਾਇਨ ਬਣਾਉਣ ਸਮੇਂ ਜਦੋਂ ਵੀ ਉਸ ਨੂੰ ਕੋਈ ਚੀਜ਼ ਨਹੀਂ ਸਮਝ ਆਉਂਦੀ ਤਾਂ ਉਹ ਅਪਣੇ ਪਿਤਾ ਜੋ ਕਿ ਇਕ ਮਸ਼ੀਨ ਫੋਰਮੈਨ ਹਨ ਦੀ ਮਦਦ ਲੈਂਦਾ ਜਾਂ ਫਿਰ ਪਿੰਡ ਵਿਚ ਵੱਖ-ਵੱਖ ਥਾਵਾਂ ‘ਤੇ ਕੰਮ ਕਰ ਰਹੀਆਂ ਮਸ਼ੀਨਾਂ ਨੂੰ ਜਾ ਕੇ ਦੇਖਦਾ।ਅਜਿਹਾ ਕਰ ਕੇ ਉਸ ਨੇ ਕੁਝ ਹੀ ਦਿਨਾਂ ਵਿਚ ਬਿਲਕੁਲ ਅਸਲੀ ਦੀ ਤਰ੍ਹਾਂ ਦਿਖਾਈ ਦੇਣ ਵਾਲੀ ਕੰਬਾਇਨ ਤਿਆਰ ਕਰ ਦਿੱਤੀ। ਕੰਬਾਇਨ ਨੂੰ ਕੰਟਰੋਲ ਕਰਨ ਲਈ ਉਸ ਨੇ ਟੀਕਿਆਂ ਦੀਆਂ ਸਰਿੰਜਾਂ ਦੀ ਵਰਤੋਂ ਕੀਤੀ।
Simranjit Singh
ਸਿਮਰਨਜੀਤ ਨੂੰ ਕੰਬਾਇਨ ਸਭ ਤੋਂ ਜ਼ਿਆਦਾ ਪਸੰਦ ਹੈ ਸ਼ਾਇਦ ਇਸੇ ਲਈ ਉਸ ਨੇ ਇਸ ਨੂੰ ਬਣਾਉਣ ਦਾ ਫੈਸਲਾ ਲਿਆ। ਸਕੂਲ ਵਿਚ ਸਿਮਰਨਜੀਤ ਦੇ ਨਾਲ ਪੜ੍ਹਦੇ ਉਸ ਦੇ ਇਕ ਦੋਸਤ ਨੇ ਵੀ ਕੰਬਾਇਨ ਬਣਾਈ ਸੀ ਜੋ ਕਿ ਬਹੁਤ ਛੋਟੀ ਸੀ, ਜਦੋਂ ਉਸ ਨੇ ਸਕੂਲ ਵਿਚ ਮੈਡਮ ਨੂੰ ਅਪਣੀ ਬਣਾਈ ਕੰਬਾਇਨ ਦਿਖਾਈ ਤਾਂ ਮੈਡਮ ਨੇ ਉਸ ਬੱਚੇ ਦੀ ਕਾਫ਼ੀ ਤਾਰੀਫ ਕੀਤੀ ਅਤੇ ਉਸ ਦੇ ਲਈ ਤਾੜੀਆਂ ਵਜਾਈਆਂ, ਇਸ ਦੌਰਾਨ ਸਿਮਰਨਜੀਤ ਨੇ ਵੀ ਫੈਸਲਾ ਕੀਤਾ ਸੀ ਕਿ ਉਹ ਵੀ ਇਕ ਕੰਬਾਇਨ ਬਣਾਵੇਗਾ ਜੋ ਕਿ ਇਸ ਕੰਬਾਇਨ ਨਾਲੋਂ ਵੱਡੀ ਹੋਵੇਗੀ।
Combine Made by Simranjit Singh
ਹੁਣ ਸਿਮਰਨਜੀਤ ਨੇ ਵੱਡੀ ਕੰਬਾਇਨ ਬਣਾ ਲਈ ਹੈ, ਜਦੋਂ ਸਕੂਲ ਖੁੱਲ੍ਹਣਗੇ ਤਾਂ ਸਭ ਤੋਂ ਪਹਿਲਾਂ ਉਹ ਅਪਣੀ ਕੰਬਾਇਨ ਮੈਡਮ ਨੂੰ ਦਿਖਾਵੇਗਾ ਤੇ ਸ਼ਾਬਾਸ਼ੀ ਲਵੇਗਾ। ਸਿਮਰਨਜੀਤ ਦੇ ਪਿਤਾ ਵੀ ਮਸ਼ੀਨ ਚਲਾਉਂਦੇ ਹਨ ਤੇ ਪਿਤਾ ਨੂੰ ਮਸ਼ੀਨ ਚਲਾਉਂਦੇ ਵੇਖ ਕੇ ਵੀ ਉਸ ਦੇ ਮਨ ਵਿਚ ਮਸ਼ੀਨ ਬਣਾਉਣ ਨਾ ਫੁਰਨਾ ਫਿਰਿਆ। ਕੰਬਾਇਨ ਬਣਾਉਂਦੇ ਸਮੇਂ ਜੇਕਰ ਕੋਈ ਪੁਰਜ਼ਾ ਗਲਤ ਜਗ੍ਹਾ ਲੱਗ ਜਾਂਦਾ ਤਾਂ ਉਸ ਦੇ ਪਿਤਾ ਉਸ ਦੀ ਮਦਦ ਕਰਦੇ ਤੇ ਪੁਰਜ਼ਿਆਂ ਨੂੰ ਸਹੀ ਜਗ੍ਹਾਂ ਨੂੰ ਫਿਟ ਕਰਵਾ ਦਿੰਦੇ।
