
‘ਹਿੰਦੂ ਕਿ ਤੁਰਕ ਦੁੰਦ ਭਾਜੈ’ ਤੁਕਾਂਸ਼ ਗੁਰੂ ਗੋਬਿੰਦ ਸਿੰਘ ਜੀ ਦਾ ਭਵਿੱਖਤ ਵਾਕ ਨਹੀਂ : ਜਾਚਕ
ਕਿਹਾ, ਬਿਲਕੁਲ ਕੋਰਾ ਝੂਠ ਤੇ ਸਿੱਖ ਜਗਤ ਨੂੰ ਗੁਮਰਾਹ ਕਰਨ ਵਾਲੀ ਕੁਚਾਲ
ਕੋਟਕਪੂਰਾ, 30 ਅਗੱਸਤ (ਗੁਰਿੰਦਰ ਸਿੰਘ) : ਅੱਜ 30 ਅਗੱਸਤ 2021 ਦੇ ‘ਰੋਜ਼ਾਨਾ ਸਪੋਕਸਮੈਨ’ ਅੰਦਰਲੇ 2 ਨੰਬਰ ਪੰਨੇ ਉਤੇ ‘ਭਾਰਤ ਦੇ ਹਰ ਕੋਨੇ ’ਚ ਗੁਰਮਤਿ ਪ੍ਰਚਾਰ ਕਰਨ ਦੀ ਲੋੜ’ ਦੀ ਸੁਰਖੀ ਹੇਠ ਗੁਰੂ ਤੇਗ਼ ਬਹਾਦਰ ਬਿ੍ਰਗੇਡ ਕਰਨਾਲ ਦੇ ਧਾਰਮਕ ਸਲਾਹਕਾਰ ਗਿਆਨੀ ਤੇਜਪਾਲ ਸਿੰਘ ਦਾ ਬਿਆਨ ਛਪਿਆ ਹੈ, ਉਸ ਵਿਚ “ਹਿੰਦੂ ਕਿ ਤੁਰਕ ਦੁੰਦ ਭਾਜੈ” ਵਰਗੇ ਅਧੂਰੇ ਤੇ ਮਨਘੜਤ ਤੁਕਾਂਸ਼ ਨੂੰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਭਵਿੱਖਤ ਵਾਕ ਦਸਿਆ ਗਿਆ ਹੈ। ਇਹ ਬਿਲਕੁਲ ਕੋਰਾ ਝੂਠ ਤੇ ਸਿੱਖ ਜਗਤ ਨੂੰ ਗੁਮਰਾਹ ਕਰਨ ਵਾਲੀ ਕੁਚਾਲ ਹੈ, ਕਿਉਂਕਿ “ਜਗੈ ਧਰਮ ਹਿੰਦੁਕ, ਤੁਰਕ ਦੁੰਦ ਭਾਜੈ।” ਦੇ ਬੇਨਤੀ-ਵਾਚਕ ਸੰਪੂਰਨ ਵਾਕ ਨੂੰ ਤੋੜਿਆ ਮਰੋੜਿਆ ਗਿਆ ਹੈ।
ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਉਕਤ ਜਾਣਕਾਰੀ ਦਿੰਦਿਆਂ ਸਪੱਸ਼ਟ ਕੀਤਾ ਕਿ ਇਕ ਤਾਂ ਉਪਰੋਕਤ ਤੁਕਾਂਸ਼ ਦਸਵੇਂ ਗੁਰੂ-ਪਾਤਸ਼ਾਹ ਦੇ ਨਾਮ ਨਾਲ ਜੋੜ ਕੇ ਜਾਣੇ ਜਾਂਦੇ ਅਤੇ 20ਵੀਂ ਸਦੀ ਦੇ ਆਰੰਭਕ ਦੌਰ ਤੋਂ ਛਾਪੇ ਜਾ ਰਹੇ ਬਚਿੱਤ੍ਰ-ਨਾਟਕੀ ‘ਦਸਮ ਗ੍ਰੰਥ’ ਤੇ ‘ਸਰਬਲੋਹ ਗ੍ਰੰਥ’ ਵਿਚ ਕਿਧਰੇ ਨਹੀਂ ਮਿਲਦਾ। ਦੂਜਾ ਸਿੱਖੀ ’ਚ ਦੇਹਧਾਰੀ ਗੁਰੂਡੰਮ ਪ੍ਰਚਾਰਨ ਵਾਲੇ ਨਾਮਧਾਰੀ ਡੇਰੇ ਵਲੋਂ ‘ਉਗਰਦੰਤੀ’ ਨਾਂਅ ਦੀ ਵੀਡੀਉ ਬਣਾ ਕੇ ਇੰਟਰਨੈੱਟ ਰਾਹੀਂ ਅਤੇ ਆਰ.ਐਸ.ਐਸ. ਵਲੋਂ ਸਿੱਖ ਭਾਈਚਾਰੇ ਨੂੰ ਗੁਮਰਾਹ ਕਰਨ ਲਈ ਸਥਾਪਤ ਕੀਤੀ ‘ਰਾਸ਼ਟਰੀ ਸਿੱਖ ਸੰਗਤ’ ਵਲੋਂ ਇਹ ਵਾਕ ਪੁਸਤਕਾਂ ’ਚ ਹਿੰਦੂ-ਮਤ ਦੇ ਉਭਾਰ ਤੇ ਮੁਸਲਮਾਨਾਂ ਦੇ ਸੰਘਾਰ ਵਾਸਤੇ ਵਿਸ਼ੇਸ਼ ਤੌਰ ’ਤੇ ਪ੍ਰਚਾਰਿਆ ਜਾ ਰਿਹਾ ਹੈ। ‘ਸਿੱਖ ਸੰਗਤ ਆਫ਼ ਅਮਰੀਕਾ (ਯੂ.ਐਸ.ਏ.) ਵਲੋਂ ਅਗੱਸਤ 1999 ਦੀ ਮਾਸਕ ਪਤ੍ਰਕਾ ‘ਸੰਗਤ ਸੰਦੇਸ਼’ ਵਿਚ ਉਪਰੋਕਤ ਤੁਕਾਂਸ਼ ਦਾ ਸੰਪੂਰਨ ਪਦਾ ‘ਹਿੰਦੂ-ਧਰਮ ਕੇ ਜਾਗਰਣ ਕਾ ਸੰਕਲਪ’ ਸਿਰਲੇਖ ਹੇਠ 20 ਨੰਬਰ ਪੰਨੇ ’ਤੇ ਹਿੰਦੀ ’ਚ ਹੇਠ ਲਿਖੇ ਰੂਪ ’ਚ ਪ੍ਰਕਾਸ਼ਤ ਹੈ। ਉਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਕੋਈ ਭਵਿੱਖਤ ਗੁਰਵਾਕ ਨਹੀਂ, ਸਗੋਂ ‘ਉਗਰਦੰਤੀ’ (ਭਯੰਕਰ ਦੰਦਾਂ ਵਾਲੀ) ਉਪਨਾਮ ਵਾਲੀ ਦੇਵੀ ਮਾਤਾ ਭਵਾਨੀ (ਦੁਰਗਾ) ਨੂੰ ਜਗਤ-ਗੁਰੂ ਮੰਨਦਿਆਂ ਉਸ ਅੱਗੇ ਇਉਂ ਇਕ ਲਿਲਕੜੀ ਤੇ ਤਰਲਾ ਹੈ:
ਸਕਲ ਜਗਤ ਮੋ ਖ਼ਾਲਸਾ ਪੰਥ ਗਾਜੈ।
ਜਗੈ ਧਰਮ ਹਿੰਦੁਕ, ਤੁਰਕ ਦੁੰਦ ਭਾਜੈ।
ਹਮਨ ਬੈਰੀਅਨ ਕਉ ਪਕਰਿ ਘਾਤ ਕੀਜੈ।
ਤਬੈ ਦਾਸ ਗੋਬਿੰਦ ਕਾ ਮਨ ਪਤੀਜੈ।
ਤੁਹੀ ਆਸ ਪੂਰਨ ਜਗਤ ਗੁਰ ਭਵਾਨੀ।
ਛਤ੍ਰ ਛੀਨ ਮੁਗ਼ਲਨ ਕਰਹੁ ਬੇਗ ਫਾਨੀ।
(ਗੁਰੂ ਗੋਬਿੰਦ ਸਿੰਹ : ਉਗਰਦੰਤੀ)