
ਕਸ਼ਮੀਰ ਵਿਚ ਮੁਕਾਬਲੇ ਦੌਰਾਨ ਤਿੰਨ ਅਤਿਵਾਦੀ ਹਲਾਕ, ਥਾਣੇਦਾਰ ਸ਼ਹੀਦ
ਸ੍ਰੀਨਗਰ, 30 ਅਗੱਸਤ : ਜੰਮੂ ਕਸ਼ਮੀਰ ਪੁਲਿਸ ਅਤੇ ਲਸ਼ਕਰ ਏ ਤੋਇਬਾ ਦੇ ਅਤਿਵਾਦੀਆਂ ਵਿਚਾਲੇ ਐਤਵਾਰ ਨੂੰ ਸ਼ਹਿਰ ਦੇ ਬਾਹਰਵਾਰ ਹੋਏ ਮੁਕਾਬਲੇ ਦੌਰਾਨ ਪੁਲਿਸ ਦਾ ਏਐਸਆਈ ਸ਼ਹੀਦ ਹੋ ਗਿਆ ਅਤੇ ਤਿੰਨ ਅਤਿਵਾਦੀ ਮਾਰੇ ਗਏ। ਪੁਲਿਸ ਨੇ ਦਸਿਆ ਕਿ ਪੰਥਾ ਚੌਕ ਖੇਤਰ ਵਿਚ ਪੁਲਿਸ ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਸਾਂਝੇ ਨਾਕੇ 'ਤੇ ਸਨਿਚਰਵਾਰ ਦੇਰ ਰਾਤ ਨੂੰ ਅਤਿਵਾਦੀਆਂ ਨੇ ਗੋਲੀਬਾਰੀ ਕੀਤੀ। ਉਨ੍ਹਾਂ ਕਿਹਾ ਕਿ ਬਲਾਂ ਦੀਆਂ ਸਾਂਝੀ ਟੁਕੜੀ ਨੇ ਖੇਤਰ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਚਲਾਈ।
ਤਲਾਸ਼ੀ ਦੌਰਾਨ ਅਤਿਵਾਦੀਆਂ ਨੇ ਮੁੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ ਜਿਸ ਦਾ ਸੁਰੱਖਿਆ ਬਲਾਂ ਨੇ ਜਵਾਬ ਦਿਤਾ। ਅਧਿਕਾਰੀ ਨੇ ਕਿਹਾ ਕਿ ਰਾਤ ਭਰ ਸਖ਼ਤ ਘੇਰਾਬੰਦੀ ਕੀਤੀ ਗਈ ਅਤੇ ਐਤਵਾਰ ਸਵੇਰੇ ਮੁੜ ਗੋਲੀਬਾਰੀ ਸ਼ੁਰੂ ਹੋਈ ਜਿਸ ਦੌਰਾਨ ਤਿੰਨ ਅਤਿਵਾਦੀ ਮਾਰੇ ਗਏ। ਮੁਕਾਬਲੇ ਵਿਚ ਜੰਮੂ ਕਸ਼ਮੀਰ ਪੁਲਿਸ ਦਾ ਏਐਸਆਈ ਬਾਬੂ ਰਾਮ ਸ਼ਹੀਦ ਹੋ ਗਿਆ। ਸ਼ਹੀਦ ਏਐਸਆਈ ਨੂੰ ਸ਼ਰਧਾਂਜਲੀ ਦੇਣ ਆਏ ਜੰਮੂ ਕਸ਼ਮੀਰ ਪੁਲਿਸ ਦੇ ਡੀਜੀਪੀ ਦਿਲਬਾਗ਼ ਸਿੰਘ ਨੇ ਪੱਤਰਕਾਰਾਂ ਨੂੰ ਦਸਿਆ ਕਿ ਤਿੰਨੇ ਅਤਿਵਾਦੀ ਬਾਈਕ 'ਤੇ ਆਏ ਸਨ ਅਤੇ ਉਨ੍ਹਾਂ ਸੁਰੱਖਿਆ ਬਲਾਂ ਦੀ ਸਾਂਝੀ ਟੁਕੜੀ 'ਤੇ ਹਮਲਾ ਕੀਤਾ। ਉਨ੍ਹਾਂ ਕਿਹਾ, 'ਸੁਰੱਖਿਆ ਬਲਾਂ 'ਤੇ ਗੋਲੀ ਚਲਾਉਣ ਮਗਰੋਂ ਅਤਿਵਾਦੀਆਂ ਨੇ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ।
ਫਿਰ ਅਤਿਵਾਦੀ ਬਾਈਕ ਛੱਡ ਕੇ ਭੱਜਣ ਲੱਗੇ ਅਤੇ ਸੁਰੱਖਿਆ ਬਲਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਅਤਿਵਾਦੀ ਪੰਥਾ ਚੌਕ ਲਾਗੇ ਹੀ ਧੋਬੀ ਮੁਹੱਲੇ ਵਿਚ ਜਾ ਕੇ ਲੁਕ ਗਏ। ਸੁਰੱਖਿਆ ਬਲਾਂ ਨੇ ਫੁਰਤੀ ਨਾਲ ਕਾਰਵਾਈ ਕੀਤੀ ਅਤੇ ਖੇਤਰ ਦੀ ਘੇਰਾਬੰਦੀ ਕਰ ਦਿਤੀ।
ਪੁਲਿਸ ਅਤੇ ਸੀਆਰਪੀਐਫ਼ ਦੇ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਵਿਚ ਅਤਿਵਾਦੀਆਂ ਨੂੰ ਮਾਰ ਦਿਤਾ ਗਿਆ। ਡੀਜੀਪੀ ਨੇ ਦਸਿਆ ਕਿ ਮੁਹਿੰਮ ਪੂਰੀ ਰਾਤ ਚੱਲੀ। ਸ਼ੁਰੂਆਤੀ ਗੋਲੀਬਾਰੀ ਵਿਚ ਇਕ ਅਤਾਵਦੀ ਮਾਰਿਆ ਗਿਆ ਅਤੇ ਏਐਸਆਈ ਸ਼ਹੀਦimage ਹੋ ਗਿਆ। ਮੁਹਿੰਮ ਦੇ ਅਗਲੇ ਗੇੜ ਵਿਚ ਦੋ ਹੋਰ ਅਤਿਵਾਦੀ ਮਾਰੇ ਦਿਤੇ ਗਏ। (ਏਜੰਸੀ)