
ਕੋਰੋਨਾ ਮਹਾਂਮਾਰੀ ਦਾ ਅਦਾਲਤੀ ਕੰਮਕਾਜ 'ਤੇ ਪ੍ਰਭਾਵ ਜਾਰੀ
ਚੰਡੀਗੜ੍ਹ, 30 ਅਗੱਸਤ (ਨੀਲ ਭਲਿੰਦਰ ਸਿੰਘ): ਕੋਰੋਨਾ ਮਹਾਂਮਾਰੀ ਦਾ ਪ੍ਰਭਾਵ ਅਦਾਲਤੀ ਕੰਮਕਾਜ 'ਤੇ ਪੈਣਾ ਵੀ ਲਗਾਤਾਰ ਜਾਰੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਹਿਲਾਂ ਤੋਂ ਹੀ ਸਤੰਬਰ ਮਹੀਨੇ ਲਈ ਸੂਚੀਬੱਧ ਕੇਸ ਤਿੰਨ ਤੋਂ ਚਾਰ ਮਹੀਨੇ ਤਕ ਅੱਗੇ ਪਾ ਦਿਤੇ ਗਏ ਹਨ। ਤਾਜ਼ਾ ਹੁਕਮਾਂ ਮੁਤਾਬਕ ਹੁਣ ਪਹਿਲੀ ਸਤੰਬਰ ਨੂੰ ਸੁਣੇ ਜਾਣ ਵਾਲੇ ਸੂਚੀਬੱਧ ਕੇਸ ਦੋ ਦਸੰਬਰ ਨੂੰ ਸੁਣੇ ਜਾਣਗੇ ਅਤੇ ਇਸੇ ਤਰ੍ਹਾਂ 30 ਸਤੰਬਰ ਲਈ ਸੂਚੀਬੱਧ ਕੇਸ ਅਗਲੇ ਸਾਲ ਗਿਆਰਾਂ ਜਨਵਰੀ ਨੂੰ ਸੁਣੇ ਜਾਣਗੇ ਤੇ ਇਸੇ ਕ੍ਰਮ ਵਿਚ ਸਤੰਬਰ ਮਹੀਨੇ ਦੀ ਪਹਿਲੀ ਤੇ ਆਖ਼ਰੀ ਤਰੀਕ ਵਿਚਕਾਰ ਦੀਆਂ ਤਰੀਕਾਂ ਲਈ ਪਹਿਲਾਂ ਤੋਂ ਸੂਚੀਬੱਧ ਕੇਸ ਦਸੰਬਰ ਤੇ ਜਨਵਰੀ ਦੀਆਂ ਸਬੰਧਤ ਤਰੀਕਾਂ ਤਕ ਅੱਗੇ ਪਾ ਦਿਤੇ ਗਏ ਹਨ। ਹਾਲਾਂਕਿ ਮਾਰਚ ਮਹੀਨੇ ਤਾਲਾਬੰਦੀ ਲੱਗਣ ਤੋਂ ਬਾਅਦ ਅੱਗੇ ਪਾਏ ਗਏ ਕੇਸ ਸਬੰਧਤ ਤਰੀਕਾਂ 'ਤੇ ਹੀ ਪਰ ਆਨਲਾਈਨ ਸੁਣਵਾਈ ਪ੍ਰਕਿਰਿਆ ਤਹਿਤ ਸੁਣੇ ਜਾਣਗੇ।
ਦਸਣਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੀ ਲਪੇਟ ਵਿਚ ਆਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨਾਲ ਸਬੰਧਤ ਸਾਢੇ ਤਿੰਨ ਦਰਜਨ ਦੇ ਕਰੀਬ ਨਿਆਂਇਕ ਅਫ਼ਸਰ ਤੇ ਸਟਾਫ਼ ਕੋਰੋਨਾ ਪਾਜ਼ੇਟਿਵ ਆ ਚੁਕੇ ਹਨ। ਇਸ ਤੋਂ ਇਲਾਵਾ ਅਹਿਤਿਆਤ ਵਜੋਂ ਵੀ 200 ਤੋਂ ਵੱਧ ਨਿਆਂਇਕ ਅਧਿਕਾਰੀਆਂ ਅਤੇ ਸਟਾਫ਼ ਨੂੰ ਇਕਾਂਤਵਾਸ ਵਿਚ ਰਖਣਾ ਪੈ ਗਿਆ ਹੈ। ਇਨ੍ਹਾਂ ਤਾਜ਼ਾ ਜਾਰੀ ਹੁਕਮਾਂ ਮੁਤਾਬਕ ਇਹ ਫ਼ੈਸਲਾ ਜੱਜਾਂ, ਵਕੀਲਾਂ, ਸਟਾਫ਼ ਤੇ ਪਟੀਸ਼ਨਰਾਂ ਦੇ ਕੇਸਾਂ ਨਾਲ ਸਬੰਧਤ ਹੋਰਨਾਂ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰਖਦੇ ਹੋਏ ਲਿਆ ਗਿਆ ਹੈ।
ਹਾਈ ਕੋਰਟ 'ਚ ਸਤੰਬਰ ਮਹੀਨੇ ਸੂਚੀਬੱਧ ਕੇਸ ਤਿੰਨ ਤੋਂ ਚਾਰ ਮਹੀਨੇ ਤਕ ਅੱਗੇ ਪਏ
ਕਈ ਨਿਆਂਇਕ ਅਧਿਕਾਰੀ ਅਤੇ ਸਟਾਫ਼ ਕੋਰੋਨਾ ਪੀੜਤimage