
ਸਿਹਤ ਵਿਭਾਗ ਵਿਰੁਧ ਪਿੰਡਾਂ ਦੀਆਂ ਪੰਚਾਇਤਾਂ ਲਗੀਆਂ ਮਤੇ ਪਾਉਣ
ਸੰਗਰੂਰ ਤੋਂ ਬਾਅਦ ਸ਼ੇਰਗੜ੍ਹ 'ਚ ਵੀ ਪਾਇਆ ਮਤਾ, ਨਹੀਂ ਜਾਵਾਂਗੇ ਹਸਪਤਾਲ
ਸ਼ੇਰਪੁਰ, 30 ਅਗੱਸਤ (ਬਲਜੀਤ ਸਿੰਘ ਟਿੱਬਾ) : ਅੱਜ ਪਿੰਡ ਪੱਤੀ ਖਲੀਲ ਦੇ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ, ਨਗਰ ਪੰਚਾਇਤ, ਵੱਖ-ਵੱਖ ਕਲੱਬਾਂ, ਧਾਰਮਕ ਜਥੇਬੰਦੀਆਂ ਤੇ ਨਗਰ ਨਿਵਾਸੀਆਂ ਦੀ ਇਕ ਇਕੱਤਰਤਾ ਹੋਈ। ਜਿਸ ਵਿਚ ਵੱਖ-ਵੱਖ ਆਗੂਆਂ ਨੇ ਕੋਰੋਨਾ ਮਹਾਂਮਾਰੀ ਸਬੰਧੀ ਆਪੋ-ਅਪਣੇ ਵਿਚਾਰ ਰੱਖੇ, ਜਿਸ ਤੋਂ ਬਾਅਦ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਕੋਰੋਨਾ ਸਬੰਧੀ ਸਿਹਤ ਵਿਭਾਗ ਦੀ ਕੋਈ ਵੀ ਟੀਮ ਨਗਰ ਵਿਚ ਕਿਸੇ ਵੀ ਵਸਨੀਕ ਦਾ ਟੈਸਟ ਜਾਂ ਇਲਾਜ ਲਈ ਕਹਿੰਦੀ ਹੈ ਤਾਂ ਮਰੀਜ਼ ਦੀ ਸਹਿਮਤੀ ਤੋਂ ਬਿਨਾਂ ਉਸ ਦਾ ਟੈਸਟ ਨਹੀਂ ਕਰਨ ਦਿਤਾ ਜਾਵੇਗਾ। ਜੇ ਪਿੰਡ ਵਿਚ ਕੋਈ ਵੀ ਮਰੀਜ਼ ਕੋਰੋਨਾ ਪਾਜ਼ੇਟਿਵ ਪਾਇਆ ਜਾਂਦਾ ਹੈ ਤਾਂ ਨਗਰ ਵਲੋਂ ਉਸ ਨੂੰ ਸਾਂਝੀ ਜਗ੍ਹਾ ਜਾਂ ਉਸ ਦੇ ਘਰ ਵਿਚ ਹੀ ਅਪਣੀ ਨਿਗਰਾਨੀ ਹੇਠ ਇਕਾਂਤਵਾਸ ਕੀਤਾ ਜਾਵੇਗਾ। ਕੋਈ ਵੀ ਵਿਅਕਤੀ ਇਲਾਜ ਕਰਾਉਣ ਤੋਂ ਜੇ ਅਸਮਰੱਥ ਹੈ ਤਾਂ ਨਗਰ ਵਲੋਂ ਸਹਾਇਤਾ ਦੇ ਕੇ ਉਸ ਦਾ ਇਲਾਜ ਅਪਣੇ ਖ਼ਰਚੇ 'ਤੇ ਕਰਵਾਇਆ ਜਾਵੇਗਾ।
ਇਸ ਮਤੇ ਅਨੁਸਾਰ ਲੋਕਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਕਿ ਜੇ ਕੋਈ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਇਆ ਜਾਂਦਾ ਹੈ ਤਾਂ ਉਸ ਨੂੰ ਖੁਲ੍ਹਾ ਘੁੰਮਣ ਦੀ ਮਨਾਹੀ ਹੋਵੇਗੀ। ਜੇ ਪਰਵਾਰ ਮਤੇ ਦੀਆਂ ਸ਼ਰਤਾਂ ਦੀ ਉਲੰਘਣਾ ਕਰੇਗਾ ਤਾਂ ਉਸ ਨੂੰ ਸਰਕਾਰੀ ਕੋਵਿਡ ਸੈਂਟਰ ਵਿਚ ਭੇਜਿਆ ਜਾਵੇਗਾ ਅਤੇ ਨਗਰ ਵਲੋਂ ਉਸ ਦਾ ਕੋਈ ਸਹਿਯੋਗ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਪੱਤੀ ਖਲੀਲ ਦੇ ਸਰਪੰਚ ਰਣਜੀਤ ਸਿੰਘ ਬਿੱਲੂ, ਚਰਨਜੀਤ ਸਿੰਘ ਗਰੇਵਾਲ, ਅਮਰੀਕ ਸਿੰਘ ਚੀਮਾ, ਭਾਗ ਸਿੰਘ ਜੇ.ਈ, ਤੇਜਿੰਦਰ ਸਿੰਘ, ਜਸਵਿੰਦਰ ਸਿੰਘ, ਪਰਮਜੀਤ ਸਿੰਘ, ਪ੍ਰੇਮ ਕੁਮਾਰ ਘਨੌਰੀ, ਮਨੀਸ਼ ਐੱਲ.ਆਈ.ਸੀ ,ਦਰਸੀ ਗੰਡੇਵਾਲ, ਨਿਰਮਲ ਸਿੰਘ ਔਲਖ, ਸੁਖਦੇਵ ਸਿੰਘ ਔਲਖ, ਦਰਸ਼ਨ ਸਿੰਘ ਧਾਲੀਵਾਲ ਹਾਜ਼ਰ ਸਨ।
ਫੋਟੋ---30---1ਏimage