
ਮੁਲਜ਼ਮ ਨੇ ਇੱਕ ਮੈਸੇਜ ਰਾਹੀਂ ਪੀੜਤ ਪਰਿਵਾਰ ਤੋਂ ਫਿਰੌਤੀ ਦੀ ਮੰਗ ਵੀ ਕੀਤੀ ਸੀ
ਲੁਧਿਆਣਾ: ਥਾਣਾ ਮੇਹਰਬਾਨ ਅਧੀਨ ਪੈਂਦੇ ਪਿੰਡ ਰੋਡ ਵਿਚ ਇਕ ਕਿਸਾਨ ਦੇ 6 ਸਾਲਾ ਪੁੱਤਰ ਨੂੰ ਅਗਵਾ ਕਰਨ ਤੋਂ ਬਾਅਦ ਫਰਾਰ ਹੋਏ ਨੌਕਰ ਨੂੰ ਅੱਜ ਸਵੇਰੇ ਪਿੰਡ ਚੌਂਤਾ ਤੋਂ ਕਾਬੂ ਕਰ ਲਿਆ ਗਿਆ ਹੈ। ਮੱਤੇਵਾੜਾ ਪੁਲਿਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਤਲਾਸ਼ੀ ਮੁਹਿੰਮ ਚਲਾਈ ਅਤੇ ਬੱਚੇ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਲੋਕਾਂ ਨੇ ਦੋਸ਼ੀ ਦੀ ਸ਼ਰੇਆਮ ਜੰਮ ਕੇ ਕੁੱਟਮਾਰ ਕੀਤੀ। ਦੋਸ਼ੀ ਦੀ ਪਛਾਣ ਵਿਜੇ ਉਰਫ ਰਾਜੂ ਵਜੋਂ ਹੋਈ ਹੈ।
ਰਾਜੂ ਨੂੰ ਬੱਚੇ ਦੇ ਪਰਿਵਾਰ ਨੇ 10 ਦਿਨ ਪਹਿਲਾਂ ਪਸ਼ੂਆਂ ਦੀ ਦੇਖਭਾਲ ਅਤੇ ਹੋਰ ਕੰਮ ਕਰਨ ਲਈ ਨੌਕਰੀ 'ਤੇ ਰੱਖਿਆ ਸੀ। ਵੀਰਵਾਰ ਨੂੰ ਬੱਚੇ ਦੇ ਪਿਤਾ ਪਰਮਜੀਤ ਸਿੰਘ ਜ਼ਰੂਰੀ ਕੰਮ ਲਈ ਘਰ ਤੋਂ ਬਾਹਰ ਗਏ ਹੋਏ ਸਨ। ਦੋਸ਼ੀ ਰਾਜੂ ਨੇ ਮੌਕਾ ਦੇਖ ਕੇ ਬੱਚੇ ਨੂੰ ਘਰ ਦੇ ਬਾਹਰ ਖੜ੍ਹੇ ਸਕੂਟਰ 'ਤੇ ਬਿਟਾਇਆ ਅਤੇ ਲੈ ਕੇ ਫਰਾਰ ਹੋ ਗਿਆ। ਉਕਤ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਅਤੇ ਪੀੜਤ ਪਰਿਵਾਰ ਨੇ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ।
ਅਗਲੇ ਦਿਨ ਮੁਲਜ਼ਮ ਨੇ ਇੱਕ ਮੈਸੇਜ ਰਾਹੀਂ ਪੀੜਤ ਪਰਿਵਾਰ ਤੋਂ ਫਿਰੌਤੀ ਦੀ ਮੰਗ ਕੀਤੀ। ਮੱਤੇਵਾੜਾ ਪੁਲਿਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਤਲਾਸ਼ੀ ਮੁਹਿੰਮ ਚਲਾਈ ਅਤੇ ਬੱਚੇ ਨੂੰ ਸੁਰੱਖਿਅਤ ਬਰਾਮਦ ਕਰਨ ਤੋਂ ਬਾਅਦ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਇਸ ਦੌਰਾਨ ਲੋਕਾਂ ਨੇ ਮੁਲਜ਼ਮ ਦੀ ਕੁੱਟਮਾਰ ਕੀਤੀ।
ਮੌਕੇ 'ਤੇ ਪਹੁੰਚੇ ਏਸੀਪੀ ਦਵਿੰਦਰ ਚੌਧਰੀ ਨੇ ਦੱਸਿਆ ਕਿ ਦੋਸ਼ੀ ਨੂੰ ਹਿਰਾਸਤ ਵਿਚ ਲੈ ਕੇ ਸਲਾਖਾਂ ਦੇ ਪਿੱਛੇ ਭੇਜ ਦਿੱਤਾ ਗਿਆ ਹੈ। ਬੱਚੇ ਦਾ ਡਾਕਟਰੀ ਇਲਾਜ ਕੀਤਾ ਜਾ ਰਿਹਾ ਹੈ ਅਤੇ ਪਰਿਵਾਰਕ ਮੈਂਬਰ ਵੀ ਮੌਕੇ 'ਤੇ ਮੌਜੂਦ ਸਨ। ਫਿਲਹਾਲ ਪੁਲਿਸ ਦੋਸ਼ੀ ਦੇ ਅਪਰਾਧਿਕ ਰਿਕਾਰਡ ਦੀ ਜਾਂਚ ਕਰ ਰਹੀ ਹੈ। ਮਾਮਲੇ ਸਬੰਧੀ ਪੁੱਛਗਿੱਛ ਕਰ ਰਹੀ ਹੈ।