
ਖੇਤੀ ਕਾਨੂੰਨ ਰੱਦ ਕਰਨ ਬਾਰੇ ਪ੍ਰਸਤਾਵ ਮੰਗਿਆ
ਕਿਹਾ, ਜੋ ਕਿਸਾਨ ਜਥੇਬੰਦੀਆਂ ਲਿਖ ਕੇ ਦੇਣਗੀਆਂ ਉਸ ਨੂੰ ਸੈਸ਼ਨ ਵਿਚ ਪਾਸ ਕਰ ਦਿਆਂਗੇ
ਚੰਡੀਗੜ੍ਹ, 30 ਅਕਤੂਬਰ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਮ ਲੋਕਾਂ ਅਤੇ ਲੋਕਾਂ ਦੇ ਪ੍ਰਤੀਨਿਧੀਆਂ ਨਾਲ ਸਿੱਧਾ ਰਾਬਤਾ ਬਣਾ ਕੇ ਕੰਮ ਕਰਨ ਕਾਰਨ ਸੱਭ ਦਾ ਧਿਆਨ ਹਰ ਦਿਨ ਅਪਣੇ ਵੱਲ ਖਿੱਚ ਰਹੇ ਹਨ | ਅੱਜ ਉਨ੍ਹਾਂ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਬਲਬੀਰ ਸਿੰਘ ਰਾਜੇਵਾਲ ਨੂੰ ਵੀ ਅਚਾਨਕ ਹੀ ਕੁੱਝ ਹੋਰ ਕਿਸਾਨ ਆਗੂਆਂ ਦੀ ਮੌਜੂਦਗੀ ਵਿਚ ਹੀ ਫ਼ੋਨ ਲਾ ਕੇ ਵੱਡੀ ਪੇਸ਼ਕਸ਼ ਕਰ ਦਿਤੀ ਹੈ, ਜੋ ਕਿਸਾਨ ਮੋਰਚੇ ਨੂੰ ਵੱਡੀ ਤਾਕਤ ਪ੍ਰਦਾਨ ਕਰੇਗੀ |
ਗੰਨਾ ਉਤਪਾਦਕ ਕਿਸਾਨਾਂ ਦਾ ਵਫ਼ਦ ਜੰਗਵੀਰ ਸਿੰਘ ਦੀ ਅਗਵਾਈ ਹੇਠ ਇਥੇ ਮੁੱਖ ਮੰਤਰੀ ਨੂੰ ਅਪਣੀਆਂ ਮੰਗਾਂ ਦੇ ਸਬੰਧ ਵਿਚ ਮਿਲਣ ਆਇਆ ਸੀ | ਇਸ ਮੁਲਾਕਾਤ ਦੌਰਾਨ ਮੁੱਖ ਮੰਤਰੀ ਦੇ ਦਿਮਾਗ਼ ਵਿਚ ਅਚਨਚੇਤ ਹੀ ਪਤਾ ਨਹੀਂ ਕੀ ਵਿਚਾਰ ਆਇਆ ਕਿ ਉਨ੍ਹਾਂ ਜੰਗਵੀਰ ਸਿੰਘ ਨੂੰ ਰਾਜੇਵਾਲ ਨਾਲ ਫ਼ੋਨ ਮਿਲਾ ਕੇ ਗੱਲ ਕਰਵਾਉਣ ਲਈ ਕਿਹਾ |
ਮੁੱਖ ਮੰਤਰੀ ਨੇ ਫ਼ੋਨ 'ਤੇ ਰਾਜੇਵਾਲ ਨਾਲ ਗੱਲਬਾਤ ਕਰਦਿਆਂ ਪਹਿਲਾਂ ਤਾਂ ਉਨ੍ਹਾਂ ਦੇ ਭਰਾ ਦੀ ਮੌਤ 'ਤੇ ਅਫ਼ਸੋਸ ਪ੍ਰਗਟ ਕੀਤਾ ਤੇ ਛੇਤੀ ਹੀ ਉਨ੍ਹਾਂ ਦੇ ਘਰ ਆ ਕੇ ਦੁੱਖ ਸਾਂਝਾ ਕਰਨ ਦੀ ਗੱਲ ਆਖੀ | ਇਸ ਤੋਂ ਬਾਅਦ ਮੁੱਖ ਮੰਤਰੀ ਨੇ ਵੱਡੀ ਪੇਸ਼ਕਸ਼ ਕਰਦਿਆਂ ਕਿਹਾ ਕਿ ਅਸੀ ਤਿੰਨੇ ਕੇਂਦਰੀ ਖੇਤੀ ਕਾਨੂੰਨ ਰੱਦ ਕਰਨ ਲਈ 8 ਨਵੰਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਹੋਇਆ ਹੈ | ਇਸ ਵਿਚ ਆਪੀ ਦੀ ਮਦਦ ਦੀ ਲੋੜ ਹੈ | ਵਿਧਾਨ ਸਭਾ ਵਿਚ ਖੇਤੀ ਕਾਨੂੰਨ ਰੱਦ ਕਰਨ ਵਿਚ ਜੋ ਪਹਿਲਾਂ ਕੱਚ ਰਹਿ ਗਈ,ਉਸ ਕਮੀ ਨੂੰ ਦੂਰ ਕਰ ਕੇ ਇਨ੍ਹਾਂ ਨੂੰ ਮੂਲੋਂ ਹੀ ਰੱਦ ਕਰਨਾ ਚਾਹੁੰੰਦੇ ਹਾਂ | ਉਨ੍ਹਾਂ ਰਾਜੇਵਾਲ ਨੂੰ ਕਿਹਾ ਕਿ ਕਿਸਾਨ ਜਥੇਬੰਦੀਆਂ ਸਾਨੂੰ ਇਸ ਬਾਰੇ ਗਾਈਡ ਲਾਈਨ ਦੇਣ ਅਤੇ ਲਿਖ ਕੇ ਪ੍ਰਸਤਾਵ ਭੇਜਣ | ਮੁੱਖ ਮੰਤਰੀ ਨੇ ਕਿਹਾ ਕਿ ਜੋ ਵੀ ਕਿਸਾਨ ਜਥੇਬੰਦੀਆਂ ਕਾਨੂੰਨ ਰੱਦ ਕਰਨ ਬਾਰੇ ਲਿਖ ਕੇ ਭੇਜਣਗੀਆਂ ਉਸ ਨੂੰ ਬਿਨਾਂ ਬਿੰਦੀ, ਟਿੱਪੀ ਬਦਲੇ ਪਾਸ ਕਰ ਦਿਆਂਗੇ ਤਾਂ ਜੋ ਸਾਨੂੰ ਅੱਗੇ ਉਲਾਂਭਾ ਨਾ ਆਵੇ ਕਿ ਖੇਤੀ ਕਾਨੂੰਨ ਸਹੀ ਤਰੀਕੇ ਨਾਲ ਪੰਜਾਬ ਸਰਕਾਰ ਨੇ ਰੱਦ ਨਹੀਂ ਕੀਤੇ |
ਚੰਨੀ ਨੇ ਇਹ ਵੀ ਕਿਹਾ ਕਿ ਮੈਂ ਤਾ ਪਹਿਲਾਂ ਵੀ ਮੂਲੋਂ ਹੀ ਇਹ ਕਾਨੂੰਨ ਰੱਦ ਕਰਨ ਦੀ ਸਲਾਹ ਦਿਤੀ ਸੀ ਪਰ ਅਫ਼ਸਰਾਂ ਨੇ ਉਸ ਸਮੇਂ ਮੁੱਖ ਮੰਤਰੀ ਸਾਹਿਬ ਨੂੰ ਡਰਾ ਦਿਤਾ ਸੀ ਕਿ ਸਰਕਾਰ ਟੁੱਟ ਜਾਵੇਗੀ ਪਰ ਮੈਨੂੰ ਸਰਕਾਰ ਟੁਟਣ ਦੀ ਵੀ ਕੋਈ ਪ੍ਰਵਾਹ ਨਹੀਂ ਹੈ |
ਡੱਬੀ
ਬੈਰੀਕੇਡ ਹਟਾਉਣ 'ਤੇ ਬਲਬੀਰ ਰਾਜੇਵਾਲ ਦਾ ਬਿਆਨ, 'ਕੇਂਦਰ ਸਰਕਾਰ ਬੌਖਲਾ ਗਈ ਹੈ'
