
ਬੀੜੀਆਂ, ਤੰਬਾਕੂ ਅਤੇ ਕਾਲੇ ਰੰਗ ਦਾ ਨਸ਼ੀਲਾ ਪਦਾਰਥ ਹੋਇਆ ਬਰਾਮਦ
ਦੋ ਹੈੱਡ ਵਾਰਡਨ ਤੇ ਇਕ ASI ਖ਼ਿਲਾਫ਼ FIR ਦਰਜ ਕਰ STF ਨੂੰ ਸੌਂਪਿਆ ਮਾਮਲਾ
ਪਟਿਆਲਾ : ਪੰਜਾਬ ਸਰਕਾਰ ਦੇ ਮਿਸ਼ਨ ਸਵੱਛ ਜੇਲ੍ਹ ਤਹਿਤ ਇੱਕ ਹੋਰ ਵੱਡੀ ਕਾਰਵਾਈ ਕੀਤੀ ਗਈ ਹੈ। ਜਿਸ ਵਿੱਚ ਪਟਿਆਲਾ ਜੇਲ੍ਹ ਅੰਦਰ ਤੈਨਾਤ 2 ਹੈੱਡ ਵਾਰਡਨ ਅਤੇ ਏ.ਐਸ.ਆਈ ਨਸ਼ੀਲੇ ਪਦਾਰਥਾਂ ਸਮੇਤ ਫੜੇ ਗਏ ਹਨ। ਮੁਲਜ਼ਮਾਂ ਨੂੰ ਕਾਰਵਾਈ ਲਈ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਦੇ ਹਵਾਲੇ ਕਰ ਦਿੱਤਾ ਗਿਆ ਹੈ। ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਖੁਦ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਹੈ। ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਟਵਿੱਟਰ ਅਕਾਊਂਟ 'ਤੇ 3 ਪੁਲਿਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਇਹ ਕਾਰਵਾਈ ਪਟਿਆਲਾ ਜੇਲ੍ਹ ਵਿੱਚ ਕੀਤੀ ਗਈ। ਪਟਿਆਲਾ ਜੇਲ੍ਹ ਵਿੱਚ ਚੈਕਿੰਗ ਦੌਰਾਨ ਹੈੱਡ ਵਾਰਡਨ ਨਰੇਸ਼ ਕੁਮਾਰ ਅਤੇ ਰਾਜੀਵ ਕੁਮਾਰ ਅਤੇ ਇੱਕ ਪੀਏਪੀ ਦੇ ਏਐਸਆਈ ਨੂੰ ਨਸ਼ੀਲੇ ਪਦਾਰਥਾਂ ਸਮੇਤ ਰੰਗੇ ਹੱਥੀਂ ਕਾਬੂ ਕੀਤਾ ਗਿਆ। ਮੁਲਜ਼ਮਾਂ ਕੋਲੋਂ ਭਾਰੀ ਮਾਤਰਾ ਵਿੱਚ ਬੀੜੀਆਂ, ਤੰਬਾਕੂ ਅਤੇ ਕਾਲੇ ਰੰਗ ਦਾ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ।
ਤਰਨਤਾਰਨ ਅਤੇ ਅੰਮ੍ਰਿਤਸਰ ਦੀਆਂ ਜੇਲ੍ਹਾਂ ਵਿੱਚ ਕਾਰਵਾਈ ਤੋਂ ਬਾਅਦ ਪਟਿਆਲਾ ਜੇਲ੍ਹ ਵਿੱਚ ਵੀ ਇਹ ਕਾਰਵਾਈ ਕੀਤੀ ਗਈ। ਫਿਲਹਾਲ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਤਿੰਨਾਂ ਨੂੰ ਐਸਟੀਐਫ ਹਵਾਲੇ ਕਰ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਦੋਵੇਂ ਹੈੱਡ ਵਾਰਡਨਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।