
2.61 ਕਰੋੜ ਦੀ ਲਾਗਤ ਨਾਲ 4 ਏਕੜ ’ਚ ਤਿਆਰ ਕੀਤੇ ਮੈਮੋਰੀਅਲ ’ਚ ਸ਼ਹੀਦ ਦਾ ਤਾਂਬੇ ਦਾ ਬੁੱਤ
ਸੰਗਰੂਰ (ਬਲਵਿੰਦਰ ਸਿੰਘ ਭੁੱਲਰ) : ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਸਜਦਾ ਕਰਨ ਅਤੇ ਉਨ੍ਹਾਂ ਦੇ ਦਲੇਰਾਨਾ ਕਾਰਨਾਮੇ ਦੀ ਯਾਦ ਨੂੰ ਚਿਰ ਸਦੀਵੀਂ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਸੁਨਾਮ ਊਧਮ ਸਿੰਘ ਵਾਲਾ ਵਿਖੇ 2.61 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਗਈ ਯਾਦਗਾਰ ਅੱਜ 31 ਜੁਲਾਈ 2021 ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲੋਕ ਅਰਪਿਤ ਕੀਤੀ ਜਾਵੇਗੀ।
CM to inaugurate Udham Singh memorial in Sunam today
ਸੁਨਾਮ ਊਧਮ ਸਿੰਘ ਵਾਲਾ ਵਿਖੇ ਵਧੀਕ ਮੁੱਖ ਸਕੱਤਰ ਸੈਰ-ਸਪਾਟਾ ਵਿਭਾਗ ਸੰਜੇ ਕੁਮਾਰ, ਡਾਇਰੈਕਟਰ ਮੈਡਮ ਕੰਵਲ ਪ੍ਰੀਤ ਬਰਾੜ ਅਤੇ ਮੈਡਮ ਦਾਮਨ ਥਿੰਦ ਬਾਜਵਾ ਨਾਲ ਯਾਦਗਾਰ ਦੇ ਉਦਘਾਟਨੀ ਸਮਾਰੋਹ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਮੌਕੇ ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ ਨੇ ਦਸਿਆ ਕਿ ਯਾਦਗਾਰ ਲੋਕ ਅਰਪਿਤ ਕਰਨ ਲਈ ਪੰਜਾਬ ਸਰਕਾਰ ਵਲੋਂ 31 ਜੁਲਾਈ ਨੂੰ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸੂਬਾ ਪਧਰੀ ਸਮਾਰੋਹ ਉਲੀਕਿਆ ਗਿਆ ਹੈ ਜਿਸ ਲਈ ਪੁਖਤਾ ਪ੍ਰਬੰਧ ਬਣਾਉਣੇ ਯਕੀਨੀ ਬਣਾਏ ਜਾ ਰਹੇ ਹਨ।
Captain Amarinder Singh
ਉਨ੍ਹਾਂ ਕਿਹਾ ਕਿ ਇਸ ਮੌਕੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ, ਸਕੂਲ ਸਿਖਿਆ ਤੇ ਲੋਕ ਨਿਰਮਾਣ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਅਤੇ ਚੇਅਰਮੈਨ ਮੰਡੀ ਬੋਰਡ ਸ. ਲਾਲ ਸਿੰਘ ਸਮੇਤ ਕਈ ਹੋਰ ਸ਼ਖ਼ਸੀਅਤਾਂ ਵੀ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਹੁੰਚ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਦਸਿਆ ਕਿ ਸੁਨਾਮ-ਮਾਨਸਾ ਸੜਕ ’ਤੇ 4 ਏਕੜ ਜਗਾ ’ਤੇ ਤਿਆਰ ਕੀਤੀ ਗਈ ਸ਼ਹੀਦ ਊਧਮ ਸਿੰਘ ਯਾਦਗਾਰ ’ਚ ਸ਼ਹੀਦ ਦਾ ਤਾਂਬੇ ਦਾ ਬੁੱਤ, ਉਨ੍ਹਾਂ ਦੀਆਂ ਨਿਸ਼ਾਨੀਆਂ ਸੰਭਾਲਣ ਤੇ ਪ੍ਰਦਰਸ਼ਨੀ ਲਈ ਅਜਾਇਬ ਘਰ, ਕੈਫ਼ੇਟੇਰੀਆ ਤੇ ਹੋਰ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ।
CM to inaugurate Udham Singh memorial in Sunam today
ਉਨ੍ਹਾਂ ਦਸਿਆ ਕਿ ਯਾਦਗਾਰ ਦੀ ਰੂਪ ਰੇਖਾ ਤੇ ਡਿਜ਼ਾਈਨ ਚੀਫ਼ ਆਰਕੀਟੈਕਟ ਪੰਜਾਬ ਵਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਵਿਚ ਲੋਕਾਂ ਦੀ ਸੁਵਿਧਾ ਲਈ ਪਾਰਕਿੰਗ, ਹਰਿਆਲੀ ਭਰਪੂਰ ਲੈਂਡ ਸਕੇਪਿੰਗ ਅਤੇ ਪਾਥਵੇਅਜ਼, ਰੇਨ ਸ਼ੈਲਟਰਜ਼, ਰਵਾਇਤੀ ਦਿਖ ਵਾਲੀਆਂ ਲਾਈਟਾਂ ਆਦਿ ਸੁਵਿਧਾਵਾਂ ਉਪਲਬਧ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਯਾਦਗਾਰ ਦੇ ਆਲੇ ਦੁਆਲੇ ਰੈਡ-ਸੈਂਡਸਟੋਨ ਦੀ ਵਰਤੋਂ ਕੀਤੀ ਗਈ ਹੈ ਅਤੇ ਸ਼ਹੀਦ ਦੇ ਬੁੱਤ ਦੇ ਸਾਹਮਣੇ ਗੋਲਾਕਾਰ ਡਿਜ਼ਾਈਨ ’ਚ ਫੁੱਲਾਂ ਵਾਲੇ ਬੂਟਿਆਂ ਦੀਆਂ ਕਿਆਰੀਆਂ ਤਿਆਰ ਕਰਵਾਈਆਂ ਗਈਆਂ ਹਨ।
Jallianwala Bagh
ਰਾਮਵੀਰ ਨੇ ਦਸਿਆ ਕਿ ਸ਼ਹੀਦ ਊਧਮ ਸਿੰਘ ਨੇ 21 ਸਾਲ ਬਾਅਦ ਜਲਿਆਂਵਾਲਾ ਬਾਗ ਦੇ ਸਾਕੇ ਦਾ ਬਦਲਾ ਲਿਆ ਅਤੇ 31 ਜੁਲਾਈ 1940 ਨੂੰ ਲੰਦਨ ਦੀ ਜੇਲ ’ਚ ਫਾਂਸੀ ਦੇ ਕੇ ਉਨ੍ਹਾਂ ਨੂੰ ਸ਼ਹੀਦ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਦੇ ਬਹਾਦਰੀ ਵਾਲੇ ਸਾਕੇ ਦੇ ਪ੍ਰਚਾਰ ਲਈ ਵੀ ਬੁੱਤ ਦੇ ਆਲੇ ਦੁਆਲੇ ਉਨ੍ਹਾਂ ਦੀ ਜ਼ਿੰਦਗੀ ਨਾਲ ਸਬੰਧਤ ਇਤਿਹਾਸ ਪੰਜਾਬੀ ਤੇ ਅੰਗ੍ਰੇਜ਼ੀ ਭਾਸ਼ਾਵਾਂ ’ਚ ਪੱਥਰਾਂ ’ਤੇ ਬੜੀ ਬਾਰੀਕੀ ਨਾਲ ਉਕੇਰਿਆ ਗਿਆ ਹੈ।
Udham Singh
ਉਨ੍ਹਾਂ ਕਿਹਾ ਕਿ ਇਹ ਯਾਦਗਾਰ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਨਾ ਸ੍ਰੋਤ ਬਣ ਕੇ ਉਭਰੇਗੀ ਅਤੇ ਨੌਜਵਾਨਾਂ ਨੂੰ ਜਿੰਦ-ਜਾਨ ਨਾਲ ਦੇਸ਼ ਦੀ ਸੇਵਾ ਕਰਨ ਲਈ ਉਤਸ਼ਾਹਤ ਕਰੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਐਸ.ਡੀ.ਐਮ. ਸੁਨਾਮ ਮਨਜੀਤ ਕੌਰ, ਕਾਂਗਰਸੀ ਆਗੂ ਹਰਮਨਦੇਵ ਸਿੰਘ ਬਾਜਵਾ, ਤਹਿਸੀਲਦਾਰ ਕੁਲਦੀਪ ਸਿੰਘ, ਸਿਵਲ ਸਰਜਨ ਸੰਗਰੂਰ ਡਾ. ਅੰਜਨਾ ਗੁਪਤਾ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।