
ਜੇਲਾਂ ਵਿਚ ਬੰਦ ਵਿਚਾਰ ਅਧੀਨ ਕੈਦੀਆਂ ਦੀ ਰਿਹਾਈ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਅਦਾਲਤਾਂ : ਮੋਦੀ
ਨਵੀਂ ਦਿੱਲੀ, 30 ਜੁਲਾਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਨਿਆਂਪਾਲਿਕਾ ਨੂੰ ਅਪੀਲ ਕੀਤੀ ਕਿ ਉਹ ਵੱਖ-ਵੱਖ ਜੇਲਾਂ ਵਿਚ ਬੰਦ ਅਤੇ ਕਾਨੂੰਨੀ ਸਹਾਇਤਾ ਦੀ ਉਡੀਕ ਕਰ ਰਹੇ ਵਿਚਾਰ ਅਧੀਨ ਕੈਦੀਆਂ ਨੂੰ ਰਿਹਾਅ ਕਰਨ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਵੇ | ਆਲ ਇੰਡੀਆ ਡਿਸਟਿ੍ਕਟ ਲੀਗਲ ਸਰਵਿਸਿਜ਼ ਅਥਾਰਟੀ ਦੀ ਪਹਿਲੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ, ਪੀਐਮ ਮੋਦੀ ਨੇ ਕਿਹਾ ਕਿ ਕਾਰੋਬਾਰ ਦੀ ਸੌਖ, ਜੀਵਨ ਦੀ ਸੌਖ ਜਿੰਨੀ ਮਹੱਤਵਪੂਰਨ ਹੈ, ਨਿਆਂ ਦੀ ਸੌਖ ਵੀ ਉਨੀ ਹੀ ਮਹੱਤਵਪੂਰਨ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਈ ਵਿਚਾਰ ਅਧੀਨ ਕੈਦੀ ਜੇਲਾਂ 'ਚ ਕਾਨੂੰਨੀ ਮਦਦ ਲੈਣ ਦੀ ਉਡੀਕ ਕਰ ਰਹੇ ਹਨ | ਸਾਡੀਆਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਆਂ ਵਿਚਾਰ ਅਧੀਨਾਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਲੈ ਸਕਦੀਆਂ ਹਨ | ਪ੍ਰਧਾਨ ਮੰਤਰੀ ਮੋਦੀ ਨੇ ਕਾਨਫਰੰਸ ਵਿਚ ਹਾਜ਼ਰ ਜ਼ਿਲ੍ਹਾ ਜੱਜਾਂ ਨੂੰ ਅਪੀਲ ਕੀਤੀ ਕਿ ਉਹ ਬਕਾਇਆ ਮਾਮਲਿਆਂ ਦੀ ਸਮੀਖਿਆ ਕਰਨ ਲਈ ਜ਼ਿਲ੍ਹਾ ਪੱਧਰੀ ਕਮੇਟੀਆਂ ਦੇ ਚੇਅਰਪਰਸਨ ਵਜੋਂ ਅਪਣੇ
ਦਫ਼ਤਰਾਂ ਦੀ ਵਰਤੋਂ ਕਰ ਕੇ ਅੰਡਰ ਟਰਾਇਲਾਂ ਦੀ ਰਿਹਾਈ ਵਿਚ ਤੇਜ਼ੀ ਲਿਆਉਣ |
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਵਿਚ ਪਹਿਲੀ ਆਲ ਇੰਡੀਆ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਮੀਟਿੰਗ ਦੇ ਉਦਘਾਟਨੀ ਸੈਸਨ ਵਿਚ ਕਿਹਾ ਕਿ ਇਜ਼ ਆਫ਼ ਬਿਜਨੈਸ ਅਤੇ ਇਜ਼ ਆਫ਼ ਲਿਵਿੰਗ ਜਿੰਨਾ ਜ਼ਰੂਰੀ ਇਜ਼ ਆਫ਼ ਜਸਟਿਸ ਵੀ ਉਨਾ ਹੀ ਜ਼ਰੂਰੀ ਹੈ | ਇਸ ਮੌਕੇ ਭਾਰਤ ਦੇ ਚੀਫ਼ ਜਸਟਿਸ ਐਨ. ਵੀ ਰਮੰਨ ਅਤੇ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਵੀ ਮੌਜੂਦ ਸਨ | ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਸਮਾਂ ਸਾਡੀ ਆਜ਼ਾਦੀ ਦੇ ਅੰਮਿ੍ਤਕਾਲ ਦਾ ਸਮਾਂ ਹੈ | ਇਹ ਉਨ੍ਹਾਂ ਸੰਕਲਪਾਂ ਦਾ ਸਮਾਂ ਹੈ, ਜੋ ਅਗਲੇ 25 ਸਾਲਾਂ ਵਿਚ ਦੇਸ਼ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਣਗੇ | ਦੇਸ਼ ਦੀ ਇਸ ਅੰਮਿ੍ਤ ਯਾਤਰਾ ਵਿਚ ਕਾਰੋਬਾਰ ਕਰਨ ਵਿਚ ਸੌਖ ਅਤੇ ਜੀਵਨ ਵਿਚ ਸੌਖ ਦੇ ਬਰਾਬਰ ਨਿਆਂ ਦੀ ਸਹੂਲਤ ਵੀ ਉਨੀ ਹੀ ਮਹੱਤਵਪੂਰਨ ਹੈ | ਉਨ੍ਹਾਂ ਕਿਹਾ ਕਿ ਕਿਸੇ ਵੀ ਸਮਾਜ ਲਈ ਨਿਆਂ ਪ੍ਰਣਾਲੀ ਤਕ ਪਹੁੰਚ ਜਿੰਨੀ ਮਹੱਤਵਪੂਰਨ ਹੈ, ਉਨੀ ਹੀ ਮਹੱਤਵਪੂਰਨ ਨਿਆਂ ਪ੍ਰਦਾਨ ਪ੍ਰਣਾਲੀ ਹੈ | ਨਿਆਂਇਕ ਬੁਨਿਆਦੀ ਢਾਂਚਾ ਵੀ ਇਸ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ |
ਪ੍ਰਧਾਨ ਮੰਤਰੀ ਮੋਦੀ ਨੇ ਵਿਚਾਰ ਅਧੀਨ ਕੈਦੀਆਂ ਦੀ ਰਿਹਾਈ ਸਬੰਧੀ ਮੁਹਿੰਮ ਚਲਾਉਣ ਲਈ ਨਾਲਸਾ ਦੀ ਸ਼ਲਾਘਾ ਕੀਤੀ ਅਤੇ ਬਾਰ ਕਾਉਂਸਲ ਆਫ਼ ਇੰਡੀਆ ਤੋਂ ਇਸ ਕੋਸ਼ਿਸ਼ 'ਚ ਹੋਰ ਵਧ ਵਕੀਲਾਂ ਨੂੰ ਜੋੜਨ ਦੀ ਅਪੀਲ ਕੀਤੀ | ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਵਲੋਂ 2020 ਵਿਚ ਪ੍ਰਕਾਸ਼ਿਤ 'ਜੇਲ ਅੰਕੜੇ ਭਾਰਤ' ਰਿਪੋਰਟ ਮੁਤਾਬਕ, ਜੇਲ 'ਚ 4,88,511 ਕੈਦੀ ਹਨ, ਜਿਨ੍ਹਾਂ 'ਚੋਂ 76 ਫ਼ੀ ਸਦੀ ਜਾਂ 3,71,848 ਕੈਦੀ ਵਿਚਾਰ ਅਧੀਨ ਹਨ |
(ਏਜੰਸੀ)