ਨਵੀਂ ਦਿੱਲੀ: ਗਾਜ਼ੀਪੁਰ ਬਾਰਡਰ 'ਤੇ ਕਿਸਾਨ ਅੰਦੋਲਨ ਵਾਲੀ ਥਾਂ ਤੋਂ ਦਿੱਲੀ ਪੁਲਿਸ ਨੇ ਬੀਤੇ ਦਿਨ ਬੈਰੀਕੇਡ ਅਤੇ ਕੰਡਿਆਲੀਆਂ ਤਾਰ ਹਟਾਉਣ ਦਾ ਕੰਮ ਸ਼ੁਰੂ ਕੀਤਾ ਹੈ | ਇਸ ਦੌਰਾਨ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਬੌਖਲਾ ਗਈ ਹੈ | ਇਸੇ ਲਈ ਉਹ ਬਾਰਡਰਾਂ 'ਤੇ ਲਗਾਏ ਗਏ ਨਾਕਿਆਂ ਨੂੰ ਹਟਾ ਰਹੀ ਹੈ | ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨਾਂ ਨੂੰ ਕਿਹਾ ਕਿ ਕੇਂਦਰ ਸਰਕਾਰ ਬੌਖਲਾ ਗਈ ਹੈ | ਇਸੇ ਲਈ ਉਹ ਬਾਰਡਰਾਂ 'ਤੇ ਲਗਾਏ ਗਏ ਨਾਕਿਆਂ ਨੂੰ ਹਟਾ ਰਹੀ ਹੈ |
ਬਲਬੀਰ ਰਾਜੇਵਾਲ ਨੇ ਕਿਹਾ ਕਿ ਸਾਡੇ ਲਈ ਇਕ ਹੀ ਸਮੱਸਿਆ ਪੈਦਾ ਹੋ ਸਕਦੀ ਹੈ ਕਿ ਜ਼ਿਆਦਾ ਟਰੈਫਿਕ ਚੱਲਣ ਨਾਲ ਜ਼ਿਆਦਾ ਹਾਦਸੇ ਹੋ ਸਕਦੇ ਹਨ | ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸ਼ਾਂਤਮਈ ਢੰਗ ਨਾਲ ਬਾਰਡਰਾਂ 'ਤੇ ਬੈਠੋ | ਉਹਨਾਂ ਕਿਸਾਨਾਂ ਨੂੰ ਜੋਸ਼ ਦੇ ਨਾਲ-ਨਾਲ ਅਨੁਸਾਸ਼ਨ ਵਿਚ ਰਹਿਣ ਲਈ ਕਿਹਾ | ਉਹਨਾਂ ਕਿਹਾ ਅਸੀਂ ਜਲਦੀ ਹੀ ਸਰਕਾਰ 'ਤੇ ਕਾਬੂ ਪਾਵਾਂਗੇ |
ਦੱਸ ਦਈਏ ਕਿ ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨਾਂ ਦੀ 26 ਜਨਵਰੀ ਨੂੰ ਦਿੱਲੀ ਵਿਚ 'ਟਰੈਕਟਰ ਪਰੇਡ' ਦੌਰਾਨ ਹੋਈ ਹਿੰਸਾ ਤੋਂ ਬਾਅਦ ਪੁਲਿਸ ਨੇ ਉੱਥੇ ਲੋਹੇ ਅਤੇ ਸੀਮੈਂਟ ਦੇ ਬੈਰੀਕੇਡ ਅਤੇ ਕੰਡਿਆਲੀ ਤਾਰ ਲਗਾ ਦਿੱਤੀ ਸੀ | ਸੜਕ ਖੁੱਲ੍ਹਣ ਨਾਲ ਗਾਜੀਆਬਾਦ, ਦਿੱਲੀ, ਨੋਇਡਾ ਦੇ ਹਜਾਰਾਂ ਲੋਕਾਂ ਦੇ ਨਾਲ-ਨਾਲ ਰਾਸਟਰੀ ਰਾਜਧਾਨੀ ਅਤੇ ਉੱਤਰ ਪ੍ਰਦੇਸ ਦੇ ਅੰਦਰੂਨੀ ਇਲਾਕਿਆਂ ਤੋਂ ਮੇਰਠ ਅਤੇ ਉਸ ਤੋਂ ਅੱਗੇ ਜਾਣ ਵਾਲੇ ਲੋਕਾਂ ਨੂੰ ਮਦਦ ਮਿਲੇਗੀ |