
ਕਾਂਗਰਸ ਨੂੰ ਵੱਡਾ ਝਟਕਾ : ਆਜ਼ਾਦ ਦੇ ਸਮਰਥਨ 'ਚ 64 ਆਗੂਆਂ ਨੇ ਪਾਰਟੀ ਤੋਂ ਦਿਤਾ ਅਸਤੀਫ਼ਾ
ਜੰਮੂ, 30 ਅਗੱਸਤ : ਜੰਮੂ-ਕਸ਼ਮੀਰ ਦੇ ਸਾਬਕਾ ਉਪ ਮੁੱਖ ਮੰਤਰੀ ਤਾਰਾ ਚੰਦ, ਸਾਬਕਾ ਮੰਤਰੀ ਅਬਦੁਲ ਮਜੀਦ ਵਾਨੀ ਸਮੇਤ ਕੇਂਦਰ ਸ਼ਾਸਤ ਪ੍ਰਦੇਸ਼ 'ਚ ਕਾਂਗਰਸ ਦੇ ਕਰੀਬ 64 ਨੇਤਾਵਾਂ ਨੇ ਗੁਲਾਮ ਨਬੀ ਆਜ਼ਾਦ ਦੇ ਸਮਰਥਨ 'ਚ ਮੰਗਲਵਾਰ ਨੂੰ ਪਾਰਟੀ ਤੋਂ ਅਸਤੀਫ਼ਾ ਦੇ ਦਿਤਾ | ਇਨ੍ਹਾਂ ਆਗੂਆਂ ਨੇ ਅਪਣਾ ਸਾਂਝਾ ਅਸਤੀਫ਼ਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜਿਆ ਹੈ | ਮੰਗਲਵਾਰ ਨੂੰ ਸਾਬਕਾ ਉਪ ਮੁੱਖ ਮੰਤਰੀ ਤਾਰਾ ਚੰਦ, ਸਾਬਕਾ ਮੰਤਰੀ ਅਬਦੁਲ ਮਜੀਦ ਵਾਨੀ, ਸਾਬਕਾ ਵਿਧਾਇਕ ਬਲਵਾਨ ਸਿੰਘ, ਸਾਬਕਾ ਮੰਤਰੀ ਡਾਕਟਰ ਮਨੋਹਰ ਲਾਲ ਸਰਮਾ, ਸੂਬਾ ਕਾਂਗਰਸ ਜਨਰਲ ਸਕੱਤਰ ਵਿਨੋਦ ਮਿਸਰਾ, ਵਿਨੋਦ ਸ਼ਰਮਾ, ਨਰਿੰਦਰ ਸ਼ਰਮਾ ਸਣੇ 64 ਆਗੂਆਂ ਨੇ ਪਾਰਟੀ ਤੋਂ ਅਸਤੀਫ਼ੇ ਦਾ ਐਲਾਨ ਕੀਤਾ |
ਬਲਵਾਨ ਸਿੰਘ ਲੇ ਪ੍ਰੈੱਸ ਕਾਨਫਰੰਸ 'ਚ ਅਸਤੀਫ਼ਾ ਪੱਤਰ ਪੜ੍ਹਦੇ ਹੋਏ ਕਿਹਾ, ''ਅਸੀਂ ਦਹਾਕਿਆਂ ਤੋਂ ਪਾਰਟੀ ਨਾਲ ਜੁੜੇ ਹੋਏ ਸਨ ਅਤੇ ਅਪਣੀ ਪੂਰੀ ਤਾਕਤ ਅਤੇ ਸਰੋਤ ਜੰਮੂ ਕਸ਼ਮੀਰ ਵਿਚ ਪਾਰਟੀ ਦਾ ਵਿਸਤਾਰ ਕਰਨ ਵਿਚ ਲਾਇਆ, ਪਰ ਬਦਕਿਸਮਤੀ ਨਾਲ ਅਸੀਂ ਦੇਖਿਆ ਕਿ ਜਿਸ ਤਰ੍ਹਾਂ ਦਾ ਵਿਤਕਰਾ ਕੀਤਾ ਜਾ ਰਿਹਾ ਹੈ ਉਹ ਅਪਮਾਨਜਨਕ ਹੈ |'' ਇਸ ਪੱਤਰ 'ਤੇ ਕਾਂਗਰਸ ਦੀ ਜੰਮੂ ਕਸ਼ਮੀਰ ਇਕਾਈ ਦੇ 64 ਆਗੂਆਂ ਅਤੇ ਸੀਨੀਅਰ ਅਹੁਦੇਦਾਰਾਂ ਦੇ ਹਸਤਾਖ਼ਤਰ ਹਨ |
ਪੱਤਰ ਵਿਚ ਕਿਹਾ ਗਿਆ ਹੈ, ''ਸਾਡੇ ਆਗੂ ਅਤੇ ਮਾਰਗਦਰਸ਼ਕ ਗੁਲਾਮ ਨਬੀ ਆਜ਼ਾਦ ਨੇ ਤੁਹਾਨੂੰ (ਸੋਨੀਆ ਗਾਂਧੀ ਨੂੰ ) ਲਿਖੀ ਚਿੱਠੀ ਵਿਚ ਮੁੱਦਿਆਂ ਨੂੰ ਗਿਨਾਉਂਦੇ ਹੋਏ ਪਾਰਟੀ ਤੋਂ ਅਸਤੀਫ਼ਾ ਦੇ ਦਿਤਾ ਹੈ | ਸਾਡਾ ਮੰਨਣਾ ਹੈ ਕਿ ਸਾਨੂੰ ਵੀ ਕਾਂਗਰਸ ਤੋਂ ਬਾਹਰ ਚਲੇ ਜਾਣਾ ਚਾਹੀਦਾ ਤਾਕਿ ਇਕ ਸਕਾਰਾਤਮਕ ਰਾਜਨੀਤਕ ਸਮਾਜ ਦਾ ਨਿਰਮਾਣ ਕਰਨ ਵਿਚ ਕੁੱਝ ਲੋੜੀਂਦਾ ਯੋਗਦਾਨ ਦੇ ਸਕੀਏ, ਜਿਥੇ ਲੋਕਾਂ ਦੀ ਗੱਲ ਸੁਣੀ ਜਾਵੇ ਅਤੇ ਜਵਾਬ ਵੀ ਦਿਤਾ ਜਾਵੇ |''
ਬਲਵਾਨ ਸਿੰਘ ਨੇ ਦਾਅਵਾ ਕੀਤਾ ਕਿ ਇਕ ਚੁਣੀ ਹੋਈ ਸਰਕਾਰ ਦੀ ਗ਼ੈਰ ਮੌਜੂਦਗੀ ਵਿਚ ਜੰਮੂ ਕਸ਼ਮੀਰ ਬੇਮਿਸਾਲ ਸੰਕਟ ਦਾ ਸਾਹਮਣਾ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਆਜ਼ਾਦ ਦਾ ਇਥੇ ਤੋਂ ਰਾਸ਼ਟਰੀ ਪੱਧਰ ਦੀ ਪਾਰਟੀ ਬਣਾਉਣ ਦੇ ਫ਼ੈਸਲੇ ਨਾਲ ਸਾਰਿਆਂ ਲਈ ਚੀਜ਼ਾਂ ਨੂੰ ਠੀਕ ਕਰਨ ਦੀ ਪ੍ਰੇਰਣਾ ਮਿਲੇਗੀ |
(ਏਜੰਸੀ)