
ਚੋਣ ਰੰਜਿਸ਼ ਤਹਿਤ ਨੌਜਵਾਨ ਦਾ ਮਾਰੂ ਹਥਿਆਰਾਂ ਨਾਲ ਕੀਤਾ ਕਤਲ
ਅਬੋਹਰ, 30 ਅਗੱਸਤ (ਤੇਜਿੰਦਰ ਸਿੰਘ ਖ਼ਾਲਸਾ): ਥਾਣਾ ਖੂਈ ਖੇੜਾ ਅਧੀਨ ਆਉਂਦੇ ਪਿੰਡ ਪੱਤਰਿਆਂ ਵਾਲਾ ਵਿਚ ਬੀਤੀ ਰਾਤ ਚੋਣ ਰੰਜਿਸ਼ ਤਹਿਤ ਕੁੱਝ ਲੋਕਾਂ ਨੇ ਪੁਲਿਸ ਵਰਦੀ ਪਾ ਕੇ ਅਪਣੇ ਦਰਜਨ ਭਰ ਅਣਪਛਾਤੇ ਸਾਥੀਆਂ ਨਾਲ ਇਕ ਨੌਜਵਾਨ ਦੇ ਘਰ ਵਿਚ ਦਾਖ਼ਲ ਹੋ ਕੇ ਮਾਰੂ ਹਥਿਆਰਾਂ ਨਾਲ ਹਮਲਾ ਕਰਦੇ ਹੋਏ ਕਤਲ ਕਰ ਦਿਤਾ ਜਦ ਕਿ ਬਚਾਅ ਲਈ ਆਏ ਪਰਵਾਰਕ ਮੈਂਬਰਾਂ ਨੂੰ ਵੀ ਜ਼ਖ਼ਮੀ ਕਰ ਦਿਤਾ। ਥਾਣਾ ਖੂਈਖੇੜਾ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਰਖਵਾਉਂਦੇ ਹੋਏ ਜ਼ਖ਼ਮੀਆਂ ਦੇ ਬਿਆਨਾਂ ਦੇ ਆਧਾਰ ਤੇ ਅਗਲੇਰੀ ਕਾਰਵਾਈ ਆਰੰਭ ਕਰ ਦਿਤੀ ਹੈ।
ਜਾਣਕਾਰੀ ਅਨੁਸਾਰ ਬੱਬਰ ਸਿੰਘ ਉਰਫ਼ ਬੱਬੀ (25) ਦੇ ਤਾਇਆ ਮਲਕੀਤ ਸਿੰਘ ਨੇ ਦਸਿਆ ਕਿ ਬੱਬੀ ਦੇ ਪਰਵਾਰ ਦੇ ਪਿਛਲੇ ਕੁੱਝ ਸਮੇਂ ਤੋਂ ਪਿੰਡ ਦੇ ਹੀ ਕੁੱਝ ਲੋਕਾਂ ਨਾਲ ਚੋਣ ਰੰਜਿਸ਼ ਚੱਲ ਰਹੀ ਸੀ ਜਿਸ ਬਾਬਤ ਥਾਣੇ ਉਪਰੰਤ ਅਦਾਲਤ ਵਿਚ ਵੀ ਕੇਸ ਚੱਲ ਰਿਹਾ ਹੈ। ਇਸ ਰੰਜਿਸ਼ ਤਹਿਤ ਹੀ ਬੀਤੀ ਰਾਤ ਕਰੀਬ 11 ਵਜੇ ਜਦ ਉਨ੍ਹਾਂ ਦਾ ਪਰਵਾਰ ਘਰ ਬੈਠਾ ਸੀ ਤਾਂ 3 ਨੌਜਵਾਨ ਪੁਲਿਸ ਦੀ ਵਰਦੀ ਪਾ ਕੇ ਦਰਜਨ ਭਰ ਲੋਕਾਂ ਨਾਲ ਉਨ੍ਹਾਂ ਦੇ ਘਰ ਆਏ ਅਤੇ ਉਨ੍ਹਾਂ ਦੇ ਪਰਵਾਰ ਤੇ ਜਾਨਲੇਵਾ ਹਮਲਾ ਕਰ ਦਿਤਾ।
ਇਸ ਦੌਰਾਨ ਬੱਬੀ ਤੋਂ ਇਲਾਵਾ ਉਸ ਦੀ ਮਾਂ ਈਸਰ ਕੌਰ, ਭਰਾ ਦਵਿੰਦਰ ਸਿੰਘ, ਚਾਚੇ ਦਾ ਮੁੰਡਾ ਅਗਰੇਜ ਸਿੰਘ ਆਦਿ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਰੋਲਾ ਸੁਣ ਕੇ ਜਦ ਪਿੰਡ ਦੇ ਲੋਕ ਇਕੱਠੇ ਹੋਏ ਤਾਂ ਹਮਲਾਵਰ ਭੱਜ ਨਿਕਲੇ। ਆਸ-ਪਾਸ ਦੇ ਲੋਕਾਂ ਨੇ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਤਾਂ ਬੱਬਰ ਸਿੰਘ ਖ਼ਾਲਸਾ ਉਰਫ਼ ਬੱਬੀ ਨੂੰ ਡਾਕਟਰਾਂ ਨੇ ਮਰਿਆ ਐਲਾਨ ਦਿਤਾ। ਘਟਨਾ ਦਾ ਪਤਾ ਲੱਗਦੇ ਹੀ ਥਾਣਾ ਖੂਈ ਖੇੜਾ ਮੁਖੀ ਬਲਵਿੰਦਰ ਸਿੰਘ ਮੌਕੇ ਉਤੇ ਪੁੱਜੇ ਅਤੇ ਪੁੱਛ ਪੜਤਾਲ ਕੀਤੀ। ਅੱਜ ਸਵੇਰੇ ਮ੍ਰਿਤਕ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਸੀ ਜਦ ਕਿ ਬਾਕੀ ਜ਼ਖ਼ਮੀਆਂ ਦੇ ਬਿਆਨਾਂ ਦੇ ਆਧਾਰ ਉਤੇ ਅਗਲੇਰੀ ਕਾਰਵਾਈ ਪੁਲਿਸ ਨੇ ਆਰੰਭ ਕਰ ਦਿਤੀ ਸੀ।
ਕੈਪਸ਼ਨ : ਮ੍ਰਿਤਕ ਨੌਜਵਾਨ ਬੱਬਰ ਸਿੰਘ ਉਰਫ ਬੱਬੀ ਦੀ ਫਾਈਲ ਤਸਵੀਰ।
ਫੋਟੋ ਫਾਈਲ : ਅਬੋਹਰ-ਖਾਲਸਾ 30-2
---------------------------------image