
ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਨੂੰ ਸਿਆਸੀ ਹਿਤਾਂ ਲਈ ਵਰਤਿਆ : ਬੀਬੀ ਭੱਠਲ
ਮੋਹਾਲੀ (ਅਮਨਪ੍ਰੀਤ ਕੌਰ): ਪੰਜਾਬ ਦੀ ਰਾਜਨੀਤੀ ਨੂੰ ਲੈ ਕੇ ਹਰ ਰੋਜ ਬਦਲਾਅ ਵੇਖਣ ਨੂੰ ਮਿਲ ਰਹੇ ਹਨ। ਚੋਣਾਂ ਨੂੰ ਲੈ ਕੇ ਵੀ ਥੋੜ੍ਹਾ ਸਮਾਂ ਰਹਿ ਗਿਆ ਹੈ। ਜੇ ਗੱਲ ਕਾਂਗਰਸ ਦੀ ਕਰੀਏ ਤਾਂ ਕਾਂਗਰਸ ਵਿਚ ਵੀ ਲੰਮੇ ਸਮੇਂ ਤਕ ਕਾਟੋ ਕਲੇਸ਼ ਚਲਿਆ ਜੋ ਹੁਣ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ। ਰੋਜ਼ਾਨਾ ਸਪੋਕਸਮੈਨ ਨੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨਾਲ ਗੱਲਬਾਤ ਕੀਤੀ।
Captain Amarinder Singh
ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਮੇਰੇ ਵੇਲੇ ਦੀ ਰਾਜਨੀਤੀ ਤੇ ਹੁਣ ਦੀ ਰਾਜਨੀਤੀ ਵਿਚ ਬਹੁਤ ਫ਼ਰਕ ਹੈ। ਪਹਿਲਾਂ ਵੀ ਸਮੱਸਿਆਵਾਂ ਆਉਂਦੀਆਂ ਸਨ ਤੇ ਉਨ੍ਹਾਂ ਨੂੰ ਹੱਲ ਕਰ ਲਿਆ ਜਾਂਦਾ ਸੀ ਪਰ ਅੱਜ ਦੇ ਸਮੇਂ ਸਾਰੀਆਂ ਸਮੱਸਿਆਵਾਂ ਇਕੱਠੀਆਂ ਆ ਰਹੀਆਂ ਹਨ ਜਿਸ ਨਾਲ ਉਥਲ ਪੁਥਲ ਮਚ ਰਹੀ ਹੈ। ਅੱਜ ਸਿਆਸੀ ਉਥਲ ਪੁਥਲ ਹੈ। ਸਾਡੇ ਸੂਬੇ ਨੂੰ ਵਿੱਤੀ ਸੰਕਟ ਵਲ ਧਕੇਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਬਹਾਦਰਾਂ, ਸੂਰਮਿਆਂ, ਬਾਰਡਰਾਂ ਦਾ ਸੂਬਾ ਹੈ। ਬੀਬੀ ਭੱਠਲ ਨੇ ਕਿਹਾ ਕਿ ਪੁਰਾਣੇ ਸਮੇਂ ਵਿਚ ਲੀਡਰ ਅਪਣੇ ਲੋਕਾਂ ਦਾ ਫ਼ਾਇਦਾ ਸੋਚਦੇ ਸਨ।
rajinder kaur bhattal
ਅੱਜ ਜ਼ਿਆਦਾਤਰ ਲੀਡਰ ਅਪਣਾ ਫ਼ਾਇਦਾ ਪਹਿਲਾਂ ਲੱਭਦੇ ਹਨ। ਮੈਨੂੰ ਕੀ ਚਾਹੀਦਾ ਹੈ, ਇਹ ਕਿਵੇਂ ਮਿਲ ਸਕਦੈ, ਇਹੀ ਪਹਿਲਾਂ ਸੋਚਦੇ ਹਨ। ਉਨ੍ਹਾਂ ਕਿਹਾ ਕਿ ਇਕ ਜ਼ਮਾਨਾ ਸੀ ਜਦੋਂ ਅਨੁਸ਼ਾਸਨ ਵੇਖਿਆ ਜਾਂਦਾ ਸੀ। ਅੱਜ ਕਿਸੇ ਵੀ ਪਾਰਟੀ ਵਿਚ ਅਨੁਸ਼ਾਸਨ ਨਹੀਂ ਹੈ। ਅੱਗੇ ਪਾਰਟੀਆਂ ਇਕ ਹੁੰਦੀਆਂ ਸਨ। ਅਸੂਲ ਕੀ ਹੈ, ਸਿਧਾਂਤ ਕੀ ਹਨ ਲੋਕ ਉਨ੍ਹਾਂ ’ਤੇ ਚਲਦੇ ਸਨ। ਅੱਜ ਲੋਕਾਂ ਨੂੰ ਅਸੂਲਾਂ ਦਾ ਪਤਾ ਨਹੀਂ ਹੈ। ਅੱਜ ਇਹ ਨਹੀਂ ਪਤਾ ਸਵੇਰੇ ਬੰਦਾ ਕਿਸ ਪਾਰਟੀ ਨਾਲ ਖੜਾ ਹੈ ਅਤੇ ਸ਼ਾਮ ਨੂੰ ਕਿਸ ਪਾਰਟੀ ਨਾਲ ਖੜਾ ਹੈ।
Captain Amarinder Singh
ਉਨ੍ਹਾਂ ਕਿਹਾ ਕਿ ਅੱਜ ਜੋ ਤਬਦੀਲੀਆਂ ਕੀਤੀਆਂ ਹਨ ਉਹ ਠੀਕ ਹਨ। ਇਹ ਤਬਦੀਲੀਆਂ ਕਰਨ ਦੀ ਲੋੜ ਸੀ। ਅੱਜ ਦੀ ਸਰਕਾਰ ਲੋਕਾਂ ਦੀ ਭਲਾਈ ਲਈ ਦਿਨ ਰਾਤ ਕੰਮ ਕਰ ਰਹੀ ਹੈ ਪਰ ਸਰਕਾਰ ਕੋਲ ਥੋੜ੍ਹਾ ਸਮਾਂ ਹੈ, ਸਰਕਾਰ ਕੋਲ ਸਮਾਂ ਹੋਣਾ ਚਾਹੀਦਾ। ਕੈਪਟਨ ਅਮਰਿੰਦਰ ਸਿੰਘ ’ਤੇ ਵਿਅੰਗ ਕੱਸਦੇ ਹੋਏ ਬੀਬੀ ਭੱਠਲ ਨੇ ਕਿਹਾ,‘‘ਮੇਰੇ ਨਾਲ ਵੀ ਬਹੁਤ ਗੱਲਾਂ ਹੋਈਆਂ, ਬਹੁਤ ਵਿਤਕਰੇ ਹੋਏ। ਮੈਂ ਹਾਈਕਮਾਨ ਕੋਲ ਅਪਣਾ ਪੱਖ ਰੱਖਦੀ ਸੀ ਪਰ ਮੈਂ ਪਾਰਟੀ ਨਹੀਂ ਸੀ ਛੱਡੀ।’ ਬੀਬੀ ਭੱਠਲ ਨੇ ਬਾਦਲਾਂ ਤੇ ਵੀ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਨੂੰ ਸਿਆਸੀ ਹਿਤਾਂ ਲਈ ਵਰਤਿਆ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦਾ ਸਿਆਸੀਕਰਨ ਕਰ ਦਿਤਾ।