
ਕਿਸਾਨਾਂ ਲਈ ਖਾਣ-ਪੀਣ ਤੇ ਚਾਹ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਮੋਗਾ (ਦਲੀਪ ਕੁਮਾਰ) - 2022 ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ ਤੇ ਸਾਰੀਆਂ ਸਿਆਸੀ ਪਾਰਟੀਆਂ ਲੋਕਾਂ ਅਤੇ ਕਿਸਾਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਉੱਥੇ ਹੀ ਅੱਜ ਆਮ ਆਦਮੀ ਪਾਰਟੀ ਨੇ ਮੋਗਾ ਦੀ ਅਨਾਜ ਮੰਡੀ ਵਿਚ ਆਪਣਾ ਦਫ਼ਤਰ ਕਿਸਾਨਾਂ ਲਈ ਆਰਾਮ ਸਥਾਨ ਬਣਾ ਦਿੱਤਾ ਹੈ। ਦਫ਼ਤਰ ਦੇ ਵੱਖ-ਵੱਖ ਕਮਰਿਆਂ ਵਿਚ ਕਰੀਬ 40 ਬੈੱਡ ਲਗਾਏ ਗਏ ਹਨ।
ਇਸ ਦੇ ਨਾਲ ਹੀ ਉਹਨਾਂ ਦੇ ਚਾਹ ਪਾਣੀ ਪੀਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ! ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਨਸੀਬ ਬਾਵਾ ਅਤੇ ਮਹਿਲਾ ਵਿੰਗ ਤੋਂ ਡਾ: ਅਮਨ ਅਰੋੜਾ ਨੇ ਆਪਣੇ ਵਰਕਰਾਂ ਨਾਲ ਅਨਾਜ ਮੰਡੀ ਵਿਚ ਜਾ ਕੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਦੇ ਆਰਾਮ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਚਾਹ-ਪਾਣੀ ਦਾ ਵੀ ਪੂਰਾ ਪ੍ਰਬੰਧ ਹੈ। ਇਸ ਦੇ ਨਾਲ ਹੀ ਕਿਸਾਨਾਂ ਲਈ ਪਖਾਨੇ ਵੀ ਤਿਆਰ ਕੀਤੇ ਗਏ ਹਨ ਤਾਂ ਜੋ ਕਿਸੇ ਨੂੰ ਬਾਥਰੂਮ ਜਾਣ ਦੀ ਵੀ ਸਮੱਸਿਆ ਨਾਂ ਆਵੇ, ਇਸ ਦੇ ਲਈ ਉਹ ਦਫ਼ਤਰ ਵਿਚ ਬਣੇ ਪਖਾਨੇ ਦੀ ਵਰਤੋਂ ਵੀ ਕਰ ਸਕਦੇ ਹਨ।
ਦੂਜੇ ਪਾਸੇ ਵਕੀਲ ਨਸੀਬ ਬਾਵਾ ਅਤੇ ਡਾਕਟਰ ਅਮਨ ਅਰੋੜਾ ਦਾ ਕਹਿਣਾ ਹੈ ਕਿ ਜਿਨ੍ਹਾਂ ਕਿਸਾਨਾਂ ਦੀ ਫ਼ਸਲ ਦਾ ਮੰਡੀ 'ਚ ਭਾਅ ਨਹੀਂ ਹੈ ਅਤੇ ਉਨ੍ਹਾਂ ਨੂੰ ਕਈ-ਕਈ ਦਿਨ ਮੰਡੀ 'ਚ ਆਪਣੀ ਫ਼ਸਲ ਨੇੜੇ ਹੀ ਬਿਤਾਉਣੇ ਪੈਂਦੇ ਹਨ, ਉਨ੍ਹਾਂ ਲਈ ਆਮ ਆਦਮੀ ਪਾਰਟੀ ਨੇ ਉਨ੍ਹਾਂ ਦੇ ਰਹਿਣ ਲਈ ਅਤੇ ਉਹਨਾਂ ਦਾ ਚਾਹ ਅਤੇ ਪਾਣੀ ਲਈ ਵੀ ਪ੍ਰਬੰਧ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨਾਂ ਲਈ ਇੱਥੇ ਆਰਾਮ ਕਰਨਾ ਬਹੁਤ ਆਸਾਨ ਹੈ ਕਿਉਂਕਿ ਉਨ੍ਹਾਂ ਨੇ ਇਹ ਪ੍ਰਬੰਧ ਸਿਰਫ਼ ਅਨਾਜ ਮੰਡੀ ਵਿੱਚ ਹੀ ਕੀਤਾ ਹੈ, ਜਿੱਥੇ ਉਨ੍ਹਾਂ ਦੀ ਫ਼ਸਲ ਉਨ੍ਹਾਂ ਦੇ ਸਾਹਮਣੇ ਪਈ ਹੈ। ਉਹਨਾਂ ਦਾ ਕਹਿਣਾ ਹੈ ਕਿ ਦਫ਼ਤਰ 24 ਘੰਟੇ ਖੁੱਲ੍ਹਾ ਰਹੇਗਾ ਤਾਂ ਜੋ ਕਿਸਾਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।