
ਕੱਚੀ ਕੰਧ ਡਿੱਗਣ ਨਾਲ ਮਲਬੇ ਵਿਚ ਦਬੀਆਂ ਤਿੰਨ ਭੈਣਾਂ ਦੀ ਮੌਤ
ਕੰਧ ਓਹਲੇ ਬੈਠ ਕੇ ਬਿਸਕੁਟ ਖਾ ਰਹੀਆਂ ਸਨ ਤਿੰਨੇ ਬੱਚੀਆਂ
ਬਾਂਦਾ, 30 ਅਗੱਸਤ : ਯੂਪੀ ਦੇ ਚਿਤਰਕੁਟ ਜ਼ਿਲ੍ਹੇ ਦੇ ਰੈਪੁਰਾ ਇਲਾਕੇ ਵਿਚ ਸਨਿਚਰਵਾਰ ਦੇਰ ਰਾਤ ਮੀਂਹ ਕਾਰਨ ਡਿੱਗੀ ਕੱਚੀ ਕੰਧ ਦੇ ਮਲਬੇ ਵਿਚ ਦਬਣ ਨਾਲ ਤਿੰਨ ਸਕੀਆਂ ਭੈਣਾਂ ਦੀ ਮੌਤ ਹੋ ਗਈ।
ਅਧਿਕਾਰੀਆਂ ਨੇ ਦਸਿਆ ਕਿ ਕਪੂਰੀ ਪਿੰਡ ਵਿਚ ਸਨਿਚਰਵਾਰ ਦੇਰ ਸ਼ਾਮ ਮੀਂਹ ਕਾਰਨ ਮਜ਼ਦੂਰ ਅਸ਼ੋਕ ਵਰਮਾ ਦੇ ਮਕਾਨ ਦੀ ਪੁਰਾਣੀ ਕੱਚੀ ਕੰਧ ਡਿੱਗ ਗਈ ਜਿਸ ਕਾਰਨ ਮਲਬੇ ਵਿਚ ਉਸ ਦੀਆਂ ਤਿੰਨ ਬੇਟੀਆਂ-12 ਸਾਲਾ ਰੀਤੂ, ਨੌਂ ਸਾਲਾ ਸ਼ਿਵਦੇਵੀ ਅਤੇ ਪੰਜ ਸਾਲਾ ਪੂਜਾ ਦੀ ਮੌਤ ਹੋ ਗਈ। ਪਿੰਡ ਵਾਲਿਆਂ ਨੇ ਫੁਰਤੀ ਵਿਖਾਉਂਦਿਆਂ ਮਲਬਾ ਹਟਾਇਆ ਅਤੇ ਤਿੰਨਾਂ ਬੱਚੀਆਂ ਨੂੰ ਬਾਹਰ ਕਢਿਆ ਪਰ ਤਦ ਤਕ ਉਨ੍ਹਾਂ ਦੀ ਮੌਤ ਹੋ ਚੁਕੀ ਸੀ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦ ਤਿੰਨ ਭੈਣਾਂ ਦੁਕਾਨ ਤੋਂ ਨਮਕੀਨ ਅਤੇ ਬਿਸਕੁਟ ਖ਼ਰੀਦ ਕੇ ਕੱਚੀ ਕੰਧ ਓਹਲੇ ਬੈਠ ਕੇ ਖਾ ਰਹੀਆਂ ਸਨ। ਐਸਡੀਐਮ ਨੇ ਦਸਿਆ ਕਿ ਪੁਲਿਸ ਨੇ ਲਾਸ਼ਾਂ ਨੂੰ ਅਪਣੇimage ਕਬਜ਼ੇ ਵਿਚ ਲੈ ਲਿਆ ਹੈ। ਪੀੜਤ ਪਰਵਾਰ ਨੂੰ ਸਰਕਾਰੀ ਆਰਥਕ ਮਦਦ ਦਿਵਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ। (ਏਜੰਸੀ)