
70 ਸਾਲਾਂ ਤੋਂ ਰਾਜ ਕਰ ਰਹੀਆਂ ਕਾਂਗਰਸ, ਅਕਾਲੀ ਤੇ ਭਾਜਪਾ ਦਾ ਪਤਨ ਕਰਨ ਲਈ ਲੜਾਂਗੇ ਚੋਣਾਂ, ਕਿਸੇ ਨਾਲ ਨਹੀਂ ਸਮਝੌਤਾ : ਰਾਜੇਵਾਲ
ਕਿਸੇ ਨਾਲ ਨਹੀਂ ਸਮਝੌਤਾ : ਰਾਜੇਵਾਲ
ਖੰਨਾ, ਸਮਰਾਲਾ, 30 ਦਸੰਬਰ (ਧਰਮਿੰਦਰ ਸਿੰਘ, ਜਤਿੰਦਰ ਰਾਜੂ) : ਸੰਯੁਕਤ ਕਿਸਾਨ ਮੋਰਚੇ ਦੀਆਂ 22 ਦੇ ਕਰੀਬ ਜਥੇਬੰਦੀਆਂ ਵਲੋਂ ਸੰਯੁਕਤ ਸਮਾਜ ਮੋਰਚਾ ਬਣਾ ਕੇ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦੇ ਐਲਾਨ ਮਗਰੋਂ ਇਸ ਮੋਰਚੇ ਨੇ ਅਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿਤੀਆਂ ਹਨ | ਦਿੱਲੀ ਕਿਸਾਨ ਅੰਦੋਲਨ ਦੇ ਨਾਇਕ ਕਿਸਾਨ ਆਗੂਆਂ ਦੇ ਸਨਮਾਨ ਜ਼ਰੀਏ ਸੰਯੁਕਤ ਸਮਾਜ ਮੋਰਚੇ ਵਲੋਂ ਵੀਰਵਾਰ ਨੂੰ ਸਮਰਾਲਾ ਦੀ ਦਾਣਾ ਮੰਡੀ ਵਿਖੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ | ਇਸ ਸ਼ਕਤੀ ਪ੍ਰਦਰਸ਼ਨ ਦੌਰਾਨ ਜਿਥੇ ਕਿਸਾਨ ਯੂਨੀਅਨਾਂ ਦੇ ਆਗੂਆਂ ਦਾ ਸਨਮਾਨ ਹੋਇਆ, ਉਥੇ ਹੀ ਸਟੇਜ ਤੋਂ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਤੇ ਹੋਰਨਾਂ ਸਾਥੀਆਂ ਨੇ ਪੰਜਾਬ ਦੇ ਲੋਕਾਂ ਨੂੰ ਤਕੜੇ ਹੋ ਕੇ 2022 ਦੀ ਜੰਗ ਜਿੱਤਣ ਲਈ ਲਲਕਾਰ ਭਰਨ ਨੂੰ ਵੀ ਕਿਹਾ |
ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਜੇਵਾਲ ਨੇ ਕਿਹਾ ਕਿ ਚੰਡੀਗੜ੍ਹ ਅੰਦਰ ਆਮ ਆਦਮੀ ਪਾਰਟੀ ਦੀ ਜਿੱਤ ਕੋਈ ਕੇਜਰੀਵਾਲ ਕਰ ਕੇ ਨਹੀਂ ਹੋਈ ਬਲਕਿ ਇਹ ਕਿਸਾਨ ਅੰਦੋਲਨ ਕਰ ਕੇ ਹੋਈ ਹੈ | ਚੰਡੀਗੜ੍ਹ ਚੋਣਾਂ ਨਤੀਜਿਆਂ 'ਤੇ ਕਿਸਾਨ ਅੰਦੋਲਨ ਦਾ ਬਹੁਤ ਅਸਰ ਹੋਇਆ | ਉਥੋਂ ਦੇ ਲੋਕਾਂ ਨੇ ਸੱਤਾ 'ਚ ਰਹਿਣ ਵਾਲੀ ਭਾਜਪਾ ਨੂੰ ਹਰਾ ਕੇ ਕਾਂਗਰਸ ਤੇ ਅਕਾਲੀ ਦਲ ਨੂੰ ਵੀ ਕਿਨਾਰੇ ਕਰ ਕੇ ਇਹ ਸੁਨੇਹਾ ਮੁੜ ਤੋਂ ਦਿਤਾ ਹੈ ਕਿ ਲੋਕ ਰਵਾਇਤੀ ਪਾਰਟੀਆਂ
ਤੋਂ ਤੰਗ ਆ ਚੁੱਕੇ ਹਨ ਅਤੇ ਬਦਲਾਅ ਚਾਹੁੰਦੇ ਹਨ | ਇਸੇ ਕਰ ਕੇ ਉਹਨਾਂ ਨੇ ਸੰਯੁਕਤ ਸਮਾਜ ਮੋਰਚਾ ਬਣਾ ਕੇ ਸਰਬਸੰਮਤੀ ਨਾਲ ਫੈਸਲਾ ਲਿਆ ਹੈ ਕਿ ਪੰਜਾਬ ਅੰਦਰ 70 ਸਾਲਾਂ ਤੋਂ ਰਾਜ ਕਰ ਰਹੀਆਂ ਕਾਂਗਰਸ, ਅਕਾਲੀ ਦਲ ਤੇ ਭਾਜਪਾ ਸਿਆਸੀ ਪਾਰਟੀਆਂ ਦਾ ਪਤਨ ਕੀਤਾ ਜਾਵੇਗਾ | ਕਿਸਾਨ, ਮਜ਼ਦੂਰ, ਵਪਾਰੀ, ਡਾਕਟਰ, ਇੰਜੀਨੀਅਰ ਆਦਿ ਸਾਰੇ ਇਕੱਠੇ ਹੋ ਕੇ ਸੰਯੁਕਤ ਸਮਾਜ ਮੋਰਚੇ ਦਾ ਹਿੱਸਾ ਬਣਨਗੇ ਅਤੇ ਚੋਣਾਂ ਲੜਨਗੇ |
