
ਮੋਦੀ ਸਰਕਾਰ ਦੇਸ਼ ਦੀ ਆਰਥਕ ਬਰਬਾਦੀ ਦਾ ਦੂਜਾ ਨਾਂ : ਜਾਖੜ
ਟਾਂਡਾ ਉੜਮੁੜ, 30 ਅਕਤੂਬਰ (ਅੰਮ੍ਰਿਤਪਾਲ ਬਾਜਵਾ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੀ ਆਰਥਕ ਬਰਬਾਦੀ ਦਾ ਦੂਜਾ ਨਾਂ ਸਿੱਧ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ, ਜੀਐਸਟੀ ਰਾਹੀਂ ਭਾਜਪਾ ਦੀ ਕੇਂਦਰ ਸਰਕਾਰ ਨੇ ਛੋਟੋ ਵਪਾਰੀ ਨੂੰ ਤਬਾਹ ਕਰ ਦਿਤਾ ਸੀ ਅਤੇ ਹੁਣ ਕਾਲੇ ਖੇਤੀ ਕਾਨੂੰਨਾਂ ਨਾਲ ਇਸ ਨੇ ਦੇਸ਼ ਦੇ ਪੇਟ ਪਾਲਕ ਕਿਸਾਨ ਦੀ ਬਰਬਾਦੀ ਦੀ ਇਬਾਰਤ ਲਿਖ ਦਿਤੀ ਹੈ।
ਟਾਂਡਾ ਵਿਖੇ ਕਿਸਾਨ ਜਾਗਰੂਕਤਾ ਸਭਾ ਨੂੰ ਸੰਬੋਧਨ ਕਰਦਿਆਂ ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਭਰ ਦੇ ਕਿਸਾਨਾਂ ਦੇ ਹੱਕਾਂ ਦੀ ਲੜਾਈ ਲੜ ਰਹੇ ਪੰਜਾਬ ਨੂੰ ਅਲਗ-ਥਲਗ ਕਰਨ ਦੀ ਸਾਜ਼ਸ਼ ਤਹਿਤ ਗੱਲਬਾਤ ਲਈ ਕੇਵਲ ਪੰਜਾਬ ਦੇ ਕਿਸਾਨਾਂ ਨੂੰ ਬੁਲਾਇਆ ਅਤੇ ਫਿਰ ਗੱਲਬਾਤ ਵੀ ਨਾ ਕਰ ਕੇ ਪੰਜਾਬ ਦਾ ਅਪਮਾਨ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਗੁਰੂਆਂ ਵਲੋਂ ਵਰਸੋਇਆ ਪੰਜਾਬ ਕੇਂਦਰ ਸਰਕਾਰ ਦੀ ਕਿਸੇ ਧੱਕੇਸ਼ਾਹੀ ਨੂੰ ਬਰਦਾਸਤ ਨਹੀਂ ਕਰੇਗਾ।
ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਦਾ ਨੁਕਸਾਨ ਕਰਨ ਦੀ ਕੇਂਦਰ ਦੀ ਸਾਜ਼ਸ਼ ਦਾ ਅਸਰ ਦੇਸ਼ ਦੇ ਸਮੂਚੇ ਅਰਥਚਾਰੇ 'ਤੇ ਪਵੇਗਾ। ਸਾਬਕਾ ਪ੍ਰਧਾਨ ਮੰਤਰੀ ਸ: ਮਨਮੋਹਨ ਸਿੰਘ ਨੂੰ ਯਾਦ ਕਰਦਿਆਂ ਸ਼੍ਰੀ ਸੁਨੀਲ ਜਾਖੜ ਨੇ ਕਿਹਾ ਕਿ ਉਨ੍ਹਾਂ ਨੇ ਅਪਣੇ ਕਾਰਜਕਾਲ ਦੌਰਾਨ ਦੇਸ਼ ਦੀ ਵਿਕਾਸ ਦਰ ਵੀ ਬਰਕਰਾਰ ਰੱਖੀ ਅਤੇ ਮੁਸ਼ਕਲ ਦੌਰ ਵਿਚ ਵੀ ਦੇਸ਼ ਦੇ ਵਿਕਾਸ ਨੂੰ ਰੁਕਣ ਨਹੀਂ ਸੀ ਦਿਤਾ, ਬਲਕਿ ਮਨਰੇਗਾ, ਭੋਜਨ ਸੁਰੱਖਿਆ ਦਾ ਅਧਿਕਾਰ ਵਰਗੇ ਕਾਨੂੰਨ ਲਿਆ ਕੇ ਕਮਜੋਰ ਵਰਗਾਂ ਦਾ ਹੱਥ ਫੜਿਆ ਸੀ, ਜਦ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਡੇ ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰਨ 'ਤੇ ਲੱਗੇ ਹੋਏ ਹਨ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਰਾਹੀਂ ਮੋਦੀ ਸਰਕਾਰ ਕਿਸਾਨਾਂ ਨੂੰ ਬਹੁ ਰਾਸ਼ਟਰੀ ਕੰਪਨੀਆਂ ਦਾ ਗ਼ੁਲਾਮ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਨੇ ਸੁਚੇਤ ਕਰਦਿਆਂ ਕਿਹਾ ਕਿ ਜਦ ਕਿਸਾਨ ਕੋਲ ਪੈਸਾ ਆਉਂਦਾ ਹੈ ਤਾਂ ਹੀ ਆਰਥਕਤਾ ਦਾ ਪਹੀਆ ਘੁੰਮਦਾ ਹੈ।
ਸੁਨੀਲ ਜਾਖੜ ਨੇ ਕਿਹਾ ਕਿ ਜੇਕਰ ਕਾਰਪੋਰੇਟ ਅਦਾਰੇ ਇੰਨੇ ਹੀ ਕਿਸਾਨਾਂ ਦੇ ਹਿੱਤੂ ਹਨ ਤਾਂ ਉੱਤਰ ਪ੍ਰਦੇਸ਼ ਦੀਆਂ ਖੰਡ ਮਿੱਲਾਂ ਵਲ ਕਿਸਾਨਾਂ ਦਾ ਖੜਾ 12000 ਕਰੋੜ ਰੁਪਈਆਂ ਪਹਿਲਾਂ ਕਿਸਾਨਾਂ ਨੂੰ ਦੁਆਇਆ ਜਾਵੇ।
ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਗਲ ਕਰਦਿਆਂ ਕਿਹਾ ਕਿ ਸਾਰੀ ਉਮਰ ਕਿਸਾਨਾਂ ਦੇ ਨਾਂਅ ਤੇ ਰਾਜਨੀਤੀ ਕਰਨ ਵਾਲੇ ਸ: ਸੁਖਬੀਰ ਸਿੰਘ ਬਾਦਲ ਹਾਲੇ ਵੀ ਕੇਂਦਰ ਸਰਕਾਰ ਵਿਰੁਧ ਨਹੀਂ ਬੋਲ ਰਹੇ ਹਨ imageਜਿਸ ਤੋਂ ਸਿੱਧ ਹੁੰਦਾ ਹੈ ਕਿ ਉਹ ਹਾਲੇ ਵਿਚ ਪੰਜਾਬ ਵਿਚ ਭਾਜਪਾ ਦੇ ਏਂਜਟ ਵਜੋਂ ਕੰਮ ਕਰ ਰਹੇ ਹਨ।
ਇਸ ਮੌਕੇ ਮੁੱਖ ਮੰਤਰੀ ਦੇ ਸਲਾਹਕਾਰ ਵਿਧਾਇਕ ਸ: ਸੰਗਤ ਸਿੰਘ ਗਿਲਜੀਆਂ, ਵਿਧਾਇਕ ਅਰੁਣ ਡੋਗਰਾ, ਵਿਧਾਇਕ ਇੰਦੂ ਬਾਲਾ ਨੇ ਵੀ ਸੰਬੋਧਨ ਕੀਤਾ।
ਫੌਟੋ ਕੈਪਸਨ -ਟਾਂਡਾ ਵਿਖੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੀ ਅਗਵਾਈ ਵਿਚ ਸੰਬੌਧਨ ਕਰਦੇ ਹੋਏ ਸੁਨੀਲ ਜਾਖੜ ਅਤੇ ਦੂਸਰੇ ਪਾਸੇ ਜਲਾਲਪੁਰ ਵਿਖੇ ਪਰਿਵਾਰ ਨਾਲ ਦੁੱਖ ਸਾਝਾਂ ਕਰਦੇ ਹੋਏ ਹੋਰ ਕਾਂਗਰਸ ਨੇਤਾ੦੧