
ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਨੂੰ ਯੂਬਾ ਸਟੇਟ ਵਲੋਂ ਵਰਲਡ ਇਕੁਐਲਿਟੀ ਡੇਅ ਵਜੋਂ ਮਾਨਤਾ
ਵਰਲਡ ਸਿੱਖ ਪਾਰਲੀਮੈਂਟ ਦੇ ਯਤਨਾਂ ਸਦਕਾ ਯੂਬਾ ਵਲੋਂ ਸਿੱਖ ਹੈਰੀਟੇਜ ਡੇਅ ਵਜੋਂ ਮਾਨਤਾ
ਕੋਟਕਪੂਰਾ, 30 ਅਕਤੂਬਰ (ਗੁਰਿੰਦਰ ਸਿੰਘ) : ਅਮਰੀਕਾ ਦੀ ਯੂਬਾ ਸਟੇਟ ਵਲੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ‘ਵਰਲਡ ਇਕੁਐਲਿਟੀ ਡੇਅ’ ਵਜੋਂ ਮਾਨਤਾ ਮਿਲਣ ’ਤੇ ਦੁਨੀਆਂ ਭਰ ਦੀਆਂ ਸਿੱਖ ਸੰਗਤਾਂ ’ਚ ਖ਼ੁਸ਼ੀ ਦਾ ਮਾਹੌਲ ਪੈਦਾ ਹੋਣਾ ਸੁਭਾਵਕ ਹੈ ਕਿਉਂਕਿ ਯੂਬਾ ਦੇ ਗਵਰਨਰ ਸਪੈਂਸਰ ਕੋਕਸ ਨੇ ਵਰਲਡ ਇਕੁਐਲਿਟੀ ਡੇਅ ਦੇ ਨਾਲ-ਨਾਲ ਇਸੇ ਦਿਨ ਨੂੰ ਸਿੱਖ ਹੈਰੀਟੇਜ ਡੇਅ ਵਜੋਂ ਮਾਨਤਾ ਦੇਣ ਦਾ ਐਲਾਨ ਕੀਤਾ ਹੈ।
ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਜਿਥੇ ਰਿਪ੍ਰੇਸੇਂਟਟਿਵ ਕੌਲਰਡ ਦੇ ਨਾਲ ਰਿਪ੍ਰੇਸੇਂਟਟਿਵ ਡੈਲੀ ਪ੍ਰੋਵੋਸਟ, ਐਲਿਜ਼ਾਬੇਥ ਵੇਈਟ ਅਤੇ ਐਂਜਲਾ ਰੋਮੀਓ ਮੌਜੂਦ ਸਨ, ਉੱਥੇ ਯੂਟਾ ਦੇ ਦੋਵੇਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਮੈਂਬਰ ਅਤੇ ਸਟੇਟ ਰਿਪ੍ਰੇਸੇਂਟਟਿਵ ਨਾਲ ਸੰਪਰਕ ਬਣਾਉਣ ਵਾਲੇ ਹਰਜਿੰਦਰ ਸਿੰਘ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ, ਜਿਨ੍ਹਾਂ ’ਚ ਗੱਜਣ ਸਿੰਘ, ਬੀਬੀ ਗੁਰਜੀਤ ਕੌਰ, ਬੂਟਾ ਸਿੰਘ, ਅਮਰੀਕ ਸਿੰਘ, ਲਾਲ ਸਿੰਘ, ਅਜੀਤ ਸਿੰਘ, ਬਲਵਿੰਦਰ ਸਿੰਘ ਆਦਿ ਵੀ ਸ਼ਾਮਲ ਸਨ। ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਅਤੇ ਸੇਕ੍ਰੇਟਰੀ ਬੀਬੀ ਹਰਮਨ ਕੌਰ ਦਾ ਇਸ ਸਾਰੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ’ਚ ਵਿਸ਼ੇਸ਼ ਯੋਗਦਾਨ ਰਿਹਾ। ਹਿੰਮਤ ਸਿੰਘ ਨੇ ਦਸਿਆ ਕਿ ਵਰਲਡ ਸਿੱਖ ਪਾਰਲੀਮੈਂਟ ਦੇ ਯਤਨਾਂ ਸਦਕਾ ਪਹਿਲਾਂ ਵੀ ਨਿਊ ਜਰਜੀ ਅਤੇ ਮੈਸੇਚਿਉਸੇਟਸ ਸਟੇਟਾਂ ’ਚ ਵੀ ਇਸ ਦਿਨ ਨੂੰ ਵਰਲਡ ਇਕੁਐਲਿਟੀ ਡੇਅ ਨੂੰ ਮਾਨਤਾ ਮਿਲ ਚੁੱਕੀ ਹੈ। ਉਨ੍ਹਾਂ ਆਖਿਆ ਕਿ ਸਿੱਖ ਪਹਿਚਾਣ ਤੇ ਸਬੰਧਤ ਦਿਨਾਂ ਨੂੰ ਮਾਨਤਾ ਦਿਵਾਉਣ ਲਈ ਅੱਗੋਂ ਵੀ ਇਸੇ ਤਰ੍ਹਾਂ ਯਤਨ ਜਾਰੀ ਰਹਿਣਗੇ। ਬੀਬੀ ਹਰਮਨ ਕੌਰ ਨੇ ਯੂਬਾ ਦੇ ਸਮੁੱਚੇ ਸਿੱਖਾਂ ਅਤੇ ਖ਼ਾਸ ਤੌਰ ’ਤੇ ਹਰਜਿੰਦਰ ਸਿੰਘ ਦਾ ਇਸ ਵੱਡੇ ਉਦਮ ’ਤੇ ਪ੍ਰੋਗਰਾਮ ਲਈ ਧਨਵਾਦ ਕਰਦਿਆਂ ਕਿਹਾ ਕਿ ਯੂਬਾ ਸਟੇਟ ’ਚ ਪਹਿਲੀਵਾਰ ਸਿੱਖ ਕੌਮ ਦੇ ਕਿਸੇ ਦਿਨ ਨੂੰ ਮਾਨਤਾ ਮਿਲਣਾ ਬੜੀ ਖ਼ੁਸ਼ੀ ਦੀ ਗੱਲ ਹੈ ਅਤੇ ਇਸ ਨਾਲ ਸਿੱਖਾਂ ਨੂੰ ਆਉਣ ਵਾਲੇ ਸਮੇਂ ’ਚ ਲੋਕਲ ਸਿਆਸਤ ’ਚ ਸਰਗਰਮ ਹੋਣ ਦਾ ਮੌਕਾ ਮਿਲੇਗਾ। ਵਰਲਡ ਸਿੱਖ ਪਾਰਲੀਮੈਂਟ ਦੇ ਸਪੀਕਰ ਜੋਗਾ ਸਿੰਘ ਨੇ ਅਮਰੀਕਾ ਦੇ ਸਿੱਖਾਂ ਨੂੰ ਇਕ ਤੋਂ ਬਾਅਦ ਇਕ ਸਫ਼ਲਤਾ ਲਈ ਵਧਾਈ ਦਿਤੀ। ਅਮਰੀਕਨ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਡਾ: ਪਿ੍ਰਤਪਾਲ ਸਿੰਘ ਨੇ ਵਰਲਡ ਸਿੱਖ ਪਾਰਲੀਮੈਂਟ ਦੇ ਇਨ੍ਹਾਂ ਯਤਨਾਂ ਦੀ ਸ਼ਲਾਘਾ ਕਰਦਿਆਂ ਹਰ ਸਹਿਯੋਗ ਦਾ ਭਰੋਸਾ ਦਿਤਾ।