
ਪਛੜੀ ਜਾਤੀ ਵਿਦਿਆਰਥੀਆਂ ਲਈ 27 ਫ਼ੀ ਸਦੀ ਰਾਖਵਾਂਕਰਨ
ਕੇਂਦਰ ਦੇ ਇਸ ਫ਼ੈਸਲੇ ਨਾਲ 5500 ਨੂੰ ਸਾਲਾਨਾ ਫ਼ਾਇਦਾ
ਚੰਡੀਗੜ੍ਹ, 30 ਜੁਲਾਈ (ਜੀ.ਸੀ. ਭਾਰਦਵਾਜ): ਬੀਤੇ ਕੱਲ ਕੇਂਦਰ ਸਰਕਾਰ ਵਲੋਂ ਮੈਡੀਕਲ ਸੰਸਥਾਵਾਂ ਵਿਚ ਕੀਤੇ ਜਾਣ ਵਾਲੇ ਦਾਖ਼ਲਿਆਂ ਵਿਚ 27 ਫ਼ੀ ਸਦੀ ਸੀਟਾਂ ਪਛੜੀ ਜਾਤੀ ਵਿਦਿਆਰਥੀਆਂ ਨੂੰ ਅਤੇ 10 ਫ਼ੀ ਸਦੀ ਜਨਰਲ ਵਰਗ ਦੇ ਗ਼ਰੀਬ ਵਿਦਿਆਰਥੀਆਂ ਨੂੰ ਦੇਣ ਦੇ ਫ਼ੈਸਲੇ ਨਾਲ ਪੰਜਾਬ ਦੇ 5500 ਬੱਚਿਆਂ ਨੂੰ ਸਾਲਾਨਾ ਲਾਭ ਮਿਲੇਗਾ ਅਤੇ ਇਨ੍ਹਾਂ ਪ੍ਰਵਾਰਾਂ 'ਚ ਆਤਮ-ਵਿਸ਼ਵਾਸ ਦੀ ਭਾਵਨਾ ਹੋਰ ਮਜ਼ਬੂਤ ਹੋਵੇਗੀ | ਪੰਜਾਬ ਬੀ.ਜੇ.ਪੀ. ਕਾਰਜਕਾਰਨੀ ਤੇ ਆਮ ਇਜਲਾਸ ਦੇ ਮੈਂਬਰਾਂ ਨੇ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਅਤੇ ਨਾਲ ਦੀ ਨਾਲ, ਪੰਜਾਬ ਦੇ ਪੇਂਡੂ ਖੇਤਰਾਂ ਵਿਚ ਗ਼ਰੀਬ ਪ੍ਰਵਾਰਾਂ ਤੇ ਸਾਰੇ ਪੜਛੀ ਜਾਤੀ ਪ੍ਰਵਾਰਾਂ ਨੂੰ ਭਵਿੱਖ ਵਿਚ ਇਸ ਫ਼ੈਸਲੇ ਦਾ ਲਾਭ ਲੈਣ ਲਈ ਮੈਡੀਕਲ ਤੇ ਡੈਂਟਲ ਕਾਲਜਾਂ ਤੇ ਸੰਸਥਾਵਾਂ ਨਾਲ ਸੰਪਰਕ ਕਰਨ ਵਾਲਤੇ ਪ੍ਰੇਰਿਤ ਕੀਤਾ |
ਅੱਜ ਇਥੇ ਪਾਰਟੀ ਦੇ ਮੁੱਖ ਦਫ਼ਤਰ ਵਿਚ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਤੇ ਸਾਥੀਆਂ ਨੇ ਸਪਸ਼ਟ ਕਿਹਾ ਕਿ ਕੇਂਦਰ ਵਿਚ ਬੀ.ਜੀ.ਪੀ. ਸਰਕਾਰ ਨੇ ਰਾਜਾਂ ਵਿਚ ਵਸਦੇ ਗ਼ਰੀਬ ਤੇ ਪਛੜੇ ਵਰਗ ਦੇ ਪ੍ਰਵਾਰਾਂ ਦਾ ਭਵਿੱਖ ਸੰਵਾਰਨ ਅਤੇ ਵਿਦਿਆਰਥੀਆਂ ਦਾ ਮਨੋਬਲ ਮਜ਼ਬੂਤ ਕਰ ਕੇ, ਸੂਬਾ ਸਰਕਾਰਾਂ ਨੂੰ ਚੰਗੀ ਸੇਧ ਦਿਤੀ ਹੈ |
ਸੁਭਾਸ਼ ਸ਼ਰਮਾ ਤੇ ਪਾਰਟੀ ਬੁਲਾਰੇ, ਆਈ.ਏ.ਐਸ. ਸੇਵਾ ਮੁਕਤ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਹੁਣ ਪੰਜਾਬ ਸਰਕਾਰ ਨੂੰ ਵੀ ਰਾਜ ਦੇ ਪਛੜੇ ਵਰਗ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦੇਣਾ ਬਣਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚ 40 ਫ਼ੀ ਸਦੀ ਆਬਾਦੀ ਪਛੜੀ ਜਾਤੀ ਨਾਲ ਸਬੰਧ ਰੱਖਦੀ ਹੈ ਅਤੇ 32 ਫ਼ੀ ਸਦੀ ਦਲਿਤ ਵਸੋਂ ਹੈ | ਇਨ੍ਹਾਂ ਨੇਤਾਵਾਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਇਸ ਵੱਡੇ ਫ਼ੈਸਲੇ ਦੀ ਤਰਜ਼ 'ਤੇ ਪੰਜਾਬ ਵਿਚ ਸੰਭਾਵੀ ਬੀ.ਜੇ.ਪੀ. ਸਰਕਾਰ ਦੇ ਆਉਣ 'ਤੇ ਪਛੜੀ ਜਾਤੀ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦਿਤਾ ਜਾਵੇਗਾ |
ਜ਼ਿਕਰਯੋਗ ਹੈ ਕਿ ਬੀ.ਜੇ.ਪੀ. ਨੇ ਇਹ ਵੀ ਐਲਾਨ ਕੀਤਾ ਹੋਇਆ ਹੈ ਕਿ ਆਉਂਦੀਆਂ ਚੋਣਾਂ ਵਿਚ ਪਾਰਟੀ ਦੀ ਜਿੱਤ ਮਗਰੋਂ, ਪੰਜਾਬ ਦਾ ਮੁੱਖ ਮੰਤਰੀ ਦਲਿਤਾਂ ਵਿਚੋਂ ਚੁਣਿਆ ਜਾਵੇਗਾ | ਪਿਛਲੇ ਹਫ਼ਤੇ ਨਵੀਂ ਦਿੱਲੀ ਵਿਚ ਨੈਸ਼ਨਲ ਪ੍ਰਧਾਨ ਜੇ.ਪੀ. ਨੱਡਾ ਨੂੰ ਪੰਜਾਬ ਤੋਂ ਮਿਲਣ ਗਏ ਪਾਰਟੀ ਡੈਨੀਗੇਸ਼ਨ ਦੀਆਂ ਮੰਗਾਂ ਸਮੇਤ ਲਾਅ ਐਂਡ ਆਰਡਰ ਸਥਿਤੀ ਸਬੰਧੀ ਪੁੱਤੇ ਗਏ ਸੁਆਲਾਂ ਦਾ ਜੁਆਬ ਦਿੰਦੇ ਹੋਏ ਸੁਭਾਸ਼ ਸ਼ਰਮਾ ਨੇ ਕਿਹਾ ਕਿ ਕਾਨੂੰਨ ਵਿਵਸਥਾ ਬਹੁਤ ਖ਼ਰਾਬ ਹੈ, ਚੋਣਾਂ ਵਿਚ ਸੁਖਾਵਾਂ ਮਾਹੌਲ ਪੈਦਾ ਕਰਨ ਲਈ ਆਉਂਦੇ 2 ਮਹੀਨਿਆਂ ਬਾਅਦ ਕੇਂਦਰੀ ਬਲਾਂ ਦੀ ਤੈਨਾਤੀ ਬਹੁਤ ਜ਼ਰੂਰੀ ਹੈ | ਉਨ੍ਹਾਂ ਦਸਿਆ ਕਿ ਕੇਂਦਰ ਸਰਕਾਰ ਨੂੰ ਸੱਭ ਪਤਾ ਹੈ ਕਿ ਕਿਵੇਂ ਖੇਤੀ ਕਾਨੂੰਨਾਂ ਵਿਰੁਧ ਕਾਂਗਰਸ ਸਰਕਾਰ ਕਿਸਾਨ ਜਥੇਬੰਦੀਆਂ ਨੂੰ ਭੜਕਾ ਰਹੀ ਹੈ, ਸਮਝੌਤਾ ਨਾ ਕਰਨ ਦੀ ਸਲਾਹ ਦੇ ਰਹੀ ਹੈ ਅਤੇ ਬੀ.ਜੇ.ਪੀ. ਲੀਡਰਾਂ ਵਿਰੁਧ ਮਾਹੌਲ ਨੂੰ ਗਰਮਾਅ ਰਹੀ ਹੈ |
ਇਨ੍ਹਾਂ ਬੀ.ਜੇ.ਪੀ. ਨੇਤਾਵਾਂ ਨੇ ਕਿਹਾ ਕਿ ਕਿਸਾਨਾਂ ਵਲੋਂ ਛੇੜਿਆ ਸੰਘਰਸ਼ ਆਖਰਕਾਰ ਗੱਲਬਾਤ ਅਤੇ ਸੰਵਾਦ, ਚਰਚਾ ਕਰਨ ਉਪਰੰਤ ਹੀ ਹੱਲ ਹੋਣਾ ਹੈ | ਬੀ.ਜੇ.ਪੀ. ਦੇ ਇਨ੍ਹਾਂ ਨੇਤਾਵਾਂ ਨੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਕੇਂਦਰ ਨਾਲ ਬਾਤ-ਚੀਤ ਕਰ ਕੇ ਹੀ ਮਸਲੇ ਦਾ ਹੱਲ ਕੱਢਣਾ ਬਣਦਾ ਹੈ ਅਤੇ ਬੀ.ਜੇ.ਪੀ. ਦਾ ਘਿਰਾਉ ਅਤੇ ਡਰਾਉਣ ਧਮਕਾਉਣ ਦੀ ਨੀਤੀ ਛੱਡ ਦੇਣੀ ਚਾਹੀਦੀ ਹੈ |
ਫ਼ੋਟੋ : ਸੰਤੋਖ ਸਿੰਘ