
ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਭਾਈ ਲੌਂਗੋਵਾਲ ਦੀ ਅਗਵਾਈ 'ਚ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਅੱਗੇ ਦਿਤਾ ਧਰਨਾ
ਚੁੱਪ-ਚੁਪੀਤੇ ਹੀ ਪਹੁੰਚੇ ਸ਼੍ਰੋਮਣੀ ਕਮੇਟੀ ਮੈਂਬਰ, ਖ਼ੁਫ਼ੀਆ ਏਜੰਸੀਆਂ ਨੂੰ ਵੀ ਨਹੀਂ ਸੀ ਜਾਣਕਾਰੀ
.
ਚੰਡੀਗੜ੍ਹ, 30 ਅਕਤੂਬਰ (ਗੁਰਉਪਦੇਸ਼ ਭੁੱਲਰ) : ਸ੍ਰੀ ਦਰਬਾਰ ਸਾਹਿਬ ਕੰਪਲੈਕਸ 'ਚ 24 ਅਕਤੂਬਰ ਨੂੰ ਹੋਈਆਂ ਕੁੱਟਮਾਰ ਦੀਆਂ ਘਟਨਾਵਾਂ ਨੂੰ ਲੈ ਕੇ ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਚੰਡੀਗੜ੍ਹ ਚੁੱਪ ਚੁਪੀਤੇ ਹੀ ਇਕੱਠੇ ਹੋ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਅੱਗੇ ਧਰਨਾ ਲਾ ਦਿਤਾ। ਇਸ ਦੀ ਅਗਵਾਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਖ਼ੁਦ ਕੀਤੀ। ਜ਼ਿਕਰਯੋਗ ਹੈ ਕਿ ਇਸ ਪ੍ਰੋਗਰਾਮ ਦੀ ਖ਼ੁਫ਼ੀਆ ਏਜੰਸੀਆਂ ਨੂੰ ਵੀ ਕੋਈ ਜਾਣਕਾਰੀ ਨਹੀਂ ਸੀ, ਜਿਸ ਕਾਰਨ ਬੜੇ ਆਰਾਮ ਨਾਲ ਗੱਡੀਆਂ ਦੇ ਵੱਡੇ ਕਾਫ਼ਲੇ 'ਚ ਸ਼੍ਰੋਮਣੀ ਕਮੇਟੀ ਮੈਂਬਰ ਕੈਪਟਨ ਦੀ ਕੋਠੀ ਦੇ ਸਾਹਮਣੇ ਪਹੁੰਚਣ 'ਚ ਸਫ਼ਲ ਹੋ ਗਏ ਸਨ।
ਇਸ ਤੋਂ ਪਹਿਲਾਂ ਇਹ ਸਾਰੇ ਮੈਂਬਰ ਸੈਕਟਰ 27 ਬੀ ਵਿਖੇ ਸ਼੍ਰੋਮਣੀ ਕਮੇਟੀ ਦੇ ਸਬ ਆਫਿਸ 'ਚ ਇਕੱਠੇ ਹੋਏ ਸਨ। ਅੱਜ ਧਰਨੇ ਵਿਚ ਸ਼ਾਮਲ ਹੋਣ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਤੋਤਾ ਸਿੰਘ ਤੋਂ ਇਲਾਵਾ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬੰਡੂਗਰ, ਸੀਨੀਅਰ ਮੈਂਬਰ ਮਨਜੀਤ ਸਿੰਘ, ਗੁਰਚਰਨ ਸਿੰਘ ਗਰੇਵਾਲ, ਅਮਰਜੀਤ ਸਿੰਘ ਚਾਵਲਾ, ਰਜਿੰਦਰ ਸਿੰਘ ਮਹਿਤਾ ਤੇ ਬੀਬੀ ਪਰਮਜੀਤ ਕੌਰ ਲਾਂਡਰਾਂ ਆਦਿ ਵੀ ਮੌਜੂਦ ਸਨ।
ਕੈਪਟਨ ਦੀ ਕੋਠੀ ਅੱਗੇ ਧਰਨੇ ਬਾਅਦ ਮੁੱਖ ਮੰਤਰੀ ਦੇ ਓ.ਐਸ.ਡੀ. ਅੰਕਿਤ ਬਾਂਸਲ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਤੇ ਹੋਰ ਮੈਂਬਰਾਂ ਤੋਂ ਮੰਗ ਪੱਤਰ ਪ੍ਰਾਪਤ ਕੀਤਾ। ਮੰਗ ਪੱਤਰ ਵਿਚ ਦੋਸ਼ ਲਾਇਆ ਗਿਆ ਹੈ ਕਿ 24 ਅਕਤੂਬਰ ਨੂੰ ਸਤਿਕਾਰ ਕਮੇਟੀ ਦੀ ਅਗਵਾÂਂ ਵਿਚ ਧਰਨਾਕਾਰੀਆਂ ਨੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ 'ਤੇ ਮਾਰੂ ਹਮਲਾ ਕੀਤਾ, ਜਿਸ ਵਿਚ ਕਈ ਮੈਂਬਰ ਜ਼ਖ਼ਮੀ ਹੋਏ ਪਰ ਉਲਟਾ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ 'ਤੇ ਹੀ ਪੁਲਸ ਨੇ ਗਲਤ ਕਰਾਸ ਕੇਸ ਦਰਜ ਕਰ ਦਿਤੇ ਹਨ।
ਭਾਈ ਲੌਂਗੋਵਾਲ ਨੇ ਪੁਲਸ ਦੀ ਭੂਮਿਕਾ ਨੂੰ ਪੱਖਪਾਤੀ ਦਸਿਆ ਅਤੇ ਦੋਸ਼ ਲਾਇਆ ਕਿ ਧਰਨਾਕਾਰੀਆਂ ਨੂੰ ਕੁੱਝ ਕਾਂਗਰਸੀ ਮੰਤਰੀਆਂ ਦੀ ਹਮਾਇਤ ਵੀ ਹਾਸਲ ਹੈ, ਜੋ ਜਾਣ ਬੁਝ ਕੇ ਐਸ.ਜੀ.ਪੀ.ਸੀ. ਵਿਚ ਗੜਬੜ ਕਰਵਾਉਣ ਦੇ ਯਤਨ ਕਰ ਰਹੇ ਹਨ। ਉਨ੍ਹਾਂ ਸਤਿਕਾਰ ਕਮੇਟੀ ਮੁਖੀ ਭਾਈ ਸੁਖਜੀਤ ਸਿੰਘ ਖੋਸਾ ਦੀ ਗ੍ਰਿਫ਼ਤਾਰੀ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਪੁਲਸ ਸਮੇਂ ਸਿਰ ਕਾਰਵਾਈ ਕਰਦੀ ਤਾਂ ਦਰਬਾਰ ਸਾਹਿਬ ਕੰਪਲੈਕਸ ਵਿਚ ਮਾਹੌਲ ਵਿਗੜਨ ਤੋਂ ਰੋਕਿਆ ਜਾ ਸਕਦ ਸੀ। ਭਾਈ ਲੌਂਗੋਵਾਲ ਨੇ ਨਾਲ ਹੀ ਸਰਕਾਰ ਨੂੰ ਚੇਤੇਵਨੀ ਵੀ ਦਿਤੀ ਕਿ ਜੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ 'ਤੇ ਦਰਜ ਗ਼ਲਤ ਕੇਸ ਵਾਪਸ ਨਾ ਲਏ ਤਾਂ ਭਵਿੱਖ ਵਿਚ ਪੈਦਾ ਹੋਣ ਵਾਲੇ ਮਾਹੌਲ ਲਈ ਸਰਕਾਰ ਹੀ ਜ਼ਿੰimageਮੇਵਾਰ ਹੋਵੇਗੀ।