ਰਾਜੇਵਾਲ ਨੇ ਕਿਹਾ ਕਿ ਉਹ ਕਿਸੇ ਪਾਰਟੀ ਨਾਲ ਸਮਝੌਤਾ ਨਹੀਂ ਕਰਨਗੇ | 117 ਸੀਟਾਂ ਉਪਰ ਸੰਯੁਕਤ ਸਮਾਜ ਮੋਰਚਾ ਚੋਣਾਂ ਲੜੇਗਾ, ਕਿਉਂਕਿ ਦਿੱਲੀ ਵਿਖੇ ਅੰਦੋਲਨ ਦੌਰਾਨ ਉਨ੍ਹਾਂ ਦੇ ਪਹਿਲਾਂ ਹੀ ਦੋ ਮਕਸਦ ਸੀ ਕਿ ਸੱਭ ਤੋਂ ਪਹਿਲਾਂ ਕਾਨੂੰਨ ਰੱਦ ਕਰਾਉਣ ਦੀ ਜੰਗ ਜਿੱਤੀ ਜਾਵੇ | ਇਸ ਉਪਰੰਤ ਪੰਜਾਬ ਨੂੰ ਸਿਆਸੀ ਲੁੱਟ ਤੋਂ ਬਚਾਉਣ ਲਈ ਕਿਸਾਨ ਹੋਰਨਾਂ ਵਰਗਾਂ ਨੂੰ ਨਾਲ ਲੈ ਕੇ ਸੂਬੇ ਦੀ ਸੱਤਾ ਸੰਭਾਲਣ | ਪਹਿਲਾ ਮਕਸਦ ਪੂਰਾ ਹੋ ਗਿਆ ਹੈ | ਹੁਣ ਦੂਜੇ ਲਈ ਜੰਗ ਦਾ ਐਲਾਨ ਕਰ ਦਿਤਾ ਗਿਆ ਹੈ |
ਰਾਜੇਵਾਲ ਬੋਲੇ ਕਿ ਦੇਸ਼ ਦੀ ਆਜਾਦੀ ਵਿਚ ਵੀ ਪੰਜਾਬੀਆਂ ਦਾ ਸੱਭ ਤੋਂ ਵੱਡਾ ਯੋਗਦਾਨ ਰਿਹਾ¢ ਜਦੋਂ ਵੀ ਦੇਸ਼ ਉਪਰ ਸੰਕਟ ਆਇਆ ਤਾਂ ਪੰਜਾਬੀਆਂ ਨੇ ਕੁਰਬਾਨੀਆਂ ਦਿਤੀਆਂ¢ ਪੰਜਾਬੀ ਹੀ ਫਾਂਸੀ ਚੜ੍ਹੇ ਅਤੇ ਕਾਲੇ ਪਾਣੀ ਦੀ ਸਜ਼ਾ ਕੱਟੀ¢ ਪੰਜਾਬੀਆਂ ਦੇ ਖੂਨ 'ਚ ਕੁੱਟ-ਕੁੱਟ ਕੇ ਕੁਰਬਾਨੀ ਭਰੀ ਹੋਈ ਹੈ¢ ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਰਾਬ, ਨਸ਼ਾ, ਪੈਸੇ ਦੀ ਲਾਲਸਾ ਵਿਚ ਵੋਟ ਨਾ ਦਿਉ¢ ਫਿਰਕੂਵਾਦ ਤੋਂ ਬਚ ਕੇ ਰਹੋ | ਜਿਸ ਤਰ੍ਹਾਂ ਕਿਸਾਨੀ ਨੂੰ ਬਚਾਉਣ ਲਈ ਏਕਤਾ ਦਾ ਸਬੂਤ ਦਿਤਾ, ਉਸੇ ਤਰ੍ਹਾਂ ਪੰਜਾਬ ਨੂੰ ਬਚਾਇਆ ਜਾਵੇ |
ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਅਤੇ ਡਾ. ਸਵੈਮਾਨ ਸਿੰਘ ਨੇ ਆਪਣੇ ਪ੍ਰਭਾਵਸ਼ਾਲੀ ਭਾਸ਼ਣ ਦੌਰਾਨ ਲੋਕਾਂ ਦਾ ਦਿਲ ਜਿੱਤਿਆ | ਆਗੂਆਂ ਨੇ ਕਿਹਾ ਕਿ ਇਕੋ ਤਰੀਕੇ ਨਾਲ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ ਜਦੋਂ ਲੰਮੇ ਸਮੇਂ ਤੋਂ ਵਾਰੀ ਸਿਰ ਸੱਤਾ ਚਲਾ ਰਹੇ ਹੁਕਮਰਾਨਾਂ ਨੂੰ ਲਾਂਭੇ ਕੀਤਾ ਜਾਵੇਗਾ |
-ਫੋਟੋ ਕੈਪਸ਼ਨ – ਸਮਰਾਲਾ ਵਿਖੇ ਸਨਮਾਨ ਸਮਾਗਮ ਦੌਰਾਨ ਸਟੇਜ਼ 'ਤੇ ਬੈਠੇ ਬਲਵੀਰ ਸਿੰਘ ਰਾਜੇਵਾਲ ਤੇ ਹੋਰ ਕਿਸਾਨ ਆਗੂ, ਸਮਾਗਮ 'ਚ ਪੁੱਜੇ ਕਿਸਾਨ-ਮਜਦੂਰ