
ਪਿੰਡ ਆਲੋਅਰਖ ਵਿਚ ਪਨਗ੍ਰੇਨ ਦੇ ਗੁਦਾਮਾਂ ਵਿਚ ਚੌਕੀਦਾਰ ਦਾ ਕਤਲ
ਭਵਾਨੀਗੜ੍ਹ, 30 ਅਗੱਸਤ (ਗੁਰਪ੍ਰੀਤ ਸਿੰਘ ਸਕਰੌਦੀ): ਬੀਤੀ ਰਾਤ ਇੱਥੋਂ ਥੋੜੀ ਦੂਰ ਭਵਾਨੀਗੜ੍ਹ-ਨਾਭਾ ਮੁੱਖ ਸੜਕ ਉਤੇ ਸਥਿਤ ਪਿੰਡ ਆਲੋਅਰਖ ਵਿਖੇ ਪਨਗ੍ਰੇਨ ਦੇ ਗੁਦਾਮ ਦੇ ਵਿਚ ਅਣਪਛਾਤਿਆਂ ਵਲੋਂ ਚੌਕੀਦਾਰ ਗੁਰਵਿੰਦਰ ਸਿੰਘ ਦਾ ਕਤਲ ਕਰ ਦਿਤਾ ਗਿਆ ਹੈ। ਮ੍ਰਿਤਕ ਗੁਰਵਿੰਦਰ ਸਿੰਘ ਦੇ ਚਚੇਰੇ ਭਰਾ ਅਤਰ ਸਿੰਘ ਵਾਸੀ ਬਖਤੜੀ ਨੇ ਦਸਿਆ ਕਿ ਉਹ ਰਾਤ ਸਮੇਂ ਚੌਕੀਦਾਰ ਦੀ ਡਿਊਟੀ ਕਰ ਰਹੇ ਸਨ ਕਿ 10-15 ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਉੱਤੇ ਹਮਲਾ ਕਰ ਦਿਤਾ ਅਤੇ ਉਸ ਦੇ ਹੱਥ ਪੈਰ ਬੰਨਕੇ ਇਕ ਕਮਰੇ ਵਿਚ ਬੰਦ ਕਰ ਦਿਤਾ। ਜਦੋਂ ਉਹ ਅਪਣੇ ਹਥ ਪੈਰ ਖੋਲ ਕੇ ਬਾਹਰ ਆਇਆ ਤਾਂ ਹਮਲਾਵਰ ਭਜ ਗਏ ਅਤੇ ਗੁਰਵਿੰਦਰ ਸਿੰਘ ਜ਼ਖ਼ਮੀ ਹਾਲਤ ਵਿਚ ਡਿੱਗਾ ਪਿਆ ਸੀ।
ਐਂਬੂਲੈਂਸ ਰਾਹੀਂ ਗੁਰਵਿੰਦਰ ਸਿੰਘ ਨੂੰ ਸਿਵਲ ਹਸਪਤਾਲ ਭਵਾਨੀਗੜ੍ਹ ਵਿਖੇ ਲੈ ਕੇ ਗਿਆ। ਪਰ ਡਾਕਟਰਾਂ ਨੇ ਗੁਰਵਿੰਦਰ ਸਿੰਘ ਨੂੰ ਮ੍ਰਿਤਕ ਘੋਸ਼ਿਤ ਐਲਾਨ ਕਰ ਦਿਤਾ। ਉਸ ਨੇ ਦਸਿਆ ਕਿ ਉਨ੍ਹਾਂ ਕੋਲ ਅਪਣੀ ਹਿਫ਼ਾਜਤ ਲਈ ਕੋਈ ਹਥਿਆਰ ਨਹੀਂ ਹੈ ਅਤੇ ਨਾ ਹੀ ਕੋਈ ਟਾਰਚ ਜਾਂ ਵਰਦੀ ਦਿਤੀ ਜਾਂਦੀ ਹੈ। ਪਨਗ੍ਰੇਨ ਦੇ ਮਨੇਜਰ ਮਾਣਕਪ੍ਰੀਤ ਸਿੰਘ ਸੋਢੀ ਨੇ ਦਸਿਆ ਕਿ ਉਹ ਘਟਨਾ ਸਬੰਧੀ ਪਤਾ ਚਲਦਿਆਂ ਹੀ ਮੌਕੇ ਉਤੇ ਪਹੁੰਚ ਗਏ ਸਨ। ਉਨ੍ਹਾਂ ਵਲੋਂ ਪੁਲਿਸ ਨੂੰ ਸੂਚਨਾ ਦਿਤੀ ਗਈ।
ਘਟਨਾ ਸਥਾਨ ਉਤੇ ਪਹੁੰਚੇ ਐਸਪੀ (ਡੀ) ਸੰਗਰੂਰ ਹਰਪ੍ਰੀਤ ਸਿੰਘ ਅਤੇ ਡੀਐਸਪੀ ਭਵਾਨੀਗੜ੍ਹ ਗੋਬਿੰਦਰ ਸਿੰਘ ਨੇ ਦਸਿਆ ਕਿ ਮ੍ਰਿਤਕ ਗੁਰਵਿੰਦਰ ਸਿੰਘ ਅਪਣੇ ਭਰਾ ਦੀ ਜਗ੍ਹਾ ਉਤੇ ਰਾਤ ਦੀ ਡਿਊਟੀ ਕਰਨ ਲਈ ਆਇਆ ਸੀ। ਬਾਹਰੋਂ ਆਏ ਵਿਅਕਤੀਆਂ ਦੇ ਹਮਲੇ ਵਿਚ ਉਸ ਦੀ ਮੌਤ ਹੋ ਗਈ। ਪੁਲਿਸ ਵਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਕਢਵਾ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਫੋਟੋ ਨੰ: 30 ਐਸਐਨਜੀ 1image7