
ਅਕਾਲੀ ਦਲ ਬਾਦਲ ਦੇ ਐਸ.ਸੀ. ਵਿੰਗ ਦੇ ਇਕ ਡੇਰਾ ਪੇ੍ਰਮੀ ਨੂੰ ਜ਼ਿਲ੍ਹਾ ਪ੍ਰਧਾਨ ਬਣਾਉਣ ’ਤੇ ਵਿਵਾਦ
ਅਕਾਲ ਤਖ਼ਤ ਦਾ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇਣ ਜਵਾਬ : ਦਾਦੂਵਾਲ
ਕੋਟਕਪੂਰਾ, 30 ਦਸੰਬਰ (ਗੁਰਿੰਦਰ ਸਿੰਘ) : ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਵਲੋਂ ਅਪਣੀ ਰਿਹਾਇਸ਼ ’ਤੇ ਐਸ.ਸੀ. ਵਿੰਗ ਦੇ ਕੌਮੀ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਦੀਆਂ ਹਦਾਇਤਾਂ ਮੁਤਾਬਕ ਐਸ.ਸੀ. ਵਿੰਗ ਦੇ ਅਹੁਦੇਦਾਰਾਂ ਨੂੰ ਸਿਰੋਪਾਉ ਪਾ ਕੇ ਸਨਮਾਨਤ ਕਰਨ ਦੀਆਂ ਪ੍ਰਕਾਸ਼ਤ ਹੋਈਆਂ ਖ਼ਬਰਾਂ ਨੇ ਪੰਥਕ ਹਲਕਿਆਂ ’ਚ ਦੁਬਾਰਾ ਫਿਰ ਚਰਚਾ ਛੇੜ ਦਿਤੀ ਹੈ ਕਿਉਂਕਿ ਸਨਮਾਨਤ ਹੋਣ ਵਾਲੇ ਅਹੁਦੇਦਾਰਾਂ ’ਚ ਇਕ ਡੇਰਾ ਪੇ੍ਰਮੀ ਜੋ ਪਹਿਲਾਂ ‘ਕੇਵਲ ਸਿੰਘ ਪ੍ਰੇਮੀ’ ਦੇ ਨਾਂਅ ਨਾਲ ਮਸ਼ਹੂਰ ਸੀ, ਉਸ ਨੂੰ ‘ਕੇਵਲ ਸਿੰਘ ਸਹੋਤਾ’ ਲਿਖ ਕੇ ਜ਼ਿਲ੍ਹਾ ਪ੍ਰਧਾਨ ਦੇ ਤੌਰ ’ਤੇ ਸਿਰੋਪਾਉ ਦਿਤਾ ਗਿਆ ਹੈ।
ਭਾਈ ਬਲਜੀਤ ਸਿੰਘ ਦਾਦੂਵਾਲ ਪ੍ਰਧਾਨ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਇਕ ਦਿਨ ਬਾਦਲਾਂ ਦੀ ਸੁਨਾਰੀਆ ਜੇਲ ’ਚ ਸੌਦਾ ਸਾਧ ਨਾਲ ਮੁਲਾਕਾਤ ਕਰਨ ਦੀ ਗੱਲ ਵੀ ਜਨਤਕ ਹੋਵੇਗੀ ਕਿਉਂਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਅਤੇ ਐਸ.ਆਈ.ਟੀ. ਦੀਆਂ ਜਾਂਚ ਰੀਪੋਰਟਾਂ ਮੁਤਾਬਕ ਡੇਰਾ ਪੇ੍ਰਮੀਆਂ ਨੇ ਪਾਵਨ ਸਰੂਪ ਚੋਰੀ ਕੀਤੇ, ਭੜਕਾਊ ਪੋਸਟਰ ਲਾਏ, ਬੇਅਦਬੀ ਕਾਂਡ ਨੂੰ ਅੰਜਾਮ ਦਿਤਾ ਪਰ ਬਾਦਲ ਪ੍ਰਵਾਰ ਦੇ ਕਿਸੇ ਵੀ ਮੈਂਬਰ ਜਾਂ ਮੂਹਰਲੀ ਕਤਾਰ ਦੇ ਪਾਰਟੀ ਆਗੂ ਨੇ ਸੌਦਾ ਸਾਧ ਜਾਂ ਡੇਰਾ ਪੇ੍ਰਮੀਆਂ ਪ੍ਰਤੀ ਨੁਕਤਾਚੀਨੀ ਵਾਲਾ ਇਕ ਵੀ ਬਿਆਨ ਜਾਰੀ ਕਰਨ ਦੀ ਜ਼ਰੂਰਤ ਨਾ ਸਮਝੀ। ਭਾਈ ਦਾਦੂਵਾਲ ਨੇ ਸਵਾਲ ਕੀਤਾ ਕਿ ਕੀ ਕੇਵਲ ਸਿੰਘ ਪ੍ਰੇਮੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਪ੍ਰਵਾਨ ਕਰ ਲਿਆ ਹੈ? ਕੀ ਉਸ ਨੇ ਸੌਦਾ ਸਾਧ ਨਾਲੋਂ ਹਰ ਤਰ੍ਹਾਂ ਦੇ ਸਬੰਧ ਤੋੜਨ ਦਾ ਐਲਾਨ ਕਰ ਦਿਤਾ ਹੈ? ਬੇਅਦਬੀ ਕਾਂਡ ਤੋਂ ਬਾਅਦ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉਪਰ ਚਲਾਈ ਗਈ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਨੌਜਵਾਨ ਕਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਨਿਆਮੀਵਾਲਾ ਨੇ ਡੇਰਾ ਪੇ੍ਰਮੀ ਨੂੰ ਅਕਾਲੀ ਦਲ ਬਾਦਲ ਦੀ ਅਹੁਦੇਦਾਰੀ ਮਿਲਣ ’ਤੇ ਪ੍ਰਤੀਕਰਮ ਕਰਦਿਆਂ ਆਖਿਆ ਕਿ ਬੇਅਦਬੀ ਅਤੇ ਗੋਲੀਕਾਂਡ ਦੇ ਮਾਮਲਿਆਂ ’ਚ ਲੱਗੇ ਦੋਸ਼ਾਂ ਸਬੰਧੀ ਅਦਾਲਤਾਂ ਦਾ ਸਾਹਮਣਾ ਕਰ ਰਹੇ ਮਨਤਾਰ ਸਿੰਘ ਬਰਾੜ ਵਲੋਂ ਡੇਰਾ ਪੇ੍ਰਮੀ ਨੂੰ ਅਹੁਦੇ ਦੇ ਕੇ ਸਨਮਾਨਤ ਕਰਨ ਵਾਲੀਆਂ ਗੱਲਾਂ ਬਰਦਾਸ਼ਤ ਤੋਂ ਬਾਹਰ ਹਨ।
ਉਨ੍ਹਾਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਇਸ ਸਬੰਧੀ ਅਕਾਲੀ ਦਲ ਬਾਦਲ ਦੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਜਵਾਬਦੇਹ ਬਣਾਉਣ ਦੀ ਅਪੀਲ ਕੀਤੀ। ਭਾਈ ਦਾਦੂਵਾਲ ਅਤੇ ਸੁਖਰਾਜ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਅਕਾਲ ਤਖ਼ਤ ਅਤੇ ਬੀਬੀ ਜਗੀਰ ਕੌਰ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਪੁੱਛਿਆ ਕਿ ਕੀ ਉਹ ਇਸ ਸਬੰਧੀ ਕੋਈ ਸਟੈਂਡ ਲੇੈਣ ਦੀ ਜੁਰਅੱਤ ਦਿਖਾਉਣਗੇ?