
ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਭਿੱਖੀਵਿੰਡ: ਕਸਬਾ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਵੀਰਮ ਤੋਂ ਇੱਕ ਦਰਦਨਾਕ ਖ਼ਬਰ ਸਾਹਮਏ ਆਈ ਹੈ। ਜਿੱਥੋਂ ਦੇ ਵਾਸੀ ਕਿਸਾਨ ਵਜੀਰ ਸਿੰਘ ਪੁੱਤਰ ਇੰਦਰ ਸਿੰਘ ਦੀ ਸਿਰਹਾਣੇ ਹੇਠ ਰੱਖੀ ਬੰਦੂਕ ’ਚੋਂ ਗੋਲ਼ੀ ਚੱਲਣ ਨਾਲ ਮੌਤ ਹੋ ਗਈ ਹੈ। ਜਿਸ ਸਬੰਧੀ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਮ੍ਰਿਤਕ ਦੀ ਪਤਨੀ ਮਨਜੀਤ ਕੌਰ ਦੇ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਲਈ ਕਬਜ਼ੇ ’ਚ ਲੈ ਲਿਆ ਹੈ। ਮ੍ਰਿਤਕ ਦੀ ਪਤਨੀ ਵੱਲੋਂ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਤੀ ਵਜ਼ੀਰ ਸਿੰਘ ਰੋਜ਼ਾਨਾ 12 ਬੋਰ ਰਾਈਫਲ ਲੋਡ ਕਰ ਕੇ ਆਪਣੇ ਸਿਰਹਾਣੇ ਰੱਖਦਾ ਸੀ ।
ਬੀਤੀ ਰਾਤ ਲੋਡ ਕੀਤੀ ਰਾਈਫਲ ’ਚੋਂ ਅਚਾਨਕ ਗੋਲ਼ੀ ਚੱਲ ਗਈ, ਜੋ ਕਿ ਵਜੀਰ ਸਿੰਘ ਦੇ ਜਾ ਲੱਗੀ, ਗੋਲ਼ੀ ਲੱਗਣ ਕਾਰਣ ਵਜੀਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਸਬੰਧੀ ਥਾਣਾ ਭਿੱਖੀਵਿੰਡ ਦੇ ਐੱਸ. ਐੱਚ. ਓ. ਚਰਨ ਸਿੰਘ ਨੇ ਦੱਸਿਆ ਕਿ ਗੋਲ਼ੀ ਵਜੀਰ ਸਿੰਘ ਦੇ ਜਬਾੜੇ ਹੇਠ ਲੱਗੀ ਹੈ । ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ। ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।