3 ਕਰੋੜ ਰੁਪਏ ਦੱਸੀ ਜਾ ਰਹੀ ਹੈ ਹੈਰੋਇਨ ਦੀ ਕੀਮਤ
ਅੰਮ੍ਰਿਤਸਰ - ਭਾਰਤ ਪਾਕਿਸਤਾਨ ਦੇਸ਼ਾਂ ਦੀ ਸਾਂਝੀ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਦੇ ਨਜ਼ਦੀਕ ਬੀਐਸਐਫ ਦੇ ਖੇਤਰ ਵਾਲੇ ਇਲਾਕੇ ਭਾਰਤੀ ਪਿੰਡ ਧਨੋਏ ਖ਼ਰਦ ਤੋਂ ਕਾਊਂਟਰ ਇੰਟੈਲੀਜੈਨਸ ਨੂੰ ਵੱਡੀ ਸਫ਼ਲਤਾ ਮਿਲੀ ਹੈ।
ਅੰਮ੍ਰਿਤਸਰ ਦੀ ਵਿਸ਼ੇਸ਼ ਟੀਮ ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਬਰਾਮਦ ਕਰ ਕੇ ਇਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੇ ਇੰਸਪੈਕਟਰ ਇੰਦਰਦੀਪ ਸਿੰਘ ਨੇ ਦੱਸਿਆ ਕਿ ਭਾਰਤ ਪਾਕਿਸਤਾਨ ਸਰਹੱਦ 'ਤੇ ਸਥਿਤ ਭਾਰਤੀ ਪਿੰਡ ਧਨੋਏ ਖੁਰਦ ਦੇ ਸਾਹਮਣੇ ਭਾਰਤ ਵੱਲੋਂ ਲਗਾਈ ਗਈ ਕੰਡਿਆਂ ਵਾਲੀ ਤਾਰ ਦੇ ਨਜ਼ਦੀਕ ਜਿਥੋਂ ਕਿ ਬੀਐਸਐਫ਼ ਦੀ ਚੌਕੀ 'ਤੇ ਸਰਹੱਦੀ ਏਰੀਆ ਪੈਂਦਾ ਹੈ, ਉੱਥੇ ਇਸ ਸਬੰਧੀ ਮੁਖ਼ਬਰ ਨੇ ਸੂਚਨਾ ਦਿੱਤੀ ਸੀ ਕਿ ਡਰੋਨ ਰਾਹੀਂ ਪਾਕਿਸਤਾਨ ਤੋਂ ਇੱਥੇ ਹੈਰੋਇਨ ਸੁਟੀ ਗਈ ਹੈ।
ਜਿਸ ਦੀ ਨਿਸ਼ਾਨਦੇਹੀ 'ਤੇ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਵੱਲੋਂ ਸਰਚ ਅਭਿਆਨ ਇਸ ਪਿੰਡ ਦੇ ਖੇਤਰ ਵਿਚ ਚਲਾਇਆ ਗਿਆ ਜਿੱਥੋਂ ਕੁਝ ਸਮੇਂ ਬਾਅਦ ਹੀ ਇੱਕ ਪਲਾਸਟਿਕ ਦੀ ਬੋਤਲ ਮਿਲੀ ਜਿਸ 'ਤੇ ਪਲਾਸਟਿਕ ਦੀ ਟੇਪ ਲਪੇਟੀ ਹੋਈ ਮਿਲੀ। ਉਹਨਾਂ ਕਿਹਾ ਕਿ ਬੋਤਲ ਨੂੰ ਖੋਲ ਕੇ ਵੇਖਿਆ ਤਾਂ ਉਸ ਵਿਚੋਂ ਕਰੀਬ 450 ਗ੍ਰਾਮ ਹੈਰੋਇਨ ਮਿਲੀ ਜਿਸ ਦੀ ਅੰਤਰਰਾਸ਼ਟਰੀ ਮਾਰਕੀਟ 'ਚ ਕੀਮਤ ਢਾਈ ਤੋਂ 3 ਕਰੋੜ ਰੁਪਏ ਦੱਸੀ ਜਾ ਰਹੀ ਹੈ।