
106 ਖਾਲੀ ਬੋਤਲਾਂ, 39 ਪ੍ਰੀਮੀਅਮ ਬ੍ਰਾਂਡਾਂ
ਲੁਧਿਆਣਾ: ਪੰਜਾਬ ਦੇ ਐਕਸਾਈਜ਼ ਵਿਭਾਗ ਲੁਧਿਆਣਾ ਈਸਟ ਰੇਂਜ ਵੱਲੋਂ ਗੈਰਕਾਨੂੰਨੀ ਸ਼ਰਾਬ ਦੇ ਧੰਧੇ ਵਿਰੁੱਧ ਵੱਡੀ ਕਾਰਵਾਈ ਕੀਤੀ ਗਈ ਹੈ। ਖ਼ਾਸ ਇਨਪੁੱਟਸ ’ਤੇ ਕਾਰਵਾਈ ਕਰਦਿਆਂ ਵਿਭਾਗ ਦੀਆਂ ਟੀਮਾਂ ਨੇ ਦੋ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰ ਕੇ ਇਕ ਪਾਸੇ ਮਹਿੰਗੀਆਂ ਬੋਤਲਾਂ ਵਿੱਚ ਨਕਲੀ ਤਰੀਕੇ ਨਾਲ ਸ਼ਰਾਬ ਭਰਨ ਵਾਲੇ ਰੈਕਟ ਦਾ ਪਰਦਾਫਾਸ਼ ਕੀਤਾ, ਜਦਕਿ ਦੂਜੇ ਮਾਮਲੇ ਵਿੱਚ ਚੰਡੀਗੜ੍ਹ ਲਈ ਬਣੀ ਸ਼ਰਾਬ ਦੀ ਵੱਡੀ ਖੇਪ ਜ਼ਬਤ ਕੀਤੀ ਗਈ। ਇਹ ਕਾਰਵਾਈ ਐਕਸਾਈਜ਼ ਕਮਿਸ਼ਨਰ ਜਿਤੇਂਦਰ ਜੋਰਵਾਲ ਦੀ ਹਦਾਇਤਾਂ ਹੇਠ ਤੇ ਡੀਸੀਐਕਸ ਪਟਿਆਲਾ ਤਰਸੇਮ ਚੰਦ, ਏਸੀਐਕਸ ਲੁਧਿਆਣਾ ਈਸਟ ਡਾ. ਸ਼ਿਵਾਨੀ ਗੁਪਤਾ ਅਤੇ ਐਕਸਾਈਜ਼ ਅਫ਼ਸਰਾਂ ਦੀ ਸਿੱਧੀ ਦੇਖ-ਰੇਖ ਹੇਠ ਕੀਤੀ ਗਈ।
ਪਹਿਲੇ ਮਾਮਲੇ ਵਿੱਚ, ਲੁਧਿਆਣਾ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜੋ ਮਹਿੰਗੀਆਂ ਇੰਪੋਰਟਡ ਸ਼ਰਾਬ ਦੀਆਂ ਬੋਤਲਾਂ ਵਿੱਚ ਸਸਤੀ ਸ਼ਰਾਬ ਭਰ ਕੇ ਖਪਤਕਾਰਾਂ ਨੂੰ ਠੱਗ ਰਹੇ ਸਨ ਅਤੇ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਪਹੁੰਚਾ ਰਹੇ ਸਨ। ਇਸ ਦੌਰਾਨ 106 ਖਾਲੀ ਬੋਤਲਾਂ, 39 ਪ੍ਰੀਮੀਅਮ ਬ੍ਰਾਂਡਾਂ ਜਿਵੇਂ ਗਲੈਨਲਿਵਟ, ਬਲੈਕ ਡੌਗ, ਚਿਵਾਸ ਰੀਗਲ, ਜੌਨੀ ਵਾਕਰ ਗੋਲਡ ਲੇਬਲ, ਹੈਂਡਰਿਕਸ ਜਿਨ ਤੇ ਹੋਰ ਮਹਿੰਗੀਆਂ ਬੋਤਲਾਂ ਬਰਾਮਦ ਹੋਈਆਂ। ਇਸ ਤੋਂ ਇਲਾਵਾ, ਬੋਤਲਿੰਗ ਲਈ ਵਰਤੀ ਜਾਣ ਵਾਲੀ ਸਮੱਗਰੀ ਅਤੇ ਇੱਕ ਸਵਿਫ਼ਟ ਡਿਜ਼ਾਇਰ ਕਾਰ ਵੀ ਕਬਜ਼ੇ ਵਿੱਚ ਲਈ ਗਈ। ਦੋਵੇਂ ਅਰੋਪੀਆਂ – ਅਮਿਤ ਵਿਜ ਅਤੇ ਪੰਕਜ ਸੈਣੀ – ਵਿਰੁੱਧ ਥਾਣਾ ਡਿਵਿਜ਼ਨ ਨੰਬਰ 3 ਲੁਧਿਆਣਾ ਵਿੱਚ ਐਫਆਈਆਰ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਦੂਜੇ ਮਾਮਲੇ ਵਿੱਚ, ਐਕਸਾਈਜ਼ ਟੀਮ ਨੇ ਪਿੰਡ ਬਰਮਾ (ਥਾਣਾ ਸਮਰਾਲਾ) ਵਿੱਚ ਛਾਪਾ ਮਾਰ ਕੇ ਵਿਕਰਮਜੀਤ ਸਿੰਘ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ, ਜਿਸ ਕੋਲੋਂ 60 ਬੋਤਲਾਂ ਗੈਰਕਾਨੂੰਨੀ ਸ਼ਰਾਬ ਬਰਾਮਦ ਹੋਈ। ਇਹਨਾਂ ਵਿੱਚ 24 ਬੋਤਲਾਂ PML ਮਾਰਕਾ ਸੰਤਰਾ ਅਤੇ 36 ਬੋਤਲਾਂ PML ਮਾਰਕਾ ਦਿਲਬਰ ਸੌਂਫ਼ੀਆ ਸ਼ਾਮਲ ਸਨ, ਜਿਨ੍ਹਾਂ ਉੱਤੇ “For Sale in Chandigarh only” ਦੇ ਲੇਬਲ ਲੱਗੇ ਹੋਏ ਸਨ। ਇਸ ਨਾਲ ਸਾਫ਼ ਹੋ ਗਿਆ ਕਿ ਇਹ ਖੇਪ ਗੈਰਕਾਨੂੰਨੀ ਤਰੀਕੇ ਨਾਲ ਪੰਜਾਬ ਵਿੱਚ ਤਸਕਰੀ ਕਰਕੇ ਲਿਆਂਦੀ ਗਈ ਸੀ।
ਵਿਭਾਗ ਨੇ ਕਿਹਾ ਹੈ ਕਿ ਗੈਰਕਾਨੂੰਨੀ ਸ਼ਰਾਬ ਦੀ ਤਸਕਰੀ, ਨਕਲੀ ਰਿਫ਼ਿਲਿੰਗ ਰੈਕਟ ਅਤੇ ਬੂਟਲੇਗਿੰਗ ਵਿਰੁੱਧ ਸਖ਼ਤ ਕਾਰਵਾਈ ਅਗਲੇ ਸਮੇਂ ਵਿੱਚ ਵੀ ਜਾਰੀ ਰਹੇਗੀ। ਰਾਜ ਭਰ ਵਿੱਚ ਐਕਸਾਈਜ਼ ਦੀਆਂ ਟੀਮਾਂ ਨਿਯਮਿਤ ਰੇਡਾਂ ਅਤੇ ਅਚਾਨਕ ਚੈਕਿੰਗ ਕਰ ਰਹੀਆਂ ਹਨ। ਵਿਭਾਗ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਗੈਰਕਾਨੂੰਨੀ ਸ਼ਰਾਬ ਸੰਬੰਧੀ ਗਤੀਵਿਧੀ ਦੀ ਜਾਣਕਾਰੀ ਮਿਲੇ ਤਾਂ ਤੁਰੰਤ ਐਕਸਾਈਜ਼ ਜਾਂ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਇਸ ਮੈਨਸ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ।