
ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਮਰੀਜ਼ ਨੇ ਮਾਰੀ ਹਸਪਤਾਲ ਦੀ ਛੱਤ ਤੋਂ ਛਾਲ
ਲੁਧਿਆਣਾ, 30 ਅਗਸੱਤ (ਪਪ): ਲੁਧਿਆਣਾ ਸਥਿਤ ਦਰੇਸੀ ਗਰਾਊਂਡ ਵਿਚ ਸਥਾਪਤ ਰਾਮ ਚੈਰੀਟੇਬਲ ਹਸਪਤਾਲ ਵਿਚ ਦਾਖ਼ਲ ਇਕ ਮਰੀਜ਼ ਵਲੋਂ ਹਸਪਤਾਲ ਦੀ ਛੱਤ ਤੋਂ ਛਾਲ ਮਾਰ ਦੇਣ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਉਕਤ ਹਸਪਤਾਲ ਵਿਚ ਮੋਹਨ ਲਾਲ ਨਾਂਅ ਦਾ ਇਕ ਮਰੀਜ਼ ਵਾਸੀ ਸਲੇਮਟਾਬਰੀ ਜਿਸ ਦੀ ਉਮਰ ਲਗਭਗ 45 ਸਾਲ ਦੇ ਕਰੀਬ ਹੈ ਨੇ ਹਸਪਤਾਲ ਦੀ ਛੱਤ ਦੀ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਦਿਤੀ ਹੈ ਜਿਸ ਕਰ ਕੇ ਉਸ ਦੇ ਕਈ ਸਰੀਰਕ ਸੱਟਾਂ ਲੱਗੀਆਂ ਹਨ ਅਤੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਸਪਤਾਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰੇਸ਼ ਸਲੂਜਾ ਨੇ ਦਸਿਆ ਕਿ ਪਿਛਲੇ ਕੱਝ ਦਿਨਾਂ ਤੋਂ ਜਿਗਰ ਦੀ ਪੁਰਾਣੀ ਬਿਮਾਰੀ ਕਾਰਨ ਉਕਤ ਮਰੀਜ਼ ਜੇਰੇ ਇਲਾਜ ਸੀ ਅਤੇ ਇਲਾਜ ਦੌਰਾਨ ਜਦੋਂ ਉਸ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਤਾਂ ਉਹ ਪਾਜ਼ੇਟਿਵ ਪਾਇਆ ਗਿਆ ਹੈ। ਉਨ੍ਹਾਂ ਅੱਗੇ ਦਸਿਆ ਕਿ ਇਸ ਸਬੰਧੀ ਜਦੋਂ ਮਰੀਜ਼ ਨੂੰ ਪਤਾ ਲੱਗਾ ਕਿ ਉਸ ਨੂੰ ਜਿਗਰ ਦੀ ਬਿਮਾਰੀ ਦੇ ਨਾਲ ਨਾਲ ਕੋਰੋਨਾ ਵੀ ਹੈ ਤਾਂ ਉਹ ਪ੍ਰੇਸ਼ਾਨੀ ਜਿਹੀ ਮਹਿਸੂਸ ਕਰ ਰਿਹਾ ਸੀ, ਹਾਲਾਂਕਿ ਡਾਕਟਰਾਂ ਨੇ ਉਸ ਨੂੰ ਸਮਝਾਇਆ ਕਿ ਉਸ ਦੀ ਬਿਮਾਰੀ ਇਲਾਜ ਯੋਗ ਹੈ, ਕੋਈ ਘਬਰਾਉਣ ਦੀ ਲੋੜ ਨਹੀਂ ਹੈ, ਪਰ ਉਸ ਅੱਜ ਅਚਾਨਕ 2 ਵਜੇ ਦੇ ਕਰੀਬ ਪ੍ਰੇਸ਼ਾਨੀ ਦੀ ਹਾਲਤ ਵਿਚ ਹਸਪਤਾਲ ਦੀ ਪਹਿਲੀ ਮੰਜ਼ਿਲ ਦੇ ਇਕ ਵਾਰਡ ਦਾ ਤੋੜ ਕੇ ਥੱਲੇ ਛਾਲ ਮਾਰ ਦਿਤੀ ਜਿਸ ਨੂੰ ਹਸਪਤਾਲ ਦੇ ਡਾਕਟਰਾਂ ਅਤੇ ਮੁਲਾਜ਼ਮਾਂ ਨੇ ਫੁਰਤੀ ਨਾਲ ਚੁੱਕ ਕੇ ਐਮਰਜੈਂਸੀ ਵਾਰਡ ਵਿਚ ਲਿਆਂਦਾ। ਉਨ੍ਹਾਂ ਦਸਿਆ ਕਿ ਮਰੀਜ਼ ਦੇ ਸਿਰ ਵਿਚ ਗਹਿਰੀਆਂ ਸੱਟਾਂ ਲੱਗੀਆਂ ਹਨ ਅਤੇ ਉਸ ਦੀ ਬਾਂਹ ਵੀ ਟੁੱਟ ਗਈ ਹੈ। ਮਰੀਜ਼ ਸ਼ਰਾਬ ਪੀਣ ਦਾ ਆਦੀ ਹੈ ਜਿਸ ਕਰ ਕੇ ਉਸ ਦਾ ਜਿਗਰ ਖ਼ਰਾਬ ਹੋ ਗਿਆ ਹੈ। ਮਰੀਜ਼ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਸਿਵਲ ਹਸਪਤਾਲ imageਲੁਧਿਆਣਾ ਵਿਚ ਤਬਦੀਲ ਕਰ ਦਿਤਾ ਗਿਆ ਹੈ।