
ਭਾਜਪਾ ’ਚ ਸ਼ਾਮਲ ਹੋਣ ਵਾਲੇ ਰਣਜੀਤ ਪਵਾਰ ਦਾ ਕਿਸਾਨ ਜਥੇਬੰਦੀਆਂ ਨੇ ਕੀਤਾ ਵਿਰੋਧ
ਫ਼ਿਲੌਰ, 30 ਅਕਤੂਬਰ (ਸੁਰਜੀਤ ਸਿੰਘ ਬਰਨਾਲਾ) : ਬੀਤੇ ਦਿਨੀਂ ਅੰਬੇਦਕਰ ਫ਼ੋਰਸ ਪੰਜਾਬ ਦੇ ਪ੍ਰਧਾਨ ਰਣਜੀਤ ਪਵਾਰ ਭਾਜਪਾ ’ਚ ਸ਼ਾਮਲ ਹੋ ਗਏ ਸਨ, ਜਿਨ੍ਹਾਂ ਨੂੰ ਸ਼ਾਮਲ ਹੋਣ ਤੋਂ ਪਹਿਲਾ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਅੱਜ ਕਿਸਾਨ ਜਥੇਬੰਦੀਆਂ ਅਤੇ ਪਿੰਡ ਵਾਸੀਆਂ ਨੇ ਰਣਜੀਤ ਪਵਾਰ ਦੇ ਘਰ ਅੱਗੇ ਨਾਹਰੇਬਾਜ਼ੀ ਕੀਤੀ ਅਤੇ ਕਿਹਾ ਕਿ ਅਸੀਂ ਭਾਜਪਾ ਦਾ ਲਗਾਤਾਰ ਵਿਰੋਧ ਕਰ ਰਹੇ ਹਾਂ ਪਰ ਰਣਜੀਤ ਪਵਾਰ ਨੇ ਭਾਜਪਾ ’ਚ ਸ਼ਾਮਲ ਹੋ ਕੇ ਗ਼ਲਤੀ ਕੀਤੀ ਹੈ। ਉਸ ਨੂੰ ਪੰਜ ਦਿਨ ਦਾ ਸਮਾਂ ਦਿਤਾ ਜਾਂਦਾ ਹੈ ਕਿ ਉਹ ਭਾਜਪਾ ਵਿਚੋਂ ਅਸਤੀਫ਼ਾ ਦੇ ਕੇ ਪਿੰਡ ਵਾਲਿਆਂ ਤੋ ਮੁਆਫ਼ੀ ਮੰਗੇ, ਨਹੀਂ ਤਾਂ ਅਸੀਂ 5 ਨਵੰਬਰ ਨੂੰ ਉਸ ਦੇ ਘਰ ਅੱਗੇ ਪੱਕਾ ਧਰਨਾ ਲਗਾ ਦੇਵਾਂਗੇ। ਇਸ ਮੌਕੇ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ।
ਇਸ ਮੌਕੇ ਰਣਜੀਤ ਪਵਾਰ ਵਾਈਸ ਪ੍ਰਧਾਨ ਜਲੰਧਰ ਦਿਹਾਤੀ ਨੇ ਕਿਹਾ, ‘‘ਮੇਰਾ ਵਿਰੋਧ ਕਿਸਾਨ ਨਹੀਂ ਕਰਦੇ, ਸਿਆਸੀ ਪਾਰਟੀਆਂ ਵਿਰੋਧ ਕਰ ਰਹੀਆਂ ਹਨ। ਮੈਂ ਕਿਸਾਨਾਂ-ਮਜ਼ਦੂਰਾਂ ਦੇ ਹਿਤਾਂ ਲਈ ਕੀਤੀ ਹੈ। ਮੈਂ ਹਮੇਸ਼ਾ ਸਮਾਜ ਸੇਵੀ ਉਪਰਾਲੇ ਕੀਤੇ ਅਤੇ ਕਰਦਾ ਰਹਾਂਗਾ।’’ ਇਸ ਮੌਕੇ ਜਸਪ੍ਰੀਤ ਸਿੰਘ, ਨਿਰਮਲ ਸਿੰਘ ਸਰਪੰਚ ਨਗਰ, ਦਿਲਪ੍ਰੀਤ ਸਿੰਘ, ਜਸਬੀਰ ਸਿੰਘ ਖੱਖ, ਲਵਪ੍ਰੀਤ ਸਿੰਘ, ਅਮਨਿੰਦਰ ਸਿੰਘ, ਗੁਰਪਾਲ ਸਿੰਘ, ਸੰਦੀਪ ਸਿੰਘ ਤੇ ਕਿਸਾਨ-ਮਜ਼ਦੂਰ ਭਾਰੀ ਗਿਣਤੀ ਵਿਚ ਹਾਜ਼ਰ ਸਨ।