
6 ਮਹੀਨਿਆਂ ’ਚ ਸੱਭ ਤੋਂ ਵੱਡੀ ਵਿਕਰੀ
ਨਵੀਂ ਦਿੱਲੀ: ਵਿਦੇਸ਼ੀ ਨਿਵੇਸ਼ਕਾਂ ਨੇ ਅਗੱਸਤ ’ਚ ਭਾਰਤੀ ਸ਼ੇਅਰ ਬਾਜ਼ਾਰਾਂ ਤੋਂ 34,993 ਕਰੋੜ ਰੁਪਏ (ਕਰੀਬ 4 ਅਰਬ ਡਾਲਰ) ਕੱਢੇ, ਜੋ ਪਿਛਲੇ 6 ਮਹੀਨਿਆਂ ’ਚ ਸੱਭ ਤੋਂ ਤੇਜ਼ ਵਿਕਰੀ ਹੈ। ਜੁਲਾਈ ’ਚ 17,741 ਕਰੋੜ ਰੁਪਏ ਦੀ ਨਿਕਾਸੀ ਦੇ ਮੁਕਾਬਲੇ ਇਹ ਲਗਭਗ ਦੁੱਗਣੀ ਹੈ।
ਡਿਪਾਜ਼ਿਟਰੀਆਂ ਦੇ ਅੰਕੜਿਆਂ ਮੁਤਾਬਕ ਇਸ ਦੇ ਨਾਲ ਹੀ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਦਾ ਸ਼ੇਅਰ ਬਾਜ਼ਾਰ ’ਚ ਕੁਲ ਨਿਕਾਸ 2025 ’ਚ ਹੁਣ ਤਕ 1.3 ਲੱਖ ਕਰੋੜ ਰੁਪਏ ਦੇ ਅੰਕੜੇ ਉਤੇ ਪਹੁੰਚ ਗਿਆ ਹੈ। ਬਾਜ਼ਾਰ ਮਾਹਰਾਂ ਦਾ ਮੰਨਣਾ ਹੈ ਕਿ ਨਿਕਾਸੀ ਆਲਮੀ ਅਤੇ ਘਰੇਲੂ ਕਾਰਕਾਂ ਦੇ ਸੁਮੇਲ ਕਾਰਨ ਹੋਈ ਸੀ। ਤਾਜ਼ਾ ਨਿਕਾਸੀ ਫ਼ਰਵਰੀ ਤੋਂ ਬਾਅਦ ਸੱਭ ਤੋਂ ਤੇਜ਼ ਹੈ, ਜਦੋਂ ਐਫ.ਪੀ.ਆਈ. ਨੇ 34,574 ਕਰੋੜ ਰੁਪਏ ਦੇ ਭਾਰਤੀ ਸ਼ੇਅਰਾਂ ਨੂੰ ਵੇਚਿਆ ਸੀ।
ਮਾਰਨਿੰਗਸਟਾਰ ਇਨਵੈਸਟਮੈਂਟ ਦੇ ਐਸੋਸੀਏਟ ਡਾਇਰੈਕਟਰ (ਮੈਨੇਜਰ ਰੀਸਰਚ) ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਭਾਰਤੀ ਨਿਰਯਾਤ ਉਤੇ 50 ਫੀ ਸਦੀ ਤਕ ਅਮਰੀਕੀ ਟੈਰਿਫ ਲਗਾਉਣ ਦੇ ਐਲਾਨ ਨਾਲ ਭਾਰਤ ਦੀ ਵਪਾਰ ਮੁਕਾਬਲੇਬਾਜ਼ੀ ਅਤੇ ਵਿਕਾਸ ਦ੍ਰਿਸ਼ਟੀਕੋਣ ਉਤੇ ਚਿੰਤਾ ਪੈਦਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਕੁੱਝ ਪ੍ਰਮੁੱਖ ਖੇਤਰਾਂ ਲਈ ਜੂਨ ਤਿਮਾਹੀ ’ਚ ਕੰਪਨੀਆਂ ਦੇ ਨਤੀਜੇ ਉਮੀਦਾਂ ਤੋਂ ਘੱਟ ਰਹੇ, ਜਿਸ ਨਾਲ ਨਿਵੇਸ਼ਕਾਂ ਦੀ ਭੁੱਖ ਹੋਰ ਘੱਟ ਗਈ।
ਜੀਓਜੀਤ ਇਨਵੈਸਟਮੈਂਟਸ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀ.ਕੇ. ਵਿਜੇਕੁਮਾਰ ਨੇ ਕਿਹਾ ਕਿ ਐੱਫ.ਪੀ.ਆਈ. ਜ਼ਰੀਏ ਇਸ ਵੱਡੇ ਪੱਧਰ ਉਤੇ ਵਿਕਰੀ ਦਾ ਸਧਾਰਨ ਕਾਰਨ ਭਾਰਤ ’ਚ ਹੋਰ ਬਾਜ਼ਾਰਾਂ ’ਚ ਮੁਲਾਂਕਣ ਦੇ ਮੁਕਾਬਲੇ ਜ਼ਿਆਦਾ ਮੁਲਾਂਕਣ ਹੈ। ਇਹ ਐਫ.ਪੀ.ਆਈ. ਨੂੰ ਸਸਤੇ ਬਾਜ਼ਾਰਾਂ ਵਿਚ ਪੈਸਾ ਭੇਜਣ ਲਈ ਮਜਬੂਰ ਕਰ ਰਿਹਾ ਹੈ।
ਉਨ੍ਹਾਂ ਕਿਹਾ, ‘‘ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਐਫ.ਪੀ.ਆਈ. ਲੰਮੇ ਸਮੇਂ ਤੋਂ ਪ੍ਰਾਇਮਰੀ ਮਾਰਕੀਟ ਵਿਚ ਨਿਰੰਤਰ ਖਰੀਦਦਾਰ ਰਹੇ ਹਨ। ਇਸ ਸਾਲ ਐਕਸਚੇਂਜ ਜ਼ਰੀਏ ਭਾਰੀ ਵਿਕਰੀ ਦੇ ਬਾਵਜੂਦ ਉਨ੍ਹਾਂ ਨੇ ਪ੍ਰਾਇਮਰੀ ਮਾਰਕੀਟ ਰਾਹੀਂ 40,305 ਰੁਪਏ ’ਚ ਇਕੁਇਟੀ ਖਰੀਦੀ, ਜਿੱਥੇ ਆਈ.ਪੀ.ਓ. ਦਾ ਮੁਲਾਂਕਣ ਸਹੀ ਹੈ।’’