
ਯੂਨੀਵਰਸਿਟੀ ਦੀ ਲਾਇਬੇ੍ਰਰੀ 'ਚੋਂ ਦੁਰਲੱਭ ਖਰੜਿਆਂ ਨੂੰ ਸਾਜ਼ਸ਼ ਤਹਿਤ ਕੀਤਾ ਜਾ ਰਿਹੈ ਖ਼ਤਮ : ਭਾਈ ਮਾਝੀ
ਪੁਛਿਆ, ਗਿਆਨੀ ਹਰਪ੍ਰੀਤ ਸਿੰਘ ਅਤੇ ਸ਼ੋ੍ਰਮਣੀ ਕਮੇਟੀ ਇਸ ਮੁੱਦੇ 'ਤੇ ਚੁੱਪ ਕਿਉਂ?
ਕੋਟਕਪੂਰਾ, 30 ਅਗੱਸਤ (ਗੁਰਿੰਦਰ ਸਿੰਘ) : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਡਾ. ਗੰਡਾ ਸਿੰਘ ਰੈਫ਼ਰੈਂਸ ਲਾਇਬ੍ਰੇਰੀ ਵਿਚੋਂ ਵੱਖ-ਵੱਖ ਧਰਮਾਂ ਨਾਲ ਸਬੰਧਤ ਇਤਿਹਾਸਕ ਦੁਰਲੱਭ ਖਰੜਿਆਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ | ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਮੁੱਖ ਸੇਵਾਦਾਰ 'ਦਰਬਾਰ ਏ ਖ਼ਾਲਸਾ' ਨੇ ਦਸਿਆ ਕਿ ਸੰਨ 2015 ਵਿਚ ਧਾਰਮਕ ਇਤਿਹਾਸਿਕ ਖਰੜਿਆਂ ਨੂੰ 2 ਟਰੱਕਾਂ ਵਿਚ ਲੱਦ ਕੇ ਰੱਦੀ ਕਹਿ ਕੇ ਯੂਨੀਵਰਸਿਟੀ ਵਿਚੋਂ ਕਢਿਆ ਜਾ ਰਿਹਾ ਸੀ ਜਿਸ ਦਾ ਵਿਦਿਆਰਥੀ ਜਥੇਬੰਦੀਆਂ ਵਲੋਂ ਕੀਤੇ ਵਿਰੋਧ ਕਾਰਨ ਬਚਾਅ ਹੋ ਗਿਆ ਸੀ |
ਉਨ੍ਹਾਂ ਦਸਿਆ ਕਿ ਪਿਛਲੇ ਦਿਨੀਂ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਲਾਇਬ੍ਰੇਰੀ ਨਾਲ ਸਬੰਧਤ ਸਟਾਕ ਵੈਰੀਫ਼ਿਕੇਸ਼ਨ ਕਮੇਟੀ ਨੇ ਡਾ. ਗੰਡਾ ਸਿੰਘ ਪੰਜਾਬੀ ਰੈਫ਼ਰੈਂਸ ਲਾਇਬ੍ਰੇਰੀ ਵਿਚ ਸਟਾਕ ਵੈਰੀਫ਼ਿਕੇਸ਼ਨ ਦੀ ਆੜ ਹੇਠ ਉੱਥੇ ਪਈਆਂ ਧਾਰਮਕ ਪੋਥੀਆਂ ਅਤੇ ਸਿੱਖ ਇਤਿਹਾਸ ਦੇ ਦੁਰਲੱਭ ਖਰੜਿਆਂ ਨੂੰ ਨੁਕਸਾਨ ਪਹੁੰਚਾ ਕੇ ਹੇਠਾਂ ਸੁੱਟ ਕੇ ਪੈਰਾਂ ਵਿਚ ਰੋਲ ਕੇ ਬੇਅਦਬੀ ਕੀਤੀ ਹੈ | ਭਾਈ ਮਾਝੀ ਨੇ ਆਖਿਆ ਕਿ ਯੂਨੀਵਰਸਿਟੀ ਦੇ ਸੁਹਿਰਦ ਵਿਦਿਆਰਥੀਆਂ ਵਲੋਂ ਇਸ ਮਸਲੇ ਦੀ ਜਾਂਚ ਪੜਤਾਲ ਕਰਨ ਅਤੇ ਦੋਸ਼ੀਆਂ ਵਿਰੁਧ ਕਾਰਵਾਈ ਕਰਵਾਉਣ ਲਈ ਜਿਥੇ 17 ਅਗੱਸਤ ਨੂੰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਲਿਖਤੀ ਪੱਤਰ ਭੇਜਿਆ ਗਿਆ, ਉੱਥੇ 23 ਅਗੱਸਤ ਨੂੰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ
ਅਕਾਲ ਤਖ਼ਤ ਸਾਹਿਬ ਵਿਖੇ ਪੱਤਰ ਭੇਜ ਕੇ ਧਾਰਮਕ ਖਰੜਿਆਂ ਦੀ ਹੋਈ ਬੇਅਦਬੀ ਸਬੰਧੀ ਧਿਆਨ ਦਿਵਾਇਆ ਗਿਆ |
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਇਸ ਮਸਲੇ ਦੀ ਜਾਂਚ ਪੜਤਾਲ ਲਈ ਬਣਾਈ ਗਈ 3 ਮੈਂਬਰੀ ਕਮੇਟੀ ਨੇ ਅਜੇ ਤਕ ਜਾਂਚ ਰਿਪੋਰਟ ਜਨਤਕ ਨਹੀਂ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ | ਭਾਈ ਮਾਝੀ ਨੇ ਦਸਿਆ ਕਿ ਦੁਰਲੱਭ ਇਤਿਹਾਸਕ ਖਰੜਿਆਂ ਨੂੰ ਬਚਾਉਣ ਲਈ ਯਤਨਸ਼ੀਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ | ਭਵਿੱਖ ਵਿੱਚ ਜੇਕਰ ਕਿਸੇ ਵਿਦਿਆਰਥੀ ਦਾ ਵਿਦਿਅਕ ਜਾਨੀ ਜਾਂ ਮਾਲੀ ਨੁਕਸਾਨ ਹੋਇਆ ਤਾਂ ਇਸ ਲਈ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ |