
ਨਵੰਬਰ 'ਚ ਨਾ ਮਿਲਿਆ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਤਾਂ ਛੱਡ ਦੇਵਾਂਗੇ ਸੁਰੱਖਿਆ ਅਤੇ ਦੇਸ਼ : ਬਲਕੌਰ ਸਿੰਘ
ਮਾਨਸਾ, 30 ਅਕਤੂਬਰ (ਬਹਾਦਰ ਖ਼ਾਨ) : ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਕੇਂਦਰ ਤੇ ਸੂਬਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਤੋਂ ਨਿਰਾਸ਼ ਮਾਪਿਆਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਨੂੰ ਚਾਰੇ ਪਾਸੇ ਪੁੱਤਰ ਦੇ ਕਤਲ ਦਾ ਇਨਸਾਫ਼ ਮਿਲਣ ਦੀ ਉਮੀਦ ਖ਼ਤਮ ਹੋ ਗਈ ਹੈ |
ਐਤਵਾਰ ਨੂੰ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨਾਲ ਅਪਣੇ ਨਿਵਾਸ ਸਥਾਨ 'ਤੇ ਗੱਲਬਾਤ ਕਰਦਿਆਂ ਉਸ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਨੂੰ 5 ਮਹੀਨੇ ਪੂਰੇ ਹੋ ਚੁੱਕੇ ਹਨ ਪਰ ਅੱਜ ਤਕ ਪੁਲਿਸ ਕਤਲ ਦੇ ਜ਼ਿੰਮੇਵਾਰ ਵਿਅਕਤੀਆਂ ਨੂੰ ਫੜ ਨਹੀਂ ਸਕੀ | ਜੇਕਰ ਨਵੰਬਰ ਮਹੀਨੇ ਤਕ ਸਰਕਾਰ ਅਤੇ ਪੁਲਿਸ ਨੇ ਅਸਲੀ ਕਾਤਲਾਂ ਨੂੰ ਨਹੀਂ ਫੜਿਆ ਤਾਂ ਉਹ ਸਰਕਾਰ ਪਾਸੋਂ ਮਿਲੀ ਸੁਰੱਖਿਆ ਵਾਪਸ ਕਰ ਦੇਣਗੇ ਅਤੇ ਇਹ ਦੇਸ਼ ਛੱਡ ਕਿਸੇ ਵਿਦੇਸ਼ ਵਿਚ ਜਾ ਬੈਠਣਗੇ | ਉਨ੍ਹਾਂ ਕਿਹਾ ਕਿ ਇਨਸਾਫ਼ ਦੇਣ ਦੀ ਬਜਾਏ ਕੇਂਦਰ ਅਤੇ ਪੰਜਾਬ ਸਰਕਾਰ ਉਲਟਾ ਸਿੱਧੂ ਮੂਸੇਵਾਲਾ ਦੇ ਸਾਥੀ ਕਲਾਕਾਰਾਂ ਨੂੰ ਤੰਗ ਕਰਨ ਲੱਗੀ ਹੈ |
