
ਦੇਸ਼ 'ਚ ਹੀ ਬਣਾਏ ਜਾਣ ਵੱਧ ਤੋਂ ਵੱਧ ਖਿਡੌਣੇ ਤੇ ਕੰਪਿਊਟਰ ਗੇਮਾਂ : ਮੋਦੀ
ਸਾਉਣੀ ਦੀ ਫ਼ਸਲ ਦੀ ਬਿਜਾਈ ਪਿਛਲੇ ਸਾਲ ਦੇ ਮੁਕਾਬਲੇ ਸੱਤ ਫ਼ੀ ਸਦੀ ਜ਼ਿਆਦਾ
ਨਵੀਂ ਦਿੱਲੀ, 30 ਅਗੱਸਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਉਦਮੀਆਂ ਨੂੰ ਖਿਡੌਣਾ ਉਦਯੋਗ ਨਾਲ ਵੱਡੇ ਪੱਧਰ 'ਤੇ ਜੁੜਨ ਤੋਂ ਇਲਾਵਾ ਭਾਰਤ ਵਿਚ ਹੋਰ 'ਕੰਪਿਊਟਰ ਗੇਮਾਂ' ਬਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਆਤਮਨਿਰਭਰ ਭਾਰਤ ਮੁਹਿੰਮ ਵਿਚ ਇਨ੍ਹਾਂ ਖੇਤਰਾਂ ਨੇ ਬਹੁਤ ਅਹਿਮ ਭੂਮਿਕਾ ਨਿਭਾਉਣੀ ਹੈ। ਆਕਾਸ਼ਵਾਣੀ 'ਤੇ ਮਹੀਨਾਵਾਰ ਰੇਡੀਉ ਪ੍ਰੋਗਰਾਮ 'ਮਨ ਕੀ ਬਾਤ' ਦੇ 68ਵੇਂ ਪ੍ਰੋਗਰਾਮ ਵਿਚ ਅਪਣੇ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਸਥਾਨਕ ਖਿਡੌਣਿਆਂ ਲਈ ਆਵਾਜ਼ ਬੁਲੰਦ ਕਰਨ ਦਾ ਸਮਾਂ ਆ ਗਿਆ ਹੈ।
ਮੋਦੀ ਨੇ ਕਿਹਾ ਕਿ ਸੰਸਾਰ ਖਿਡੌਣਾ ਉਦਯੋਗ ਸੱਤ ਲੱਖ ਕਰੋੜ ਰੁਪਏ ਤੋਂ ਵੀ ਵੱਧ ਦਾ ਹੈ ਪਰ ਇਸ ਵਿਚ ਭਾਰਤ ਦੀ ਹਿੱਸੇਦਾਰੀ ਬਹੁਤ ਘੱਟ ਹੈ। ਮੋਦੀ ਨੇ ਕਿਹਾ, 'ਦੇਸ਼ ਵਿਚ ਸਥਾਨਕ ਖਿਡੌਣਿਆਂ ਦੀ ਬਹੁਤ ਅਮੀਰ ਰਵਾਇਤ ਰਹੀ ਹੈ। ਕਈ ਹੋਣਹਾਰ ਅਤੇ ਕੁਸ਼ਲ ਕਾਰੀਗਰ ਹਨ ਜਿਹੜੇ ਚੰਗੇ ਖਿਡੌਣੇ ਬਣਾਉਣ ਵਿਚ ਮੁਹਾਰਤ ਰਖਦੇ ਹਨ ਪਰ ਤੁਹਾਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਕਿ ਸੰਸਾਰ ਖਿਡੌਣਾ ਉਦਯੋਗ ਵਿਚ ਭਾਰਤ ਦਾ ਹਿੱਸਾ ਬਹੁਤ ਘੱਟ ਹੈ।' ਉਨ੍ਹਾਂ ਕਿਹਾ ਅਜਿਹੇ ਖਿਡੌਣੇ ਬਣਾਏ ਜਾਣ ਜਿਹੜੇ ਵਾਤਾਰਵਣ ਪੱਖੀ ਵੀ ਹੋਣ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਜਿਹੀ ਮਹਾਂਮਾਰੀ ਦੇ ਫੈਲਾਅ ਦੇ ਬਾਵਜੂਦ ਦੇਸ਼ ਵਿਚ ਸਾਉਣੀ ਦੀ ਫ਼ਸਲ ਦੀ ਬਿਜਾਈ ਪਿਛਲੇ ਸਾਲ ਦੇ ਮੁਕਾਬਲੇ ਸੱਤ ਫ਼ੀ ਸਦੀ ਜ਼ਿਆਦਾ ਹੋਈ ਹੈ। ਮੋਦੀ ਨੇ ਕਿਸਾਨਾਂ ਦਾ ਸ਼ੁਕਰਗੁਜ਼ਾਰ ਹੁੰਦਿਆਂ ਕਿਹਾ ਕਿ ਉਨ੍ਹਾਂ ਦੀ ਤਾਕਤ ਨਾਲ ਹੀ ਜੀਵਨ ਅਤੇ ਸਮਾਜ ਚਲਦਾ ਹੈ।
ਮੋਦੀ ਨੇ ਕਿਹਾ, 'ਸਾਡੇ ਕਿਸਾਨਾਂ ਨੇ ਕੋਰੋਨਾ ਦੀ ਇਸ ਔਖੀ ਘੜੀ ਵਿਚ ਵੀ ਅਪਣੀ ਤਾਕਤ ਨੂੰ ਸਾਬਤ ਕਰ ਦਿਤਾ ਹੈ। ਸਾਡੇ ਦੇਸ਼ ਵਿਚ ਇਸ ਵਾਰ ਸਾਉਣੀ ਦੀ ਫ਼ਸਲ ਦੀ ਬੀਜਾਈ ਪਿਛਲੇ ਸਾਲ ਦੇ ਮੁਕਾਬਲੇ ਸੱਤ ਫ਼ੀ ਸਦੀ ਜ਼ਿਆਦਾ ਹੋਈ।' ਉਨ੍ਹਾਂ ਕਿਹਾ ਕਿ ਧਾਨ ਦੀ ਲੁਆਈ ਇਸ ਵਾਰ ਲਗਭਗ 10 ਫ਼ੀ ਸਦੀ, ਦਾਲਾਂ ਲਗਭਗ ਪੰਜ ਫ਼ੀ ਸਦੀ, ਮੋਟੇ ਅਨਾਜ ਲਗਭਗ ਤਿੰਨ ਫ਼ੀ ਸਦੀ ਅਤੇ ਕਪਾਹ ਦੀ ਲਗਭਗ ਤਿੰਨ ਫ਼ੀ ਸਦੀ ਜ਼ਿਆਦਾ ਕਾਸ਼ਤ ਕੀਤੀ ਗਈ। (ਏਜੰਸੀ)image