
7 ਸਾਲ ਤੋਂ ਨਹੀਂ ਹੋਈ ਭਾਸ਼ਾ ਵਿਭਾਗ ਦੇ ਡਾਇਰੈਕਟਰ ਦੀ ਤੈਨਾਤੀ
2016 ਤੋਂ ਐਡੀਸ਼ਨਲ ਡਾਇਰੈਕਟਰ ਦੇ ਅਹੁਦੇ 'ਤੇ ਵੀ ਨਹੀਂ ਆਇਆ ਕੋਈ ਅਧਿਕਾਰੀ
ਖੋਜ ਸਹਾਇਕਾਂ ਦੀਆਂ ਵੀ ਖ਼ਾਲੀ ਹਨ 50 ਵਿੱਚੋਂ 48 ਅਸਾਮੀਆਂ
ਪਟਿਆਲਾ : ਭਾਸ਼ਾ ਵਿਭਾਗ ਪੰਜਾਬ ਦੇ ਦਫ਼ਤਰ ਵਿੱਚ ਪਿਛਲੇ ਲੰਬੇ ਸਮੇਂ ਤੋਂ ਕਈ ਅਸਾਮੀਆਂ ਖ਼ਾਲੀ ਪਈਆਂ ਹਨ। ਜੇਕਰ ਗੱਲ ਡਾਇਰੈਕਟਰ ਅਹੁਦੇ ਦੀ ਕਰੀਏ ਤਾਂ ਨਵੰਬਰ 2015 ਵਿੱਚ ਵਿਭਾਗ ਦੇ ਡਾਇਰੈਕਟਰ ਦੀ ਸੇਵਾਮੁਕਤੀ ਮਗਰੋਂ ਇਹ ਅਹੁਦਾ ਹੁਣ ਤੱਕ ਨਹੀਂ ਭਰਿਆ ਗਿਆ। ਇੱਥੇ ਹੀ ਬੱਸ ਨਹੀਂ ਵਿਭਾਗ ਦੀ ਰੀੜ੍ਹ ਦੀ ਹੱਡੀ ਸਮਝੇ ਜਾਂਦੇ ਖੋਜ ਸਹਾਇਕਾਂ ਦੀਆਂ ਵੀ 50 ਵਿੱਚੋਂ 48 ਅਸਾਮੀਆਂ ਖਾਲੀ ਪਈਆਂ ਹਨ। ਇਸ ਤੋਂ ਇਲਾਵਾ 2016 ਤੋਂ ਵਧੀਕ ਡਾਇਰੈਕਟਰ ਦੇ ਅਹੁਦੇ 'ਤੇ ਵੀ ਕੋਈ ਅਧਿਕਾਰੀ ਨਹੀਂ ਆਇਆ।
ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਭਾਸ਼ਾ ਵਿਭਾਗ 'ਚ ਡਾਇਰੈਕਟਰ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਆਖ਼ਰੀ ਅਧਿਕਾਰੀ ਚੇਤਨ ਸਿੰਘ ਨਵੰਬਰ 2015 ਵਿੱਚ ਸੇਵਾਮੁਕਤ ਹੋਏ ਸਨ, ਜਿਸ ਮਗਰੋਂ ਡਾਇਰੈਕਟਰ ਦਾ ਚਾਰਜ ਐਡੀਸ਼ਨਲ ਡਾਇਰੈਕਟਰ ਗੁਰਸ਼ਰਨ ਕੌਰ ਵਾਲੀਆ ਨੂੰ ਦੇ ਦਿੱਤਾ ਗਿਆ। ਉਨ੍ਹਾਂ ਦੀ ਸੇਵਾਮੁਕਤੀ ਮਗਰੋਂ ਡਿਪਟੀ ਡਾਇਰੈਕਟਰ ਗੁਰਸ਼ਰਨ ਕੌਰ ਨੂੰ ਇਹ ਜ਼ਿੰਮੇਵਾਰੀ ਸੌਂਪ ਦਿੱਤੀ ਗਈ। ਉਸ ਤੋਂ ਬਾਅਦ ਵੀ ਡਿਪਟੀ ਡਾਇਰੈਕਟਰ ਕਰਮਜੀਤ ਕੌਰ ਨੂੰ ਡਾਇਰੈਕਟਰ ਦਾ ਚਾਰਜ ਦਿੱਤਾ ਗਿਆ, ਜਿਨ੍ਹਾਂ ਦੀ ਸੇਵਾਮੁਕਤੀ ਮਗਰੋਂ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਡਾਇਰੈਕਟਰ ਦਾ ਚਾਰਜ ਕਿਸੇ ਹੋਰ ਨੂੰ ਦੇਣ ਦੀ ਥਾਂ ਆਪਣੇ ਕੋਲ ਰੱਖ ਲਿਆ।
ਮੌਜੂਦਾ ਸਮੇਂ ਵਿੱਚ ਇਹ ਚਾਰਜ ਸਕੱਤਰ ਜਸਪ੍ਰੀਤ ਤਲਵਾਰ ਕੋਲ ਹੈ, ਹਾਲਾਂਕਿ ਵਿਭਾਗ ਦਾ ਸਾਰਾ ਕੰਮ ਹੁਣ ਜੁਆਇੰਟ ਡਾਇਰੈਕਟਰ ਵੀਰਪਾਲ ਕੌਰ ਹੀ ਦੇਖ ਰਹੇ ਹਨ। ਇਸੇ ਤਰ੍ਹਾਂ ਅਪਰੈਲ 2016 ਤੋਂ ਐਡੀਸ਼ਨਲ ਡਾਇਰੈਕਟਰ ਦੀ ਅਸਾਮੀ ਵੀ ਖਾਲੀ ਪਈ ਹੈ ਤੇ ਇਹ ਚਾਰਜ ਵੀ ਕਿਸੇ ਨੂੰ ਨਹੀਂ ਦਿੱਤਾ ਗਿਆ। ਡਿਪਟੀ ਡਾਇਰੈਕਟਰ ਦੀਆਂ ਛੇ ਅਸਾਮੀਆਂ ਰੀਸਟਰੱਕਚਿੰਗ ਦੌਰਾਨ ਘਟਾ ਕੇ 4 ਕਰ ਦਿੱਤੀਆਂ ਗਈਆਂ ਪਰ ਇਨ੍ਹਾਂ ਵਿੱਚੋਂ ਵੀ ਤਿੰਨ ਅਸਾਮੀਆਂ ਖਾਲੀ ਪਈਆਂ ਹਨ।
ਸਕੱਤਰ ਉਚੇਰੀ ਸਿੱਖਿਆ ਜਸਪ੍ਰੀਤ ਤਲਵਾਰ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਡਾਇਰੈਕਟਰ ਦੀ ਅਸਾਮੀ ਬਾਹਰੋਂ ਨਹੀਂ ਭਰੀ ਜਾ ਸਕਦੀ ਤੇ ਵਿਭਾਗ ਵਿੱਚ ਕੋਈ ਟਰਮਾਂ ਪੂਰੀਆਂ ਨਹੀਂ ਕਰਦਾ। ਹਾਲਾਂਕਿ ਜਸਪ੍ਰੀਤ ਤਲਵਾਰ ਨੇ ਕਿਹਾ ਕਿ ਇਸ ਤੋਂ ਇਲਾਵਾ ਜੋ ਵੀ ਅਸਾਮੀਆਂ ਖ਼ਾਲੀ ਪਈਆਂ ਹਨ ਉਨ੍ਹਾਂ ਨੂੰ ਜਲਦੀ ਹੀ ਭਰਿਆ ਜਾਵੇਗਾ।