
ਯਮਨ ਦੇ ਹਵਾਈ ਅੱਡੇ ’ਤੇ ਨਵੇਂ ਕੈਬਨਿਟ ਮੈਂਬਰਾਂ ਦੇ ਜਹਾਜ਼ ’ਤੇ ਹਮਲਾ, 22 ਦੀ ਮੌਤ
ਸਾਨਾ, 30 ਦਸੰਬਰ : ਯਮਨ ਦੇ ਦਖਣੀ ਸ਼ਹਿਰ ਅਦੇਨ ਦੇ ਹਵਾਈ ਅੱਡੇ ’ਤੇ ਬੁੱਧਵਾਰ ਨੂੰ ਇਕ ਵੱਡਾ ਧਮਾਕਾ ਹੋਇਆ। ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ ਨਵੀਂ ਬਣੀ ਕੈਬਨਿਟ ਦੇ ਮੈਂਬਰਾਂ ਨੂੰ ਲੈ ਕੇ ਜਹਾਜ਼ ਦੇ ਉਤਰਨ ਤੋਂ ਸਿਰਫ ਕੁਝ ਹੀ ਸਮੇਂ ਪਹਿਲਾਂ ਹੋਇਆ। ਸ਼ੁਰੂਆਤੀ ਖਬਰਾਂ ਮੁਤਾਬਕ 22 ਲੋਕਾਂ ਦੀ ਮੌਤ ਹੋ ਗਈ ਅਤੇ 60 ਲੋਕ ਜ਼ਖਮੀ ਹੋ ਗਏ।
ਧਮਾਕੇ ਦੇ ਕਾਰਨਾਂ ਦੀ ਤੁਰੰਤ ਜਾਣਕਾਰੀ ਨਹੀਂ ਮਿਲੀ ਅਤੇ ਨਾ ਹੀ ਕਿਸੇ ਸੰਗਠਨ ਨੇ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਸਰਕਾਰੀ ਜਹਾਜ਼ ’ਚ ਸਵਾਰ ਕਿਸੇ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ ਪਰ ਉੱਥੇ ਮੌਜੂਦਾ ਅਧਿਕਾਰੀਆਂ ਨੇ ਕਿਹਾ ਕਿ ਹਵਾਈ ਅੱਡੇ ’ਤੇ ਉਨ੍ਹਾਂ ਨੇ ਲਾਸ਼ਾਂ ਦੇਖੀਆਂ ਹਨ। ਅਧਿਕਾਰੀਆਂ ਨੇ ਨਾਂ ਜਾਹਰ ਨਾ ਕਰਨ ਦੀ ਸ਼ਰਤ ’ਤੇ ਇਹ ਜਾਣਕਾਰੀ ਦਿੱਤੀ ਕਿਉਂਕਿ ਉਨ੍ਹਾਂ ਨੂੰ ਮੀਡੀਆ ਨਾਲ ਗੱਲਬਾਤ ਕਰਨ ਦਾ ਅਧਿਕਾਰ ਨਹੀਂ ਸੀ।
ਯਮਨ ਦੇ ਸੰਚਾਰ ਮੰਤਰੀ ਨਗੁਇਬ ਅਲ ਅਵਗ ਜੋ ਸਰਕਾਰੀ ਜਹਾਜ਼ ’ਚ ਸਵਾਰ ਸਨ ਨੇ ਏਸੋਸੀਏਟੇਡ ਪ੍ਰੈੱਸ ਨੂੰ ਦਸਿਆ ਕਿ ਉਨ੍ਹਾਂ ਨੇ ਦੋ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ, ਸੰਭਵਤ ਇਹ ਡ੍ਰੋਨ ਹਮਲਾ ਸੀ।
ਯਮਨ ਦੇ ਪ੍ਰਧਾਨ ਮੰਤਰੀ ਮਈਨ ਅਦਬੁੱਲ ਮਲਿਕ ਸਈਦ ਅਤੇ ਹੋਰਾਂ ਨੂੰ ਧਮਾਕੇ ਤੋਂ ਬਾਅਦ ਤੁਰੰਤ ਹਵਾਈ ਅੱਡੇ ਤੋਂ ਸ਼ਹਿਰ ਸਥਿਤ ਮਸ਼ਿਕ ਪੈਲੇਸ ਲਿਜਾਇਆ ਗਿਆ। ਉਨ੍ਹਾਂ ਨੇ ਦਸਿਆ ਕਿ ਜੇਕਰ ਜਹਾਜ਼ ’ਤੇ ਬੰਬਮਾਰੀ ਹੁੰਦੀ ਤਾਂ ਤਬਾਹਕੁੰਨ ਹੋਣੀ ਸੀ। ਉਨ੍ਹਾਂ ਨੇ ਜ਼ੋਰ ਦੇ ਕੇ ਦਸਿਆ ਕਿ ਹਮਲਾ ਜਹਾਜ਼ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਘਟਨਾ ਵਾਲੀ ਥਾਂ ਤੋਂ ਸ਼ੋਸ਼ਲ ਮੀਡੀਆ ’ਤੇ ਸਾਂਝਾ ਕੀਤੀ ਗਈ ਤਸਵੀਰ ’ਚ ਹਵਾਈ ਅੱਡੇ ਦੀ ਇਮਾਰਤ ਦੇ ਨੇੜੇ ਮਲਬਾ ਅਤੇ ਟੁੱਟੇ ਹੋਏ ਸ਼ੀਸ਼ੇ ਪਏ ਦੇਖੇ ਗਏ ਅਤੇ ਘੱਟੋ ਘੱਟ ਦੋ ਲਾਸ਼ਾਂ ਉਥੇ ਪਈਆਂ ਹੋਈਆਂ ਸਨ ਜਿਨ੍ਹਾਂ ਵਿਚੋਂ ਇਕ ਲਾਸ਼ ਸੜੀ ਹੋਈ ਸੀ। ਇਕ ਹੋਰ ਤਸਵੀਰ ’ਚ ਇਕ ਵਿਅਕਤੀ ਦੂਜੇ ਵਿਅਕਤੀ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਦੇ ਕਪੜੇ ਸੜੇ ਹੋਏ ਸਨ। ਵਿਰੋਧੀ ਧਿਰ ਦਖਣੀ ਵੱਖਵਾਦੀਆਂ ਦੇ ਨਾਲ ਸਮਝੌਤੇ ਦੇ ਬਾਅਦ ਕੈਬਨਿਟ ’ਚ ਫੇਰਬਦਲ ਹੋਣ ਅਤੇ ਪਿਛਲੇ ਹਫ਼ਤੇ ਸੰਹੁ ਚੁੱਕਣ ਦੇ ਬਾਅਦ ਪ੍ਰਧਾਨ ਮੰਤਰੀ ਮਈਨ ਅਬਦੁਲ ਮਲਿਕ ਸਈਦ ਦੀ ਅਗਵਾਈ ’ਚ ਮੰਤਰੀ ਅਦਨ ਵਾਪਸ ਪਰਤ ਰਹੇ ਸਨ। (ਪੀਟੀਆਈ)