
ਰਵਾਇਤੀ ਅਕਾਲੀਆਂ ਨੇ ਦੁਸ਼ਮਣਾਂ ਨਾਲ ਰਲ ਕੇ ਕੀਤਾ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ : ਜਸਕਰਨ ਸਿੰਘ
ਕੋਟਕਪੂਰਾ, 30 ਅਕਤੂਬਰ (ਗੁਰਿੰਦਰ ਸਿੰਘ) : ਬੇਅਦਬੀ ਮਾਮਲਿਆਂ ਦੇ ਇਨਸਾਫ਼ ਲਈ ਅਕਾਲੀ ਦਲ ਮਾਨ ਵਲੋਂ ਸ਼ੁਰੂ ਕੀਤੇ ਇਨਸਾਫ਼ ਮੋਰਚੇ ਦੇ 122ਵੇਂ ਦਿਨ ਆਪਣੇ ਸੰਬੋਧਨ ਦੌਰਾਨ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਆਖਿਆ ਕਿ ਸਮੇਂ ਦੀਆਂ ਜ਼ਾਲਮ ਸਰਕਾਰਾਂ ਨੇ ਸਿੱਖ ਕੌਮ ਦਾ ਸਬਰ ਸੰਤੋਖ ਪਰਖਿਆ, ਸਿੱਖਾਂ ਨੇ ਜ਼ਾਲਮ ਹਕੂਮਤਾਂ ਦਾ ਠੋਕਵਾਂ ਜਵਾਬ ਦਿਤਾ, ਸਿੱਖ ਕੌਮ ਦੇ ਪੁਰਾਤਨ ਇਤਿਹਾਸ ਨੂੰ ਕਾਇਮ ਰੱਖਿਆ ਤੇ ਇਹ ਰਵਾਇਤ ਹੁਣ ਵੀ ਕਾਇਮ ਰਹੇਗੀ।
ਉਨ੍ਹਾਂ ਆਖਿਆ ਕਿ ਕਾਂਗਰਸ, ਬੀਜੇਪੀ, ਆਰਐੱਸਐੱਸ, ਸੋਵੀਅਤ ਰੂਸ, ਬਰਤਾਨੀਆਂ ਸਮੇਤ ਰਵਾਇਤੀ ਅਕਾਲੀਆਂ ਨੇ ਸਾਡਾ ਜਾਨ ਤੋਂ ਪਿਆਰਾ ਅਕਾਲ ਤਖਤ ਸਾਹਿਬ ਢਹਿ-ਢੇਰੀ ਕਰ ਦਿਤਾ ਅਤੇ ਦਰਬਾਰ ਸਾਹਿਬ ’ਤੇ ਹਮਲਾ ਕਰ ਕੇ ਸਾਡੀ ਉਭਰ ਰਹੀ ਸਿੱਖ ਲੀਡਰਸ਼ਿਪ ਨੂੰ ਸ਼ਹੀਦ ਕਰ ਦਿਤਾ ਸੀ ਜਿਸ ਦੀ ਵਜ੍ਹਾ ਕਰ ਕੇ ਸਿੱਖ ਕੌਮ ਗੁਵਾਚਿਆ-ਗੁਵਾਚਿਆ ਮਹਿਸੂਸ ਕਰ ਰਹੀ ਸੀ, ਸਿੱਖ ਕੌਮ ’ਚ ਆਈ ਨਿਰਾਸ਼ਤਾ ਨੂੰ ਤੋੜ ਕੇ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਨੂੰ ਸਿਰ ’ਤੇ ਰੱਖ ਕੇ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ ਅਤੇ ਸ਼ਹੀਦ ਭਾਈ ਕੇਹਰ ਸਿੰਘ ਨੇ ਮਰਹੂਮ ਇੰਦਰਾ ਗਾਂਧੀ ਨੂੰ ਪੰਥਕ ਰਵਾਇਤਾਂ ਮੁਤਾਬਕ ਸਜ਼ਾ ਦੇ ਕੇ ਲਾਸਾਨੀ ਇਤਿਹਾਸ ਸਿਰਜ ਦਿਤਾ।
ਉਨ੍ਹਾਂ ਆਖਿਆ ਕਿ ਉਕਤ ਇਤਿਹਾਸ ਨੂੰ ਸਿਰਜਣ ਵਾਲੇ ਸ਼ਹੀਦ ਭਾਈ ਬੇਅੰਤ ਸਿੰਘ ਦੀ ਬਰਸੀ 31 ਅਕਤੂਬਰ ਦਿਨ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਨਵੀਂ ਦਿੱਲੀ ਵਿਖੇ ਮਨਾਈ ਜਾ ਰਹੀ ਹੈ। ਜਿਥੇ ਸ਼ਹੀਦ ਭਾਈ ਸਤਵੰਤ ਸਿੰਘ ਅਤੇ ਸ਼ਹੀਦ ਭਾਈ ਕੇਹਰ ਸਿੰਘ ਨੂੰ ਵੀ ਯਾਦ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਮੋਰਚੇ ਦੇ 122ਵੇਂ ਦਿਨ 119ਵੇਂ ਜੱਥੇ ’ਚ ਜ਼ਿਲ੍ਹਾ ਫ਼ਿਰੋਜ਼ਪੁਰ ਤੋਂ ਪੁੱਜੇ 11 ਸਿੰਘਾਂ ਨੂੰ ਗਿ੍ਰਫ਼ਤਾਰੀ ਦੇਣ ਤੋਂ ਪਹਿਲਾਂ ਗੁਰਦਵਾਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ਵਿਖੇ ਸਿਰੋਪਾਉ ਦੀ ਬਖ਼ਸ਼ਿਸ਼ ਕੀਤੀ ਗਈ।