
ਪਰਿਵਾਰਕ ਮੈਂਬਰਾਂ ਤੇ ਕਰਮਚਾਰੀ ਯੂਨੀਅਨ ਨੇ ਡੀਜੀਪੀ ਪੰਜਾਬ ਅੱਗੇ ਕਰਮਚਾਰੀ ਨੂੰ ਲੱਭਣ ਦੀ ਲਾਈ ਗੁਹਾਰ
ਐਸ.ਏ.ਐਸ. ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ ’ਚ ਕੰਮ ਕਰਦੇ ਸੀਨੀਅਰ ਸਹਾਇਕ ਸੁਖਵਿੰਦਰ ਬੀਤੀ 26 ਫ਼ਰਵਰੀ ਤੋਂ ਅਪਣੇ ਜੱਦੀ ਪਿੰਡ ਚੁੰਨੀ ਖ਼ੁਰਦ ਤੋਂ ਲਾਪਤਾ ਹੈ। ਫ਼ਤਿਹਗੜ੍ਹ ਪੁਲਿਸ ਵਲੋਂ ਅੱਜ ਤੱਕ ਐਫ਼.ਆਈ.ਆਰ. ਵੀ ਨਹੀਂ ਕੱਟੀ ਗਈ। ਡੀ.ਡੀ.ਆਰ. ਲਿਖ ਕੇ ਹੀ ਸਮਾਂ ਲੰਘਾਇਆ ਜਾ ਰਿਹਾ ਹੈ।
ਯੂਨੀਅਨ ਦੀ ਪ੍ਰਧਾਨ ਰਮਨਦੀਪ ਕੌਰ ਗਿੱਲ ਅਤੇ ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ ਨੇ ਡੀ.ਜੀ.ਪੀ. ਪੰਜਾਬ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਕਿ ਉਹ ਤੁਰੰਤ ਇਸ ਮਾਮਲੇ ਵਿਚ ਦਖ਼ਲ ਦੇ ਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਐਸ.ਐਸ.ਪੀ. ਫ਼ਤਿਹਗੜ੍ਹ ਸਾਹਿਬ ਨੂੰ ਪੱਤਰ ਲਿਖਿਆ ਗਿਆ ਸੀ ਪਰ ਅੱਜ ਤੱਕ ਪੁਲਿਸ ਵਲੋਂ ਐਫ਼.ਆਈ.ਆਰ. ਵੀ ਦਰਜ ਨਹੀਂ ਕੀਤੀ ਗਈ। ਪੜਤਾਲ ਦੇ ਨਾਮ ਤੇ ਢਿੱਲੀ-ਮੱਠੀ ਕਾਰਵਾਈ ਕਰ ਕੇ ਹੀ ਬੁੱਤਾ ਸਾਰਿਆ ਜਾ ਰਿਹਾ ਹੈ।
ਸੁਖਵਿੰਦਰ ਸਿੰਘ ਦੇ ਚਾਚਾ ਜਰਨੈਲ ਸਿੰਘ ਚੁੰਨੀ ਸਾਬਕਾ ਪ੍ਰਧਾਨ ਪੰਜਾਬ ਸਕੂਲ ਸਿਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਸਿੱਖਿਆ ਬੋਰਡ ਦੇ ਪੇਪਰਾਂ ਦੌਰਾਨ ਇਕ ਅਧਿਕਾਰੀ ਵਲੋਂ ਦੁਰਵਿਹਾਰ ਕਾਰਨ ਮਾਨਸਿਕ ਤਣਾਅ ’ਚੋਂ ਲੰਘ ਰਿਹਾ ਸੀ, ਜਿਸ ਕਾਰਨ 26 ਫ਼ਰਵਰੀ ਸ਼ਾਮ ਨੂੰ ਸੁਖਵਿੰਦਰ ਸਿੰਘ ਆਪਣੇ ਗੁਆਂਢੀ ਨਾਲ ਪਿੰਡ ਦੇ ਠੇਕੇ ’ਤੇ ਗਿਆ ਸੀ ਪਰ ਉਸ ਤੋਂ ਬਾਅਦ ਉਹ ਘਰ ਨਹੀਂ ਪਰਤਿਆ। ਨਾਲ ਗਏ ਵਿਅਕਤੀ ਨੇ ਉਸ ਦੇ ਪੈਸੇ ਅਤੇ ਮੋਬਾਇਲ ਘਰ ਦੇ ਕੇ ਇਹ ਕਿਹਾ ਗਿਆ ਕਿ ਸੁਖਵਿੰਦਰ ਸੜਕ ’ਤੇ ਬਣੀ ਪੁਲੀ ਦੇ ਕੋਲ ਖੜੇ ਪਾਣੀ ਵਿਚ ਡਿੱਗ ਪਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਤੁਰੰਤ ਬਾਅਦ ਪਰਿਵਾਰਕ ਮੈਂਬਰ ਉਸ ਜਗ੍ਹਾ ’ਤੇ ਪੁੱਜੇ ਪਰ ਉਥੇ ਸੁਖਵਿੰਦਰ ਸਿੰਘ ਨਹੀਂ ਸੀ।
ਪਰਿਵਾਰਕ ਮੈਂਬਰਾਂ ਨੇ 27 ਫ਼ਰਵਰੀ ਨੂੰ ਹੀ ਸਬੰਧਤ ਥਾਣੇ ਵਿਚ ਡੀ.ਡੀ.ਆਰ. ਲਿਖਵਾ ਦਿੱਤੀ ਸੀ ਪਰ ਅੱਜ ਤੱਕ ਸੁਖਵਿੰਦਰ ਸਿੰਘ ਨੂੰ ਲੱਭਣ ਵਿਚ ਫਤਿਹਗੜ੍ਹ ਸਾਹਿਬ ਪੁਲੀਸ ਕਾਮਯਾਬ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਮਰਿਆਂ ਦੀ ਸੀਸੀਟੀਵੀ ਚੈੱਕ ਕੀਤੇ ਗਏ ਤਾਂ ਵੇਖਿਆ ਕਿ ਅਹਾਤੇ ਦਾ ਇਕ ਕਰਿੰਦਾ ਉਸ ਦੇ ਨਾਲ ਗਏ ਸਾਥੀ ਨੂੰ ਸਕੂਟਰ ਤੇ ਬਿਠਾਉਂਦਾ ਵਿਖਾਈ ਦਿੰਦਾ ਹੈ ਤੇ ਬਾਅਦ ਵਿਚ ਅਲੋਪ ਹੋ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਤੁਰੰਤ ਕੇਸ ਦੀ ਪੈਰਵਾਈ ਤੁਰਤ ਕਰਕੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ।