
ਕਿਸਾਨ ਮਹਾਂਪੰਚਾਇਤ : ਕਿਸਾਨਾਂ ਦਾ ਸਰਕਾਰ ਨੂੰ 6 ਸਤੰਬਰ ਤਕ ਦਾ ਅਲਟੀਮੇਟਮ
ਲਾਠੀਚਾਰਜ ’ਚ ਜਾਨ ਗਵਾਉਣ ਵਾਲੇ ਕਿਸਾਨ ਨੂੰ ਮਿਲੇ ਨੌਕਰੀ ਤੇ 25 ਲੱਖ ਮੁਆਵਜ਼ਾ
ਕਰਨਾਲ, 30 ਅਗੱਸਤ : ਹਰਿਆਣਾ ਦੇ ਕਰਨਾਲ ’ਚ ਮਹਾਪੰਚਾਇਤ ’ਚ ਕਿਸਾਨ ਆਗੂਆਂ ਨੇ ਸਰਕਾਰ ਨੂੰ ਅਲਟੀਮੇਟਮ ਦਿਤਾ ਹੈ। ਕਿਸਾਨ ਆਗੂਆਂ ਨੇ ਤਿੰਨ ਮੰਗਾਂ ਰਖੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲਾਠੀਚਾਰਜ ਤੋਂ ਬਾਅਦ ਮਿ੍ਰਤਕ ਕਿਸਾਨ ਦੇ ਪ੍ਰਵਾਰ ਨੂੰ 25 ਲੱਖ ਦਾ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦਿਤੀ ਜਾਵੇ, ਨਾਲ ਹੀ ਜੋ ਕਿਸਾਨ ਜ਼ਖ਼ਮੀ ਹੋਏ ਹਨ, ਉਨ੍ਹਾਂ ਨੂੰ 2-2 ਲੱਖ ਦਾ ਮੁਆਵਜ਼ਾ ਮਿਲੇ। ਲਾਠੀਚਾਰਜ ਲਈ ਦੋਸ਼ੀ ਅਫ਼ਸਰਾਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਲਈ ਕਿਸਾਨ ਆਗੂਆਂ ਨੇ ਸਰਕਾਰ ਨੂੰ 6 ਸਤੰਬਰ ਤਕ ਦਾ ਅਲਟੀਮੇਟਮ ਦਿਤਾ ਹੈ। ਆਗੂਆਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ 7 ਸਤੰਬਰ ਨੂੰ ਕਰਨਾਲ ’ਚ ਮਹਾਪੰਚਾਇਤ ਬੁਲਾਉਣਗੇ।
ਕਿਸਾਨਾਂ ’ਤੇ ਪੁਲਿਸ ਦੇ ਲਾਠੀਚਾਰਜ ਨੂੰ ਲੈ ਕੇ ਘਰੌਂਡਾ ਅਨਾਜ ਮੰਡੀ ’ਚ ਹਜ਼ਾਰਾਂ ਕਿਸਾਨ ਜੁਟੇ। ਇਸ ਦੌਰਾਨ 23 ਕਿਸਾਨ ਆਗੂਆਂ ਨੇ ਭਾਸ਼ਣ ਦੌਰਾਨ ਅਪਣੀ-ਅਪਣੀ ਰਾਏ ਪੇਸ਼ ਕੀਤੀ। ਇਨ੍ਹਾਂ ਨੇ ਸਾਂਝੇ ਰੂਪ ਨਾਲ ਮੰਗ ਕੀਤੀ ਕਿ ਐਸ.ਡੀ.ਐਮ. ਨੂੰ ਬਰਖ਼ਾਸਤ ਕਰ ਕੇ ਉਸ ਵਿਰੁਧ ਕਤਲ ਦਾ ਕੇਸ ਦਰਜ ਕੀਤਾ ਜਾਵੇ। ਨਾਲ ਹੀ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਕਿਸਾਨਾਂ ਤੋਂ ਮਾਫ਼ੀ ਮੰਗਣ। (ਏਜੰਸੀ)