Simranjit Singh
ਟਰੈਕਟਰ ਅਤੇ ਕੰਬਾਇਨ ਬਣਾਉਣ ਵਿਚ ਸਿਮਰਨਜੀਤ ਦੇ ਛੋਟੇ ਭਰਾ ਅਕਾਸ਼ ਨੇ ਵੀ ਉਸ ਦੀ ਕਾਫੀ ਮਦਦ ਕੀਤੀ, ਦੋਵੇਂ ਭਰਾਵਾਂ ਦੀ ਮਿਹਨਤ ਅਤੇ ਲਗਨ ਨੂੰ ਦੇਖ ਕੇ ਇਹਨਾਂ ਦੇ ਪਿਤਾ ਨੂੰ ਮਾਣ ਮਹਿਸੂਸ ਹੋ ਰਿਹਾ ਹੈ। ਉਝ ਤਾਂ ਦੋਵੇਂ ਭਰਾਵਾਂ ਨੇ ਕੰਬਾਇਨ ਨੂੰ ਬਣਾਉਣ ਲਈ ਕੁਝ ਹੀ ਸਮਾਂ ਲਿਆ ਸੀ ਪਰ ਵੱਖਰੇ-ਵੱਖਰੇ ਰੰਗ ਨਾ ਮਿਲਣ ਕਾਰਨ ਕੰਬਾਇਨ ਪੂਰੀ ਹੋਣ ਲਈ 3 ਮਹੀਨੇ ਦਾ ਸਮਾਂ ਲੱਗਿਆ। ਸਿਮਰਨਜੀਤ ਸਿੰਘ ਨਾਂਅ ਦਾ ਇਹ ਬੱਚਾ ਵੱਡਾ ਹੋ ਕੇ ਇੰਜੀਨੀਅਰ ਬਣਨਾ ਚਾਹੁੰਦਾ ਹੈ, ਇਸ ਦੇ ਲਈ ਉਸ ਨੇ ਹੁਣ ਤੋਂ ਹੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ।
ਲੌਕਡਾਊਨ ਕਾਰਨ ਦੇਸ਼ ਭਰ ਦੇ ਸਕੂਲ ਬੰਦ ਹਨ ਤੇ ਸਾਰੇ ਬੱਚੇ ਘਰ ਵਿਚ ਹੀ ਪੜ੍ਹਾਈ ਕਰ ਰਹੇ ਹਨ। ਇਸ ਬੱਚੇ ਨੇ ਲੌਕਡਾਊਨ ਦਾ ਭਰਪੂਰ ਫਾਇਦਾ ਲਿਆ ਤੇ ਅਪਣੇ ਹੁਨਰ ਦੀ ਵਰਤੋਂ ਨਾਲ ਵੱਡੇ-ਵੱਡੇ ਇੰਜੀਨੀਅਰਾਂ ਨੂੰ ਮਾਤ ਦਿੱਤੀ ਹੈ। ਕੁਝ ਦਿਨ ਪਹਿਲਾਂ ਸਮਾਜ ਸੇਵੀ ਗੁਰਪ੍ਰੀਤ ਸਿੰਘ ਨੇ ਸਿਮਰਨਜੀਤ ਵੱਲੋਂ ਬਣਾਈ ਗਈ ਕੰਬਾਇਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਕਾਫੀ ਵਾਇਰਲ ਹੋਈ ਸੀ, ਕੁਝ ਹੀ ਘੰਟਿਆਂ ਵਿਚ ਇਸ ਵੀਡੀਓ ਨੂੰ ਲੱਖਾਂ ਲੋਕਾਂ ਨੇ ਦੇਖਿਆ ਅਤੇ ਸਿਮਰਨਜੀਤ ਦੀ ਤਾਰੀਫ ਕੀਤੀ। ਵੀਡੀਓ ਦੇਖਣ ਤੋਂ ਬਾਅਦ ਉਸ ਨਾਲ ਕਾਫੀ ਲੋਕਾਂ ਨੇ ਸੰਪਰਕ ਕੀਤਾ ਤੇ ਉਸ ਨੂੰ ਸ਼ਾਬਾਸ਼ੀ ਦਿੱਤੀ। ਸੋਸ਼ਲ ਮੀਡੀਆ ‘ਤੇ ਲੋਕ ਸਿਮਰਨਜੀਤ ਨੂੰ ਉਸ ਦੇ ਭਵਿੱਖ ਨੂੰ ਸ਼ੁੱਭਕਾਮਨਾਵਾਂ ਦੇ ਰਹੇ ਹਨ।