
ਮਹਿੰਦਰ ਸਿੰਘ ਸਿਰਫ਼ 8 ਕਨਾਲ ਜ਼ਮੀਨ ਦਾ ਮਾਲਕ ਸੀ ਅਤੇ ਉਹ ਵੀ ਗਹਿਣੇ ਪਈ ਹੈ।
ਸੰਗਰੂਰ- ਪੰਜਾਬ ’ਚ ਕਿਸਾਨਾਂ ਵਲੋਂ ਖ਼ੁਦਕੁਸ਼ੀਆਂ ਕਰਨ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਬੀਤੀ ਰਾਤ ਪਿੰਡ ਤੋਲਾਵਾਲ ਦੇ ਕਰਜ਼ੇ ਦੇ ਬੋਝ ਹੇਠ ਦੱਬੇ ਇਕ ਕਿਸਾਨ ਵਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲੈਣ ਦੀ ਖ਼ਬਰ ਸਾਹਮਣੇ ਆਈ ਹੈ।
ਮ੍ਰਿਤਕ ਕਿਸਾਨ ਦੇ ਛੋਟੇ ਭਰਾ ਨਾਜਰ ਸਿੰਘ ਨੇ ਦੱਸਿਆ ਕਿ ਮੇਰੇ ਭਰਾ ਮਹਿੰਦਰ ਸਿੰਘ (52) ਪੁੱਤਰ ਗੁਰਦੇਵ ਸਿੰਘ ਦੇ ਸਿਰ ’ਤੇ ਸਰਕਾਰੀ ਅਤੇ ਗ਼ੈਰ ਸਰਕਾਰੀ ਲੱਖਾਂ ਰੁਪਏ ਦਾ ਕਰਜਾ ਸੀ। ਉਸ ਦਾ ਵੱਡਾ ਬੇਟਾ ਅੰਗਹੀਣ ਹੈ ਜਦੋਂ ਕਿ ਛੋਟਾ ਪੁੱਤਰ ਅਤੇ ਪਤਨੀ ਬਿਮਾਰ ਰਹਿੰਦੇ ਹਨ, ਜਿੰਨ੍ਹਾਂ ਦਾ ਪੀ.ਜੀ.ਆਈ. ਤੋਂ ਇਲਾਜ ਚੱਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਮਹਿੰਦਰ ਸਿੰਘ ਸਿਰਫ਼ 8 ਕਨਾਲ ਜ਼ਮੀਨ ਦਾ ਮਾਲਕ ਸੀ ਅਤੇ ਉਹ ਵੀ ਗਹਿਣੇ ਪਈ ਹੈ। ਉਹ ਕਰਜ਼ਾ ਮੋੜਨ ਤੋਂ ਅਸਮਰਥ ਸੀ। ਜਿਸ ਕਾਰਨ ਅਕਸਰ ਹੀ ਉਹ ਪ੍ਰੇਸ਼ਾਨ ਰਹਿੰਦਾ ਸੀ। ਇਸੇ ਪਰੇਸ਼ਾਨੀ ਕਾਰਨ ਉਸ ਨੇ ਬੀਤੀ ਸ਼ਾਮ ਕਰੀਬ ਅੱਠ ਵਜੇ ਆਪਣੇ ਘਰ ਦੇ ਇਕ ਕਮਰੇ ’ਚ ਜਾ ਕੇ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖੁਦਕਸ਼ੀ ਕਰ ਲਈ।
ਜਦੋਂ ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਥਾਣਾ ਚੀਮਾ ਦੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਪੜਤਾਲ ਦੋਰਾਨ ਜੋ ਵੀ ਗੱਲ ਸਾਹਮਣੇ ਆਵੇਗੀ ਉਸ ਅਨੁਸਾਰ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।