ਐਨ.ਆਈ.ਏ ਨੇ ਸੰਮਣ ਜਾਰੀ ਕਰ ਕੇ ਮੂਸੇਵਾਲਾ ਦੀ ਮੂੰਹ ਬੋਲੀ ਭੈਣ ਅਫ਼ਸਾਨਾ ਖਾਨ ਨੂੰ ਪੁਛਗਿਛ ਲਈ ਬੁਲਾਇਆ ਪਰ ਲਾਰੈਂਸ ਦੀ ਬੀ ਟੀਮ ਚੰਡੀਗੜ੍ਹ ਬੈਠੀ ਹੈ, ਉਸ ਨੂੰ ਸੰਮਣ ਜਾਰੀ ਕਿਉਂ ਨਹੀਂ ਕੀਤੇ | ਉਨ੍ਹਾਂ ਕਿਹਾ ਕਿ ਸਰਕਾਰਾਂ ਦਾ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਕੋਈ ਲੈਣਾ-ਦੇਣਾ ਨਹੀਂ, ਉਸ ਨੂੰ ਤਾਂ ਸਿਰਫ਼ ਚੋਣਾਂ ਦਾ ਹੀ ਫ਼ਿਕਰ ਹੈ | ਉਨ੍ਹਾਂ ਕਿਹਾ ਕਿ ਨਵੰਬਰ ਮਹੀਨੇ ਤਕ ਜੇਕਰ ਸਰਕਾਰ ਅਤੇ ਪੁਲਿਸ ਨੇ ਅਸਲੀ ਕਾਤਲਾਂ ਨੂੰ ਨਾ ਫੜਿਆ ਤਾਂ ਉਸ ਤੋਂ ਬਾਅਦ ਉਹ ਅਪਣੇ ਤਰੀਕੇ ਨਾਲ ਸੰਘਰਸ਼ ਦੀ ਰੂਪਰੇਖਾ ਉਲੀਕਣਗੇ ਅਤੇ ਉਹ ਸੁਰੱਖਿਆ ਵਾਪਸ ਕਰਕੇ ਵਿਦੇਸ਼ ਚਲੇ ਜਾਣਗੇ |
ਉਨ੍ਹਾਂ ਕਿਹਾ ਕਿ ਕਿਸੇ ਗਾਇਕ ਨੇ ਅਜੇ ਤਕ ਸਿੱਧੂ ਪ੍ਰਤੀ ਹਾਅ ਦਾ ਨਾਹਰਾ ਨਹੀਂ ਮਾਰਿਆ ਅਤੇ ਸੀਆਈਏ ਸਟਾਫ਼ ਮਾਨਸਾ ਦਾ ਬਰਖਾਸਤ ਸਾਬਕਾ ਸਬ ਇੰਸਪੈਕਟਰ ਪਿ੍ਤਪਾਲ ਸਿੰਘ ਗੈਂਗਸਟਰਾਂ ਵਲੋਂ ਦਿੱਤੀਆਂ ਪਾਰਟੀਆਂ ਵਿਚ ਚੰਡੀਗੜ੍ਹ ਜਾ ਕੇ ਅਯਾਸ਼ੀ ਕਰਦਾ ਰਿਹਾ ਉਸ ਵਲੋਂ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਤੋਂ ਪਹਿਲਾਂ ਜਿਨ੍ਹਾਂ ਵਿਅਕਤੀਆਂ ਨੇ ਗੈਂਗਸਟਰਾਂ ਨੂੰ ਪਨਾਹਾਂ ਦਿਤੀਆਂ ਉਨ੍ਹਾਂ ਨੂੰ ਕੇਸ ਵਿਚੋਂ ਬਾਹਰ ਕੱਢ ਦਿਤਾ ਗਿਆ ਸੀ | ਕੀ ਪੁਲਿਸ ਨੇ ਉਨ੍ਹਾਂ ਨੂੰ ਮੁੜ ਤਫ਼ਤੀਸ਼ ਵਿਚ ਸ਼ਾਮਲ ਨਹੀਂ ਕਰਨਾ ਸੀ |
ਉਨ੍ਹਾਂ ਪਿੰਡਾਂ ਵਿਚੋਂ ਆਏ ਲੋਕਾਂ ਨੂੰ ਕਿਹਾ ਕਿ ਉਹ ਨਵੰਬਰ ਮਹੀਨੇ ਤਕ ਕਣਕ ਬਿਜਾਈ ਅਤੇ ਹੋਰ ਕੰਮ ਨਿਬੇੜ ਲੈਣ, ਇਸ ਤੋਂ ਇਲਾਵਾ ਸਿੱਧੂ ਦੇ ਕਤਲ ਦਾ ਇਨਸਾਫ਼ ਲੈਣ ਲਈ ਅਪਣੇ ਪੱਧਰ 'ਤੇ ਰਾਹ ਅਖਤਿਆਰ ਕਰਨਾ ਪਵੇਗਾ |
Mansa_SPS_30_O3T_69L5_1